ਚੰਡੀਗਡ਼੍ਹ – ਸੂਬੇ ਦੇ ਡਰੱਗ ਰੈਕੇਟ ਮਾਮਲੇ ਦੀ ਸੁਣਵਾਈ ਹੋਰ ਬੈਂਚ ਨੂੰ ਰੈਫਰ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਇਸ ਪਟੀਸ਼ਨ ’ਤੇ ਸੁਣਵਾਈ ਸ਼ੁਰੂ ਹੁੰਦੇ ਹੀ ਜਸਟਿਸ ਏ.ਜੀ. ਮਸੀਹ ਤੇ ਜਸਟਿਸ ਆਲੋਕ ਜੈਨ ਦੇ ਬੈਂਚ ਵਿੱਚੋਂ ਜਸਟਿਸ ਜੈਨ ਨੇ ਖ਼ੁਦ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਿਆ। ਉਨ੍ਹਾਂ ਨੇ ਇਸ ਕੇਸ ਨੂੰ ਕਿਸੇ ਹੋਰ ਬੈਂਚ ਨੂੰ ਰੈਫਰ ਕੀਤੇ ਜਾਣ ਲਈ ਇਸ ਨੂੰ ਚੀਫ ਜਸਟਿਸ ਨੂੰ ਭੇਜੇ ਜਾਣ ਦੀ ਅਪੀਲ ਕੀਤੀ। ਇਸ ਮਗਰੋਂ ਇਸ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ।ਹੁਣ ਚੀਫ ਜਸਟਿਸ ਇਸ ਮਾਮਲੇ ਦੀ ਸੁਣਵਾਈ ਕਰਨ ਲਈ ਵਿਸ਼ੇਸ਼ ਬੈਂਚ ਗਠਿਤ ਕੀਤਾ ਜਾਵੇਗਾ ਜੋ ਕਿ ਮਾਮਲੇ ਦੀ ਸੁਣਵਾਈ ਕਰੇਗਾ।
ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ’ਤੇ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਉਹ ਦੱਸੇ ਕਿ ਵਿਦੇਸ਼ਾਂ ਵਿਚ ਬੈਠੇ ਡਰੱਗ ਸਮੱਗਲਰਾਂ ਨੂੰ ਭਾਰਤ ਲਿਆਂਦੇ ਜਾਣ ਲਈ ਹੁਣ ਤਕ ਕੀ ਕਾਰਵਾਈ ਕੀਤੀ ਗਈ ਹੈ? ਹਾਈ ਕੋਰਟ ਨੇ ਕਿਹਾ ਸੀ ਕਿ ਤਿੰਨ ਵਰ੍ਹੇ ਪਹਿਲਾਂ ਇਸ ਬਾਰੇ ਹੁਕਮ ਕੀਤੇ ਗਏ ਸਨ। ਇਸ ’ਤੇ ਕੀ ਕਾਰਵਾਈ ਕੀਤੀ ਗਈ? ਇਸ ਬਾਰੇ ਸਟੇਟਸ ਰਿਪੋਰਟ ਸੌਂਪੀ ਜਾਵੇ। ਇਸ ਦੇ ਨਾਲ ਹੀ ਡਰੱਗ ਰੈਕੇਟ ਵਿਚ ਫਸੇ ਉਦੋਂ ਦੇ ਐੱਸਪੀ ਰਾਜਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਹਾਈ ਕੋਰਟ ਦੇ ਹੁਕਮਾਂ ’ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਜਾਂਚ ਕਰ ਕੇ 2018 ਵਿਚ ਆਪਣੀ ਸੀਲਬੰਦ ਰਿਪੋਰਟ ਹਾਈ ਕੋਰਟ ਵਿਚ ਸੌਂਪੀ ਸੀ। ਉਸ ਰਿਪੋਰਟ ’ਤੇ ਹੁਣ ਤਕ ਸਰਕਾਰ ਨੇ ਕੀ ਕਾਰਵਾਈ ਹੈ? ਇਸ ਬਾਰੇ ਜਾਣਕਾਰੀ ਮੰਗੀ ਸੀ।