ਨਵੀਂ ਦਿੱਲੀ – ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਖੇਡੇ ਗਏ ਟੀ-20 ਵਰਲਡ ਕੱਪ 2026 ਦੌਰਾਨ ਇੱਕ ਮੈਚ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ‘ਮੈਚ ਫਿਕਸਿੰਗ’ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਐਂਟੀ-ਕਰੱਪਸ਼ਨ ਯੂਨਿਟ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਟੂਰਨਾਮੈਂਟ ਦੀ ਟਰਾਫ਼ੀ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੇ ਨਾਮ ਕੀਤੀ ਸੀ, ਪਰ ਇਸ ਜਾਂਚ ਦੇ ਘੇਰੇ ਵਿੱਚ ਆਇਆ ਮੈਚ 17 ਫਰਵਰੀ ਨੂੰ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਨਿਊਜ਼ੀਲੈਂਡ ਅਤੇ ਕੈਨੇਡਾ ਵਿਚਕਾਰ ਖੇਡਿਆ ਗਿਆ ਸੀ।
ਇਹ ਵਿਵਾਦ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਵਲੋਂ 10 ਅਪ੍ਰੈਲ 2026 ਨੂੰ ਪ੍ਰਸਾਰਿਤ ਕੀਤੀ ਗਈ ਇੱਕ 43 ਮਿੰਟ ਦੀ ਡਾਕੂਮੈਂਟਰੀ ‘ਕੁਰੱਪਸ਼ਨ ਕ੍ਰਾਈਮ ਐਂਡ ਕ੍ਰਿਕਟ’ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਕੈਨੇਡੀਅਨ ਕ੍ਰਿਕਟ ਵਿੱਚ ਗਵਰਨੈਂਸ ਅਤੇ ਭ੍ਰਿਸ਼ਟਾਚਾਰ ਦੇ ਕਈ ਖੁਲਾਸੇ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ, ਜਾਂਚ ਦਾ ਮੁੱਖ ਫੋਕਸ ਨਿਊਜ਼ੀਲੈਂਡ ਦੀ ਪਾਰੀ ਦੇ ਪੰਜਵੇਂ ਓਵਰ ‘ਤੇ ਹੈ ਜੋ ਕੈਨੇਡਾ ਦੇ ਕਪਤਾਨ ਦਿਲਪ੍ਰੀਤ ਬਾਜਵਾ ਨੇ ਸੁੱਟਿਆ ਸੀ। ਬਾਜਵਾ ਨੇ ਇਸ ਓਵਰ ਦੀ ਸ਼ੁਰੂਆਤ ਇੱਕ ‘ਨੋ-ਬਾਲ’ ਅਤੇ ‘ਵਾਈਡ-ਬਾਲ’ ਨਾਲ ਕੀਤੀ ਸੀ ਅਤੇ ਕੁੱਲ 15 ਦੌੜਾਂ ਦਿੱਤੀਆਂ ਸਨ। ਨਿਊਜ਼ੀਲੈਂਡ ਨੇ 174 ਦੌੜਾਂ ਦਾ ਟੀਚਾ ਬੜੀ ਆਸਾਨੀ ਨਾਲ 15.1 ਓਵਰਾਂ ਵਿੱਚ ਹਾਸਲ ਕਰ ਲਿਆ ਸੀ।
ਇਸ ਤੋਂ ਇਲਾਵਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਕੈਨੇਡਾ ਦੇ ਸਾਬਕਾ ਕੋਚ ਖੁਰਮ ਚੌਹਾਨ ਨਾਲ ਜੁੜੀ ਇੱਕ ਰਿਕਾਰਡ ਕੀਤੀ ਗਈ ਟੈਲੀਫੋਨ ਕਾਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਚੌਹਾਨ ਦਾ ਇਲਜ਼ਾਮ ਹੈ ਕਿ ਕ੍ਰਿਕਟ ਕੈਨੇਡਾ ਦੇ ਸੀਨੀਅਰ ਬੋਰਡ ਮੈਂਬਰਾਂ ਨੇ ਉਨ੍ਹਾਂ ‘ਤੇ ਟੀਮ ਵਿੱਚ ਕੁੱਝ ਖਾਸ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਦਬਾਅ ਪਾਇਆ ਸੀ ਅਤੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਐਂਟੀ-ਕਰੱਪਸ਼ਨ ਯੂਨਿਟ ਨੇ ਆਪਣੇ ‘ਆਪਰੇਸ਼ਨਲ ਪ੍ਰੋਸੀਜ਼ਰ’ ਦਾ ਹਵਾਲਾ ਦਿੰਦੇ ਹੋਏ ਖਾਸ ਇਲਜ਼ਾਮਾਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਇਹ ਸਪੱਸ਼ਟ ਕੀਤਾ ਹੈ ਕਿ ਉਹ ਪ੍ਰਸਾਰਿਤ ਪ੍ਰੋਗਰਾਮ ਤੋਂ ਜਾਣੂ ਹਨ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਡੂੰਘਾਈ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ।