ਇਸ ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਵਕੀਲ ਰੀਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ, “ਅੱਜ ਦੀ ਤਾਰੀਖ ਦੌਰਾਨ ਉਨ੍ਹਾਂ ਵੱਲੋਂ ਅਦਾਲਤ ਵਿੱਚ ਇੱਕ ਅਹਿਮ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ‘ਚ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਨੂੰ ਡਿਸਚਾਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਅਦਾਲਤ ਵਿੱਚ ਵਿਸਥਾਰ ਨਾਲ ਅਰਜ਼ੀ ਦਾਇਰ ਕੀਤੀ ਹੈ। ਜਿਨ੍ਹਾਂ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਠੀਕ ਨਹੀਂ ਬਣਦੇ ਅਤੇ ਇਸ ਲਈ ਅਦਾਲਤ ਨੂੰ ਅੰਮ੍ਰਿਤਪਾਲ ਨੂੰ ਇਨ੍ਹਾਂ ਚਾਰਜਾਂ ਤੋਂ ਬਰੀ ਕਰਨਾ ਚਾਹੀਦਾ ਹੈ।”
ਰੀਤੂ ਰਾਜ ਸਿੰਘ ਸੰਧੂ ਨੇ ਦੱਸਿਆ ਕਿ, “ਅਦਾਲਤ ਵੱਲੋਂ ਹੁਣ ਇਸ ਅਰਜ਼ੀ ‘ਤੇ ਸਟੇਟ ਨੂੰ ਜਵਾਬ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਹੈ। ਸਟੇਟ ਪੱਖ ਵੱਲੋਂ 11 ਮਈ ਨੂੰ ਆਪਣਾ ਜਵਾਬ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਦਾਲਤ ਵੱਲੋਂ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਲਗਾਤਾਰ ਵੀਡੀਓ ਕਾਨਫਰੰਸਿੰਗ ਰਾਹੀਂ ਲਗਾਈ ਜਾ ਰਹੀ ਹੈ। ਵਕੀਲ ਮੁਤਾਬਕ ਉਹ ਇਸ ਸਮੇਂ ਵੀ ਉਸੇ ਸੈੱਲ ਵਿੱਚ ਹਨ, ਜਿੱਥੇ ਪਹਿਲਾਂ ਰੱਖੇ ਗਏ ਸਨ ਅਤੇ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ।”