ਜ਼ਿੰਦਗੀ ਤੋ ਰੁੱਸੇ ਹੋਏ ਲੋਕ !

ਅਕਸਰ ਹੀ ਸਾਨੂੰ ਅਜਿਹੇ ਲੋਕ ਸਾਡੇ ਆਲੇ-ਦੁਆਲੇ, ਘਰ-ਪਰਿਵਾਰ ਵਿੱਚ, ਕੰਮ ਕਰਨ ਵਾਲੀ ਥਾਂ, ਸਕੂਲਾਂ, ਕਲਾਸਾਂ ਵਿੱਚ ਸਹਿਜੇ ਹੀ ਵੇਖਣ ਨੂੰ ਮਿਲ ਜਾਂਦੇ ਨੇ, ਜੋ ਹਮੇਸ਼ਾ ਹੀ ਨਿਰਾਸ਼ਾ ਦਾ ਸ਼ਿਕਾਰ ਰਹਿੰਦੇ ਨੇ।

ਲੇਖਕ: ਬਲਜੀਤ ਕੋਰ ਗਿੱਲ, ਮੈਲਬੌਰਨ ਆਸਟ੍ਰੇਲੀਆ।

ਅਕਸਰ ਹੀ ਸਾਨੂੰ ਅਜਿਹੇ ਲੋਕ ਸਾਡੇ ਆਲੇ-ਦੁਆਲੇ, ਸਾਡੇ ਦੋਸਤਾਂ-ਮਿੱਤਰਾਂ ਵਿੱਚ, ਸਾਡੇ ਘਰ-ਪਰਿਵਾਰ ਵਿੱਚ, ਕੰਮ ਕਰਨ ਵਾਲੀ ਥਾਂ, ਬੱਚਿਆਂ ਦੇ ਸਕੂਲਾਂ, ਕਲਾਸਾਂ ਵਿੱਚ ਸਹਿਜੇ ਹੀ ਵੇਖਣ ਨੂੰ ਮਿਲ ਜਾਂਦੇ ਨੇ, ਜੋ ਹਮੇਸ਼ਾ ਹੀ ਨਿਰਾਸ਼ਾ ਦਾ ਸ਼ਿਕਾਰ ਰਹਿੰਦੇ ਨੇ। ਜੋ ਕਦੇ ਵੀ ਹੱਸ ਕੇ ਨਹੀਂ ਮਿਲਦੇ, ਜੋ ਕਦੇ ਵੀ ਜਿੰਦਾਦਿਲੀ ਵਾਲੀ ਗੱਲ ਨਹੀਂ ਕਰਦੇ, ਜਿਨ੍ਹਾਂ ਨੂੰ ਮਿਲ ਕੇ ਗੱਲ ਕਰਕੇ ਬਹੁਤੀ ਵਾਰ ਇੰਝ ਲੱਗਦਾ ਕਿ ਐਵੇਂ ਵਕਤ ਹੀ ਖਰਾਬ ਕਰ ਲਿਆ। ਕੀ ਲੋੜ ਸੀ ਹਾਲ ਪੁੱਛਣ ਦੀ? ਜਦ ਪਤਾ ਸੀ ਕੋਈ ਚੱਜਦੀ ਗੱਲ ਨਹੀਂ ਸੁਣਨੀ।

ਪਰ ਇਹ ਲੋਕ ਕਦੇ ਵੀ ਦੂਜੇ ਦੇ ਹਾਲਾਤਾਂ ਨੂੰ ਨਹੀਂ ਸਮਝਦੇ। ਬੱਸ ਹਰ ਵੇਲੇ ਆਪਣੇ ਰੰਡੀ-ਰੋਣੇ ਦੀ ਪਟਾਰੀ ਖੋਲ੍ਹ ਕੇ ਬੈਠੇ ਰਹਿੰਦੇ ਨੇ। ਘਰ ਵਿੱਚ ਸਾਰੀਆਂ ਖੁਸ਼ੀਆਂ ਨਿਆਮਤਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਾਣਨਾ ਇੰਨਾਂ ਲੋਕਾਂ ਦੇ ਵੱਸ ਤੋਂ ਬਾਹਰ ਹੁੰਦਾ ਹੈ। ਆਪਣੇ ਘਰ ਦੇ ਕੰਮ, ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੇ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਵੀ ਇਨਾਂ ਨੂੰ ਜੱਗੋਂ ਵੱਖਰਾ ਕਾਰਨਾਮਾ ਲੱਗਦਾ ਹੈ। ਜਦਕਿ ਇੰਨਾਂ ਦੇਸ਼ਾਂ ਵਿੱਚ ਅਸੀਂ ਕਿਸੇ ਦਾ ਕੁੱਝ ਨਹੀਂ ਕਰਦੇ। ਸਾਰੇ ਆਪੋ-ਆਪਣੇ ਕੰਮਾਂ ਕਾਰਾਂ ਦੀ ਭੱਜ ਦੌੜ ਕਰਦੇ ਨੇ। ਬਹੁਤ ਸਾਰੇ ਰਿਸ਼ਤਿਆਂ ਵਿੱਚ ਰਹਿੰਦੇ ਹੋਏ ਵੀ ਅਸੀਂ ਖੁੱਲ੍ਹ ਕੇ ਆਪਣੀ ਨਿਰਾਸ਼ਾ ਕਿਸੇ ਅੱਗੇ ਨਹੀਂ ਰੱਖ ਸਕਦੇ। ਗੱਲ ਉਹਨਾਂ ਲੋਕਾਂ ਦੀ ਹੋ ਰਹੀ ਹੈ ਜੋ ਸਭ ਕੁੱਝ ਕੋਲ ਹੁੰਦੇ ਹੋਏ ਵੀ ਕਿਸੇ ਦੇ ਸਾਹਮਣੇ ਆਪਣੇ-ਆਪ ਨੂੰ ਐਸੀ ਵਿਚਾਰਗੀ ਵਿੱਚ ਵਿਖਾਉਣਗੇ ਕਿ, ਜੋ ਉਹਨਾਂ ਕੋਲ ਹੈ, ਉਸਨੂੰ ਸੰਭਾਲ ਕੇ ਉਹ ਜਿਵੇਂ ਸਾਰੀ ਦੁਨੀਆਂ ਉੱਤੇ ਅਹਿਸਾਨ ਕਰ ਰਹੇ ਹੋਣ। ਜੋ ਆਪਣੇ ਕੋਲ ਵਾਲੇ ਰਿਸ਼ਤਿਆਂ ਤੋ ਕਦੇ ਖੁਸ਼ ਨਹੀ ਹੁੰਦੇ। ਜਿਨ੍ਹਾਂ ਨੂੰ ਦੂਜਿਆਂ ਦੀ ਥਾਲ਼ੀ ਵਿੱਚ ਪਿਆ ਲੱਡੂ ਵੱਡਾ ਲੱਗ ਰਿਹਾ ਹੁੰਦਾ। ਜੋ ਆਪ ਤਾਂ ਭਾਵੇਂ ਕਦੇ ਕਿਸੇ ਦਾ ਦੁੱਖ-ਸੁੱਖ ਵਿੱਚ ਹਾਲ ਵੀ ਨਾ ਪੁੱਛਦੇ ਹੋਣ ਪਰ ਆਪਣੇ ਆਪ ਲਈ ਦੂਜਿਆਂ ਦੇ ਕੋਲੋ ਸਦਾ ਮੌਜੂਦ ਰਹਿਣ ਦੀ ਮੰਗ ਕਰਦੇ ਨੇ। ਇੰਨਾਂ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਇਨਸਾਨ ਹਰ ਵੇਲੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਰਹਿੰਦੇ ਨੇ। ਬਹੁਤੇ ਘਰਾਂ ਵਿੱਚ ਪਰਿਵਾਰਕ ਮੈਂਬਰ ਵੀ ਅਜਿਹੇ ਹੁੰਦੇ ਹਨ, ਜੋ ਬਾਹਰ ਤਾਂ ਖੰਡ ਮਿਸ਼ਰੀ ਵਾਂਗ ਬੋਲਾਂ ਵਿੱਚ ਮਿਠਾਸ ਰੱਖਦੇ ਨੇ ਅਤੇ ਘਰ ਦੇ ਜੀਆਂ ਵਾਸਤੇ ਇੱਕ ਪਿਆਰ ਦਾ ਬੋਲ ਬੋਲਣ ਲੱਗਿਆ ਮੂੰਹ ਨਹੀਂ ਖੁੱਲ੍ਹਦਾ ਅਤੇ ਸ਼ਿਕਵੇ-ਸ਼ਿਕਾਇਤਾਂ ਦੀ ਪਟਾਰੀ ਭਾਵੇ ਸਾਰਾ ਦਿਨ ਖੁੱਲ੍ਹੀ ਰੱਖਦੇ ਹੋਣ। ਇਨ੍ਹਾਂ ਦੇ ਸੁਭਾਅ ਨੂੰ ਕੋਈ ਨਹੀਂ ਬਦਲ ਸਕਦਾ। ਬੱਸ ਸਿਆਣਪ ਇਸ ਵਿੱਚ ਹੁੰਦੀ ਹੈ ਕਿ ਇਹਨਾਂ ਦੀ ਜਿਆਦਾ ਨੇੜਤਾ ਤੋਂ ਬਚਿਆ ਜਾਵੇ।

ਜ਼ਿੰਦਗੀ ਜਿੳਣ ਲਈ ਮਿਲੀ ਹੈ। ਇਸਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਮਾਣਿਆ ਜਾਵੇ ਨਾ ਹਰ ਵੇਲੇ ਰੋ ਕਲਪ ਕੇ ਸਮਾਂ ਕੱਟਿਆ ਜਾਵੇ। ਕਿਉਂਕਿ ਇੱਕ ਦਿਨ ਅਸੀ ਲ਼ੰਘੇ ਸਮੇ ਦੀ ਬਾਤ ਬਣ ਕੇ ਰਹਿ ਜਾਵਾਂਗੇ। ਫੇਰ ਕਿਉਂ ਨਾ ਕੋਸ਼ਿਸ਼ ਕਰੀਏ ਕਿ ਜਦੋਂ ਤਹਾਨੂੰ ਕੋਈ ਮਿਲੇ ਤਾਂ ਉਸਨੂੰ ਚੱਜ ਨਾਲ ਮਿਲਿਆ ਜਾਵੇ। ਤਾਂ ਜੋ ਮਿਲਣ ਵਾਲਾ ਤਹਾਨੂੰ ਫੇਰ ਮਿਲਣ ਦੀ ਤਾਂਘ ਰੱਖੇ, ਨਾ ਕਿ ਤੁਹਾਡੇ ਤੋ ਕੰਨੀ ਕਤਰਾਵੇ ਅਤੇ ਵੇਖ ਕੇ ਅਣਵੇਖਿਆ ਕਰਕੇ ਲ਼ੰਘ ਜਾਵੇ। ਸੋ ਜਿੰਦਗੀ ਨੂੰ ਰੱਜ ਕੇ ਮਾਣਿਆ ਜਾਵੇ ਬਿਨਾਂ ਕਿਸੇ ਨਾਲ ਸ਼ਿਕਵੇ-ਸ਼ਿਕਾਇਤਾਂ ਕੀਤਿਆਂ। ਕਿਉਂਕਿ ਆਪਣੇ ਹਿੱਸੇ ਦੇ ਦੁੱਖ-ਸੁੱਖ ਸਾਰੇ ਹੰਢਾਅ ਰਹੇ ਨੇ। ਆਪਣੇ ਦੁੱਖਾਂ ਦਾ ਬੋਝ ਦੂਜਿਆਂ ਦੇ ਮੋਢਿਆਂ ਉੱਤੇ ਪਾੳਣ ਦੀ ਬਜਾਏ, ਆਪ ਉਹਨਾਂ ਦਾ ਸਾਹਮਣਾ ਕਰਨਾਂ ਸਿੱਖੀਏ। ਹੱਸ ਕੇ ਜਿਉਣਾ ਸ਼ੁਰੂ ਕਰੀਏ ਹਰ ਪਲ, ਕਿਉਂਕਿ ਹਰੇਕ ਦੇ ਹਿੱਸੇ ਨਹੀਂ ਆਉਂਦਾ ਹਰ ਪਲ … ਹਰ ਵਾਰ …।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !