ਝਾਰਖੰਡ: ਜ਼ਮੀਨ ਹੜੱਪਣ ਦੇ ਮਾਮਲੇ ’ਚ ਈ.ਡੀ. ਦੀ ਛਾਪੇਮਾਰੀ; 1 ਕਰੋੜ ਰੁਪਏ ਨਕਦ, 100 ਕਾਰਤੂਸ ਬਰਾਮਦ

ਰਾਂਚੀ – ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਹੋਰਨਾਂ ਖਿਲਾਫ਼ ਜ਼ਮੀਨ ਹੜੱਪਣ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ’ਚ ਈਡੀ ਨੇ ਰਾਂਚੀ ਵਿਚ ਛਾਪੇਮਾਰੀ ਕਰ ਕੇ ਇਕ ਕਰੋੜ ਰੁਪਏ ਨਕਦ ਅਤੇ 100 ਕਾਰਤੂਸ ਬਰਾਮਦ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਕਾਂਕੇ ਰੋਡ ਸਥਿਤ ਇਕ ਕੰਪਲੈਕਸ ਵਿਚ ਛਾਪੇਮਾਰੀ ਕਰ ਕੇ ਸ਼ੁੱਕਰਵਾਰ ਸ਼ਾਮ ਇਹ ਬਰਾਮਦਗੀ ਕੀਤੀ ਗਈ। ਕੰਪਲੈਕਸ ਦੇ ਮਾਲਕ ਦੀ ਪਛਾਣ ਕਮਲੇਸ਼ ਸਿੰਘ ਨਾਂ ਦੇ ਵਿਅਕਤੀ ਦੇ ਰੂਪ ਵਿਚ ਹੋਈ ਹੈ। ਸੂਤਰਾਂ ਮੁਤਾਬਕ ਛਾਪੇਮਾਰੀ ਦੀ ਇਹ ਕਾਰਵਾਈ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਹੇਮੰਤ ਖਿਲਾਫ਼ ਜ਼ਮੀਨ ਹੜੱਪਣ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ ਪਰ ਇਹ ਇਕ ਵੱਖਰੀ ਜ਼ਮੀਨ ਨਾਲ ਸਬੰਧਤ ਮਾਮਲਾ ਹੈ। ਏਜੰਸੀ ਨੇ ਕਾਰਤੂਸ ਬਰਾਮਦ ਕੀਤੇ ਜਾਣ ਦੇ ਸਬੰਧ ਵਿਚ ਹਥਿਆਰਬੰਦ ਐਕਟ ਤਹਿਤ ਪੁਲਿਸ ’ਚ ਮੁਕੱਦਮਾ ਵੀ ਦਰਜ ਕਰਵਾਇਆ ਹੈ। ਮਾਮਲੇ ਦੀ ਜਾਂਚ ਤਹਿਤ ਈਡੀ ਸੋਰੇਨ, ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਅਤੇ ਰਾਂਚੀ ਦੇ ਸਾਬਕਾ ਡਿਪਟੀ ਕਮਿਸ਼ਨਰ ਛਵੀ ਰੰਜਨ, ਭਾਨੂੰ ਪ੍ਰਤਾਪ ਪ੍ਰਸਾਦ ਅਤੇ ਹੋਰਨਾਂ ਸਮੇਤ 25 ਤੋਂ ਵੱਧ ਲੋਕਾਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਏਜੰਸੀ ਹੁਣ ਤੱਕ 4 ਦੋਸ਼ ਪੱਤਰ ਦਾਖ਼ਲ ਕਰ ਚੁੱਕੀ ਹੈ। ਜ਼ਮੀਨ ਹੜੱਪਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਸੋਰੇਨ ਦਾ ਕਹਿਣਾ ਹੈ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਿਆਸੀ ਬਦਲਾਖੋਰੀ ’ਚ ਉਨ੍ਹਾਂ ਖਿਲਾਫ਼ ਇਹ ਮਾਮਲਾ ਦਰਜ ਕਰਵਾਇਆ ਹੈ। ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੁਝ ਹੀ ਮਿੰਟਾਂ ਬਾਅਦ ਈਡੀ ਨੇ 31 ਜਨਵਰੀ ਨੂੰ ਉਨ੍ਹਾਂ ਨੂੰ ਰਾਂਚੀ ਸਥਿਤ ਰਾਜਭਵਨ ਤੋਂ ਗਿ੍ਰਫ਼ਤਾਰ ਕਰ ਲਿਆ ਸੀ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ