ਤਿੰਨ-ਰੋਜ਼ਾ ਬਹੁਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦਾ ਹੋਇਆ ਸ਼ਾਨਦਾਰ ਅਗਾਜ਼

ਖ਼ਾਲਸਾ ਕਾਲਜ ਵਿਖੇ 3 ਰੋਜ਼ਾ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹਾਜ਼ਰ ਸਖ਼ਸੀਅਤਾਂ।

ਅੰਮ੍ਰਿਤਸਰ – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵੱਲੋਂ ‘ਏ.ਆਈ. ਦੇ ਦੌਰ ’ਚ ਖੋਜ ਅਤੇ ਸਿਰਜਨਾਤਮਕਤਾ: ਨਵੇਂ ਸੰਦ, ਤਕਨੀਕਾਂ ਅਤੇ ਖੋਜ ਵਿਧੀਆਂ’ ਵਿਸ਼ੇ ’ਤੇ ਤਿੰਨ ਰੋਜ਼ਾ ਬਹੁਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਪਹਿਲੇ ਦਿਨ ਦਾ ਆਰੰਭ ਉਦਘਾਟਨੀ ਸੈਸ਼ਨ ਨਾਲ ਸ਼ੁਰੂ ਹੋਇਆ। ਸਮਾਗਮ ਦੀ ਸ਼ੁਰੂਆਤ ਕਾਲਜ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸ਼ਬਦ ਗਾਇਨ ਦੁਆਰਾ ਕੀਤੀ ਗਈ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਪੁੱਜੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁਲਾਂ ਦੇ ਗੁਲਦਸਤੇ ਦਿੰਦੇ ਹੋਏ ਸਵਾਗਤ ਕੀਤਾ।

ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਜੋਕਾ ਸਮਾਜ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਤੇਜੀ ਨਾਲ ਬਦਲ ਰਿਹਾ ਹੈ। ਸਾਨੂੰ ਸਮੇਂ ਦੇ ਹਾਣ ਦਾ ਹੋਣ ਲਈ ਏ.ਆਈ ਵਰਗੇ ਸਾਧਨਾਂ ਨੂੰ ਵਰਤੋਂ ’ਚ ਲਿਆਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਆਪਣੀਆਂ ਅਮੀਰ ਪ੍ਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਇਸਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਰਹਿਣ ਲਈ ਵੀ ਪ੍ਰੇਰਿਤ ਕੀਤਾ।

ਇਸ ਤੋਂ ਪਹਿਲਾਂ ਪ੍ਰਿੰ: ਡਾ. ਰੰਧਾਵਾ ਨੇ ਕਾਨਫ਼ਰੰਸ ਨੇ ਕਿਹਾ ਕਿ ਅਜੋਕੇ ਸਮੇਂ ’ਚ ਅਕਾਦਮਿਕ ਪੱਧਰ ’ਤੇ ਖੋਜ ਦੇ ਨਵੇਂ ਸੰਦਾਂ ਦੀ ਵਰਤੋਂ ਅਤੇ ਤਨਨੀਕ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ। ਵਿਗਿਆਨ ਅਤੇ ਸਮਾਜਿਕ ਵਿਗਿਆਨਾਂ ’ਚ ਵਰਤੀਆਂ ਜਾ ਰਹੀਆਂ ਨਵੀਂਆਂ ਤਕਨੀਕਾਂ ਅਤੇ ਵਿਧੀਆਂ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਗਏ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਕਾਨਫ਼ਰੰਸ ਦਾ ਵੱਧ ਤੋਂ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅਪਣੇ ਭਾਸ਼ਣ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ ਕਰਮਜੀਤ ਸਿੰਘ ਨੇ ਕਿਹਾ ਕਿ ਵਿਦਿਅਕ ਅਦਾਰਿਆਂ ’ਚ ਇਸ ਕਿਸਮ ਦੀਆਂ ਕਾਨਫ਼ਰੰਸਾਂ ਦੀ ਮਹੱਤਵਪੂਰਨ ਭੂਮਿਕਾ ਹੈ। ਤਕਨੀਕੀ ਯੁੱਗ ’ਚ ਅਸੀਂ ਤਕਨਾਲੋਜੀ ਦੇ ਪ੍ਰਭਾਵ ਤੋਂ ਮੁਨਕਰ ਨਹੀਂ ਹੋ ਸਕਦੇ। ਖੋਜ-ਕਾਰਜ ਕਰਨ ਵਾਲੇ ਵਿਦਿਆਰਥੀਆਂ ਲਈ ਏਆਈ ਨਾਲ ਜੁੜੀਆਂ ਤਕਨੀਕੀ ਵਿਧੀਆਂ ਦੀ ਵਰਤੋਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਤਕਨੀਕੀ ਸੰਦਾਂ ਦੀ ਵਰਤੋਂ ਦੇ ਨਾਲ-ਨਾਲ ਸਾਨੂੰ ਆਪਣੇ ਨੈਤਿਕ ਮੁੱਲ੍ਹਾਂ ਨੂੰ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ।

ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤਕ ਖੇਤਰ ’ਚ ਏਆਈ ਮਨੁੱਖੀ ਦਿਮਾਗ ਦਾ ਬਦਲ ਨਹੀਂ ਹੈ। ਵਿਕਾਸ ਦਾ ਸਬੰਧ ਤਕਨੀਕ ਨਾਲ ਨਹੀਂ ਬਲਕਿ ਮਨੁੱਖੀ ਦਿਮਾਗ ਨਾਲ ਹੈ। ਮਨੁੱਖੀ ਦਿਮਾਗ ਦੀ ਹੋਂਦ ਨਾਲ ਹੀ ਏਆਈ ਵਰਗੇ ਉਪਕਰਨ ਹੋਂਦ ’ਚ ਆਏ ਹਨ। ਮਨੁੱਖ ਤਕਨਾਲੋਜੀ ਨਾਲੋਂ ਵਧੇਰੇ ਮਹੱਤਵਪੂਰਨ ਹਸਤੀ ਹੈ। ਆਪਣੇ ਆਲੇ-ਦੁਆਲੇ ਪ੍ਰਤੀ ਵਾਪਰ ਰਹੇ ਵਰਤਾਰੇ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਅਸੀਂ ਅਜੋਕੀ ਤਕਨੀਕ ਦੇ ਮਾਰੂ ਪ੍ਰਭਾਵਾਂ ਤੋਂ ਸੁਰੱਖਿਅਤ ਰਹਿ ਸਕਦੇ ਹਾਂ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਪ੍ਰੋਫ਼ੈਸਰ ਸਤਬੀਰ ਸਿੰਘ ਗੋਸਲ ਨੇ ਖੇਤੀਬਾੜੀ ਵਿੱਚ ਵਿੱਚ ਵਰਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਭਰਪੂਰ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ। ਉਹਨਾ ਨੇ ਖੇਤੀਬਾੜੀ ਵਿੱਚ ਵਰਤੀਆਂ ਜਾ ਰਹੀਆਂ ਆਧੁਨਿਕ ਤਕਨੀਕ ਅਤੇ ਸੰਦਾਂ ਨੂੰ ਵਿਹਾਰਕ ਰੂਪ ਵਿੱਚ ਵਰਤਨ ਲਈ ਪ੍ਰੇਰਿਤ ਕੀਤਾ। ਏ.ਆਈ. ਫਿਊਚਰਿਸਟ ਐਂਡ ਔਥਰ ਸ੍ਰੀ ਯੋਗੇਸ਼ ਕੌਛਰ ਨੇ ਨੌਜੁਆਨ ਪੀੜ੍ਹੀ ’ਤੇ ਏਆਈ ਵਰਗੇ ਉਪਕਰਨਾਂ ਦੇ ਮਾਰੂ ਪ੍ਰਭਾਵਾਂ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਫੂਨ ਵਿੱਚ ਚਲਾਉਣ ਵਾਲੇ ਐਪਸ ਦੇ ਗੁਲਾਮ ਬਣ ਚੁਕੇ ਹਾਂ। ਸਮੇਂ ਦੀ ਲੋੜ ਨੂੰ ਸਮਝਦਿਆਂ ਹੋਇਆਂ ਸਾਨੂੰ ਫਜੂਲ ਦੇ ਨਕਾਰਾਤਮਕ ਵਰਤਾਰੇ ਵਿੱਚੋਂ ਬਾਹਰ ਨਿਕਲਣ ਲਈ ਹੱਲ ਪ੍ਰਤੀ ਚੇਤਨ ਹੋਣਾ ਚਾਹੀਦਾ ਹੈ।

ਪ੍ਰਸਿੱਧ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਕਾਨਸੈਪਟ ਨੋਟ ਵਿੱਚ ਮਨੁੱਖ ਅਤੇ ਤਕਨੀਕ ਦੇ ਆਪਸੀ ਅੰਤਰ-ਸੰਬੰਧਾਂ ਬਾਰੇ ਵਿਸਤਰਿਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਨੁੱਖ ਅਤੇ ਤਕਨੀਕ ਦੇ ਆਪਸੀ ਸੰਬੰਧਾਂ ਨੂੰ ਸਮਝੇ ਬਿਨਾ ਏਆਈ ਨੂੰ ਸਮਝਿਆ ਨਹੀਂ ਜਾ ਸਕਦਾ ਹੈ। ਮਨੁੱਖ ਦਾ ਵਿਕਾਸ ਉਸਦੇ ਨੈਤਿਕ ਵਿਕਾਸ ਨਾਲ ਜੁੜਿਆ ਹੋਇਆ ਹੈ। ਆਦਿ ਕਾਲ ਤੋਂ ਹੀ ਮਨੁੱਖ ਕਿਸੇ ਨਾ ਕਿਸੇ ਤਕਨੀਕ ਦੀ ਵਰਤੋਂ ਕਰਦਾ ਆਇਆ ਹੈ। ਤਕਨੀਕ ਤੋਂ ਬਿਨਾ ਮਨੁੱਖ ਜੀਵਤ ਨਹੀਂ ਰਹਿ ਸਕਦਾ। ਮਨੁੱਖਤਾ ਨੇ ਆਪਣੇ ਵਿਕਾਸ ਦੇ ਨਾਲ ਨਾਲ ਤਕਨੀਕੀ ਪੱਖ ਤੋਂ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਏਆਈ ਨੇ ਖੋਜ-ਵਿਧੀ ਦੇ ਢਾਂਚੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਸਿਰਜਣਾਤਮਤਾ ਏਆਈ ਦਾ ਬਦਲ ਨਹੀਂ ਹੈ।

ਇਸ ਸਮੇਂ ਕਾਲਜ ਮੈਗਜ਼ੀਨ ਦਰਬਾਰ ਅਤੇ ਸੰਵਾਦ ਦਾ 23ਵਾਂ ਅੰਕ (ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ) ਰੀਲੀਜ਼ ਕੀਤਾ ਗਿਆ ਅਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਪ੍ਰਧਾਨ ਸ. ਸਵਰਨਜੀਤ ਸਿੰਘ ਸਵੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਮੰਚ ਸੰਚਾਲਨ ਕਾਨਫ਼ਰੰਸ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਬਾਖੂਬੀ ਕੀਤਾ।

ਕਾਨਫ਼ਰੰਸ ਦਾ ਪਹਿਲਾ ਅਕਾਦਮਿਕ ਸੈਸ਼ਨ ਦੁਪਹਿਰ 12 ਵਜੇ ਸ. ਸੁੰਦਰ ਸਿੰਘ ਮਜੀਠੀਆ ਹਾਲ ਵਿੱਚ ‘ਏ.ਆਈ. ਦੇ ਦੌਰ ਵਿਚ ਖੋਜ ਅਤੇ ਸਿਰਜਾਣਾਤਮਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ-ਵਿਧੀਆਂ’ ਵਿਸ਼ੇ ਨਾਲ ਸੰਬੰਧਤ ਵਿਚਾਰ-ਚਰਚਾ ਨਾਲ ਸ਼ੁਰੂ ਹੋਇਆ ਜਿਸਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਕਨਵੀਨਰ ਪ੍ਰੋਫ਼ੈਸਰ ਰਵੇਲ ਸਿੰਘ ਨੇ ਕੀਤੀ। ਮੁੱਖ ਬੁਲਾਰੇ ਵਜੋਂ ਐਮ.ਡੀ.ਡਾਟਾ ਵੀਵ ਟੈਕਨਾਲੋਜੀ, ਮੁੰਬਈ ਦੇ ਸ੍ਰੀ ਵਿਦਾਂਤ ਆਹਲੂਵਾਲੀਆ, ਮੁਖੀ ਏ.ਆਈ. ਐਨਟਾਇਰ ਸਲਿਊਸ਼ਨਜ਼ ਅਜੀਤਪਾਲ ਬਰਾੜ ਅਤੇ ਡਾਇਰੈਕਟਰ ਇੰਟਰਨੈਸ਼ਨਲ ਅਫੇ਼ਅਰਜ਼ ਤੇ ਪ੍ਰੋਫ਼ੈਸਰ ਮੈਨੇਜਮੈਂਟ, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਤ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸ੍ਰੀ ਗਗਨਦੀਪ ਸ਼ਰਮਾ ਨੇ ਮੁੱਖ ਬੁਲਾਰਿਆਂ ਵਜੋਂ ਪੈਨਲ ਚਰਚਾ ਵਿੱਚ ਹਿੱਸਾ ਲਿਆ।

ਮਾਹੌਲ ਨੂੰ ਖੁਸ਼ਨੁਮਾ ਬਣਾਉਣ ਅਤੇ ਵਾਤਾਵਰਨ ਦੀ ਸੁੰਦਰਤਾ ਨੂੰ ਬਰਕਰਾਰ ਰੱਖਦਿਆਂ ਕਾਲਜ ਵਿਚ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਦੁਪਹਿਰ ਤੋਂ ਬਾਅਦ ਕਾਨਫ਼ਰੰਸ ਦਾ ਦੂਜਾ ਅਕਾਦਮਿਕ ਸੈਸ਼ਨ ‘ਸਮਾਜ ਵਿਗਿਆਨ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਤਹਿਤ ਸ਼ੁਰੂ ਹੋਇਆ ਜਿਸਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋ. ਡਾ. ਕੁਲਦੀਪ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡੀਨ ਵਿਦਿਆਰਥੀ ਭਲਾਈ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਨਾਮ ਸਿੰਘ ਦਿਓਲ ਅਤੇ ਚੰਡੀਗੜ੍ਹ ਦੇ ਸੀ.ਆਰ.ਆਰ.ਆਈ.ਡੀ. ਡਾ. ਜਤਿੰਦਰ ਸਿੰਘ ਆਪਣੇ ਵਿਚਾਰ ਪੇਸ਼ ਕੀਤੇ।

ਸਮਾਨਾਂਤਰ ਸੈਸ਼ਨ ਦੇ ਚਲਦਿਆਂ ‘ਭੌਤਿਕ ਵਿਗਿਆਨ ਵਿੱਚ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ ਜਿਸਦੀ ਪ੍ਰਧਾਨਗੀ ਅੰਮ੍ਰਿਤਸਰ ਦੇ ਡਾਇਰੈਕਟਰ  ਐਸ.ਆਈ.ਈ.ਟੀ. ਪ੍ਰੋ. ਆਰ.ਕੇ. ਬੇਦੀ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡਾ. ਅਨੁਪਿੰਦਰ ਸਿੰਘ, ਭਾਭਾ ਐਟੋਮਿਕ ਰਿਸਰਚ ਸੈਂਟਰ, ਮੁੰਬਈ ਦੇ ਸਾਬਕਾ ਵਿਗਿਆਨਕ ਅਧਿਕਾਰੀ, ਡਾ. ਸਰਬਜੀਤ ਸਿੰਘ ਅਤੇ ਹਿੰਦੂ ਕਾਲਜ ਅੰਮ੍ਰਿਤਸਰ ਦੇ ਰਜਿਸਟਰਾਰ ਡਾ. ਵਿਜੇ ਕੁਮਾਰ ਆਪਣੇ ਵਿਚਾਰ ਪੇਸ਼ ਕੀਤੇ।

‘ਮੰਦਰਾਂ ਦੇ ਫੁੱਲਾਂ ਦੇ ਕਚਰੇ ਨੂੰ ਕੀਮਤੀ ਉਤਪਾਦਾਂ ਵਿਚ ਬਦਲਣਾ’ ਵਿਸ਼ੇ ਤਹਿਤ ਕਰਵਾਏ ਗਏ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਰਵਿ਼ਦਰ ਕੁਮਾਰ ਨੇ ਕੀਤੀ ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਵਿਸ਼ਾ ਮਾਹਿਰ ਵਜੋਂ ਐਨ.ਜੀ.ਓ. ਇਕੋ-ਅਵੇਕਨ ਫ਼ਾਊਡੇਸ਼ਨ ਅੰਮ੍ਰਿਤਸਰ ਦੇ ਡਾ. ਰਾਜਨ ਸ਼ਰਮਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਡਾਇਟੀਸ਼ੀਅਨ ਐਂਡ ਨਿਊਟੀਸ਼ੀਨ, ਐਗਰੀਕਲਚਰ ਵਿਭਾਗ ਦੇ ਮਿਸਿਜ਼ ਮਿੰਨੀ ਸ਼ਰਮਾ ਆਪਣੇ ਵਿਚਾਰ ਸਾਂਝੇ ਕੀਤੇ।

ਸਾਹਿਤਕ ਸ਼ਾਮ ਸਮਾਗਮ ਦੇ ਅੰਤਰਗਤ ਕਾਲਜ ਦੇ ਓਪਨ ਏਅਰ ਥਿਏਟਰ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੀ ਯਾਦ ਨੂੰ ਸਮਰਪਿਤ ਮੁਸ਼ਾਇਰਾ ‘ਸ਼ਾਮ-ਏ-ਸੁਖਨ’ ਕਰਵਾਇਆ ਜਿਸਦੀ ਪ੍ਰਧਾਨਗੀ ਸਾਹਿਤਯ ਅਕੈਡਮੀ ਦਿੱਲੀ ਦੇ ਪ੍ਰਧਾਨ ਸ਼੍ਰੀ ਮਾਧਵ ਕੌਸ਼ਕ ਜੀ ਨੇ ਕੀਤੀ। ਇਸ ਸਮਾਗਮ ਵਿੱਚ ਨਾਮਵਰ ਉਰਦੂ ਸ਼ਾਇਰ ਸ੍ਰੀ ਵਸੀਮ ਬਰੇਲਵੀ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਾਮਵਰ ਪੰਜਾਬੀ ਗਾਇਕ ਤੇ ਸ਼ਾਇਰ ਡਾ. ਸਤਿੰਦਰ ਸਰਤਾਜ ਜੀ ਉਚੇਚੇ ਤੌਰ ’ਤੇ ਸ਼ਮਿਲ ਹੋਏ। ਇਸ ਸੈਸ਼ਨ ਦੀ ਪ੍ਰਧਾਨਗੀ ਸਾਹਿਤਯ ਅਕੈਡਮੀ ਦਿੱਲੀ ਦੇ ਪ੍ਰਧਾਨ ਸ਼੍ਰੀ ਮਾਧਵ ਕੌਸ਼ਕ ਜੀ ਕਰਨਗੇ। ਪੰਜਾਬੀ, ਉਰਦੂ ਅਤੇ ਹਿੰਦੀ ਭਾਸ਼ਾ ਦੇ ਨਾਮਵਾਰ ਕਵੀ ਅਤੇ ਕਵਿਤਰੀਆਂ ਵਿੱਚੋਂ ਸੁਖਵਿੰਦਰ ਅੰਮ੍ਰਿਤ, ਖੁਸ਼ਬੀਰ ਸਿੰਘ ਸ਼ਾਦ, ਪ੍ਰੋ. ਰਾਜੇਸ਼ ਮੋਹਨ, ਤਰਲੋਚਨ ਲੋਚੀ, ਮੁਕੇਸ਼ ਆਲਮ, ਜਤਿੰਦਰ ਸ੍ਰੀਵਾਸਤਵ ਅਤੇ ਅਜੀਤ ਪਾਲ ਨੇ ਆਪਣੇ ਕਲਾਮ ਰਾਹੀਂ ਮਹਿਫਲ ਦਾ ਰੰਗ ਬੰਨਿਆ। ਮੰਚ ਸੰਚਾਲਕ ਵਜੋਂ ਸਵਾਮੀ ਅੰਤਰੀਵ ਨੀਰਵ ਆਪਣੀ ਬਿਹਤਰੀਨ ਭੂਮਿਕਾ ਨਿਭਾਈ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜਫ਼ਰ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Related posts

ਪੁਲਿਸ ਐਫਆਈਆਰ ਡਾਊਨਲੋਡ ਦੀ ਫੀਸ ਲੈਣ ਦਾ ਫੈਸਲਾ ਵਾਪਸ ਲਿਆ

ਅਮਰੀਕਨ ਸਿੱਖ ਪੰਜਾਬ ‘ਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਨੌਜਵਾਨਾਂ ਨੂੰ ਲੀਗਲ ਏਡ ਦੇਣਗੇ

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ