ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਢਾਈ ਕੁ ਦਹਾਕੇ ਪਹਿਲਾਂ ਪ੍ਰਚੱਲਿਤ ਹੋਇਆ। ਪਰ ਉਸ ਸਮੇਂ ਕੋਈ ਵਿਰਲਾ-ਟਾਵਾਂ ਹੀ ਇਸ ਦੌੜ ਵਿੱਚ ਸ਼ਾਮਲ ਸੀ। ਕੋਈ-ਕੋਈ ਪਿੰਡ ਹੁੰਦਾ ਸੀ, ਜਿਸ ਵਿੱਚੋਂ ਦੋ-ਚਾਰ ਘਰ ਬਾਹਰ ਜਾ ਕੇ, ਉਥੇ ਹੀ ਆਪਣਾ ਪੱਕਾ ਬਸੇਰਾ ਕਰ ਲੈਂਦੇ ਸਨ। ਬਹੁਤ ਸਮਾਂ ਇਹ ਰੁਝਾਨ ਕੇਵਲ ਵਿਆਹ ਕਰਵਾ ਕੇ ਜਾਂ ਕੰਮ ਕਰਨ ਖਾਤਰ ਜਾਣ ਦਾ ਹੀ ਰਿਹਾ। ਪਰ ਹੁਣ ਡੇਢ ਕੁ ਦਹਾਕੇ ਤੋਂ ਇਹ ਰੁਝਾਨ ਘਟਿਆ ਨਹੀਂ, ਸਗੋਂ ਬੜੀ ਤੇਜ਼ੀ ਨਾਲ ਵਧਿਆ ਹੈ। ਫ਼ਰਕ ਕੇਵਲ ਇਹ ਹੈ ਕਿ ਹੁਣ ਜਾਣ ਦੇ ਤਰੀਕਿਆਂ ਵਿੱਚ ਅੰਤਰ ਆ ਗਿਆ ਹੈ। ਹੁਣ ਪੜ੍ਹਲਿਖ ਕੇ ਤੇ ਸਿਆਣੇ ਹੋ ਕੇ, ਵਿਦੇਸ਼ੀ ਧਰਤੀ ‘ਤੇ ਪੈਰ ਰੱਖਣ ਦੀ ਬਜਾਏ, ਪੜ੍ਹਨ ਲਈ ਜਾਣ ਵਾਲੀ ਭਾਵ ਉਮਰ ਪੱਖਂੋ ਨਿਆਣੀ ਨਹੀਂ ਤਾਂ ਸਿਆਣੀ ਵੀ ਨਾ ਕਹੀ ਜਾ ਸਕਣ ਵਾਲੀ ਪੀੜ੍ਹੀ ਨੇ ਲੈ ਲਈ ਹੈ। ਕਿਹਾ ਜਾ ਸਕਦਾ ਹੈ ਕਿ ਜਿੱਥੇ ਪਹਿਲਾਂ ਆਰਥਿਕ ਮਜ਼ਬੂਰੀਆਂ ਨੇ ਲੋਕਾਂ ਨੂੰ ਵਿਦੇਸ਼ਾਂ ਵੱਲ ਭੱਜਣ ਲਈ ਪ੍ਰੇਰਿਤ ਕੀਤਾ ਸੀ, ਹੁਣ ਇਹ ਦੌੜ ਬਿਹਤਰ ਭਵਿੱਖ ਖਾਤਰ ਲੱਗ ਗਈ ਹੈ।
ਕੱਚੀ ਉਮਰੇ ਆਪਣੀ ਜਨਮਭੂਮੀ ਛੱਡ ਕੇ ਵਿਦੇਸ਼ੀ ਧਰਤੀ ਵੱਲ ਤੁਰ ਜਾਣ ਵਾਲੇ ਬੱਚੇ ਘਰ ਤੋਂ ਦੂਰ ਹੋਣ ਦਾ ਦੁੱਖ ਤੇ ਇਕੱਲਤਾ ਹੰਢਾਉਂਦੇ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਘਰਸ਼ ਕਰਦੇ ਹੋਏ, ਕਦੋਂ ਵਿਦੇਸ਼ੀ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਦਾ। ਤੇ ਫਿਰ ‘ਮੇਰਾ ਭਾਰਤ ਮਹਾਨ’, ‘ਆਈ ਲਵ ਮਾਈ ਇੰਡੀਆ’ ਜਿਹੇ ਸਲੋਗਨਾਂ ‘ਤੇ ਭਾਵੁਕ ਹੋਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਅਕਸਰ ਇਹ ਕਹਿਣ ਲੱਗ ਪੈਂਦੇ ਹਨ ਕਿ ਹੁਣ ਤਾਂ ਮੁੜਨਾ ਮੁਸ਼ਕਲ ਹੈ।
ਇਸ ਪੀੜ੍ਹੀ ਨੂੰ ਵਿਦੇਸ਼ਾਂ ਦਾ ਸਿਸਟਮ, ਕੰਮ ਦਾ ਮਿਲਦਾ ਚੰਗਾ ਵੇਤਨ ਤੇ ਆਲ਼ੇ-ਦੁਆਲ਼ੇ ਦਾ ਸਾਫ਼-ਸੁਥਰਾ ਵਾਤਾਵਰਨ ਆਕਰਸ਼ਿਤ ਕਰਦਾ ਹੈ। ਤੇੇ ਜਦੋਂ ਕੁੱਝ ਕੁ ਸਾਲਾਂ ਬਾਅਦ ਉਹ ਆਪਣੇ ਵਤਨੀਂ ਗੇੜਾ ਮਾਰਦੇ ਹਨ ਤਾਂ ਪਹਿਲੇ ਦੋ ਕੁ ਹਫ਼ਤੇ ਤਾਂ ਬੜੇ ਚਾਅ ਨਾਲ ਘੁੰੰਮਦੇ-ਫਿਰਦੇ ਹਨ ਤੇ ਫਿਰ ਇੱਥੇ ਆਹ ਨਹੀਂ ਠੀਕ, ਔਹ ਨਹੀਂ ਠੀਕ ਦਾ ਰਾਗ ਅਲਾਪਣ ਲੱਗ ਪੈਂਦੇ ਹਨ। ਆਖ਼ਰ ਬੱਚਿਆਂ ਦੇ ਪੱਕਾ ਵਿਦੇਸ਼ ਵੱਸਣ ਦੇ ਫ਼ੈਸਲੇ ਨੂੰ ਮਾਪੇ ਵੀ ਤਰਜੀਹ ਦਿੰਦੇ ਹਨ। ਪਰ ਫਿਰ ਸ਼ੁਰੂ ਹੁੰਦੀ ਹੈ ਅਸਲ ਕਹਾਣੀ। ਹੁਣ ਮਾਪਿਆਂ ਦੀ ਜ਼ਿੰਦਗੀ ਦੋ ਧਿਰਾਂ ਵਿੱਚ ਵੰਡ ਕੇ ਰਹਿ ਜਾਂਦੀ ਹੈ।
‘ਔਲਾਦ ਦਾ ਮੋਹ ਖਿੱਚ ਲੈਂਦਾ ਹੈ ਵਿਦੇਸ਼ੀ ਧਰਤੀ ਵੱਲ,
ਪਰ ਆਪਣੀ ਧਰਤੀ ਦੀ ਮੁਹੱਬਤ ਹੈ ਕਿ ਉੱਥੇ ਟਿਕਣ ਨਹੀਂ ਦਿੰਦੀ।’
ਬੱਚਿਆਂ ਦੇ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਵੱਸ ਜਾਣ ਕਾਰਨ ਮਾਪਿਆਂ ਦਾ ਉਹਨਾਂ ਕੋਲ਼ ਆਪਣੀ ਬਜ਼ੁਰਗ ਉਮਰ ਕੱਟਣ ਤੋਂ ਬਿਨਾਂ ਕੋਈ ਹੱਲ ਨਹੀਂ ਹੁੰਦਾ। ਤੇ ਪਿੱਛੇ ਉਹਨਾਂ ਦੁਆਰਾ ਬਣਾਈਆਂ ਗਈਆਂ ਆਲੀਸ਼ਾਨ ਹਵੇਲੀਆਂ ਵਿੱਚ ਕਬੂਤਰ ਬੋਲਦੇ ਨਜ਼ਰ ਆਉਂਦੇ ਹਨ। ਇਹਨਾਂ ਘਰਾਂ ਵਿੱਚ ਉਹਨਾਂ ਦੁਆਰਾ ਬੜੀ ਹੀ ਸ਼ਿੱਦਤ ਨਾਲ ਲਗਾਏ ਗਏ ਫ਼ਲ਼, ਫ਼ੁੱਲਾਂ ਦੇ ਪੌਦੇ ਵੀ ਆਪਣਿਆਂ ਦੇ ਮੋਹ ਨੂੰ ਤਰਸ ਕੇ ਕੁੱਝ ਸਮੇਂ ਪਿੱਛੋਂ ਮੁਰਝਾਉਣੇ ਜਾਂ ਸੁੱਕਣੇ ਸ਼ੁਰੂ ਹੋ ਜਾਂਦੇ ਹਨ। Eਪਰੀ ਧਰਤੀ ‘ਤੇ ਅਧੇੜ ਉਮਰ ਵਿੱਚ ਗਏ ਮਾਪੇ, ਬੱਚਿਆਂ ਦੇ ਘਰਾਂ ਵਿੱਚ ਬੰਦ ਹੋ ਕੇ ਰਹਿ ਜਾਂਦੇ ਹਨ। ਉਹ ਨਾ ਤਾਂ ਆਪਣੇ ਅਤੀਤ ਨੂੰ ਪੂਰੀ ਤਰ੍ਹਾਂ ਛੱਡ ਪਾਉਂਦੇ ਹਨ ਤੇ ਨਾ ਹੀ ਵਰਤਮਾਨ ਵਿੱਚ ਜੀਅ ਪਾਉਂਦੇ ਹਨ:
ਕੋਹਾਂ ਦੂਰ ਬੈਠਾ ਮੈਂ, ਮਾਤ-ਭੂਮੀ ਨੂੰ ਚਾਹੁੰਦਾ ਹਾਂ,
ਅੱਖਾਂ ਮੂਹਰੇ ਆਵੇ ਹਰਦਮ, ਉਹ ਮੇਰੀ ਪੰਜਾਬੀ ਧਰਤੀ।
ਫਰ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਵਾਲੀ ਗੱਲ ਹੋ ਨਿਬੜਦੀ ਹੈ। ਇੱਕੋ ਛੱਤ ਥੱਲੇ ਰਹਿ ਕੇ ਵੀ ਦੋ ਧਾਰਾਵਾਂ ਬਣ ਜਾਂਦੀਆਂ ਹਨ, ਜਿੱਥੇ ਬੱਚੇ ਆਧੁਨਿਕਤਾ ਦਾ ਪੱਖ ਪੂਰਦੇ ਹੋਏ, ਮਾਪਿਆਂ ਦੇ ਸੱਭਿਆਚਾਰ ਨੂੰ ਨਜ਼ਰ-ਅੰਦਾਜ਼ ਕਰਦੇ ਨਜ਼ਰ ਆਉਂਦੇ ਹਨ ਤੇ ਮਾਪੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਦੁਹਾਈ ਦਿੰਦੇ ਰਹਿੰਦੇ ਹਨ।
ਇਹ ਕਹਾਣੀ ਤਾਂ ਹੁੰਦੀ ਹੈ ਉੱਥੇ ਪਹੁੰਚ ਚੁੱਕੇ ਮਾਪਿਆਂ ਦੀ। ਤੇ ਜਿਹੜੇ ਮਾਪੇ ਆਪਣੀ ਜਨਮ-ਭੋਂਇ ‘ਤੇ ਰਹਿ ਜਾਂਦੇ ਹਨ, ਉਹ ਵੀ ਇਹੋ=ਜਿਹੇ ਸ਼ੰਸ਼ੋਪੰਜ ਵਿੱਚ ਫ਼ਸ ਕੇ ਰਹਿ ਜਾਂਦੇ ਹਨ, ਜਿਥੇ ਉਹਨਾਂ ਨੂੰ ਕੋਈ ਹੱਲ ਨਜ਼ਰੀਂ ਨਹੀਂ ਆਉਂਦਾ। ਕਈ ਵਾਰ ਤਾਂ ਤਰਸਦੀਆਂ ਅੱਖਾਂ ਨਾਲ ਆਪਣੇ ਤੋਂ ਦੂਰ ਬੈਠੇ ਆਪਣੇ ਨਜ਼ਦੀਕੀਆਂ ਨੂੰ ਉਡੀਕਦਿਆਂ ਉਹ ਇਸ ਫ਼ਾਨੀ-ਸੰਸਾਰ ਨੂੰ ਅਲਵਿਦਾ ਆਖ ਦਿੰਦੇ ਹਨ। ਕਾਗਜ਼-ਪੱਤਰ ਪੂਰੇ ਕਰਨ ਦੀ ਦੌੜ ਵਿੱਚ ਫਸਿਆ ਮਨੁੱਖ ਕਈ ਵਾਰ ਆਪਣਿਆਂ ਦੇ ਅੰਤਮ-ਦਰਸ਼ਨ ਕਰਨ ਤੋਂ ਵੀ ਵਾਂਝਾ ਰਹਿ ਜਾਂਦਾ ਹੈ।ਇੱਥੇ ਸੁਰਜੀਤ ਪਾਤਰ ਦੀਆਂ ਸਤਰਾਂ ਬੜੀਆਂ ਢੁੱਕਵੀਆਂ ਹਨ:
ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਟੀ ਲਈ, ਜਦੋਂ ਦੇਸ਼ ਪਰਤਣਗੇ ਆਪਣੇ ਕਦੀ,
ਕੁੱਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਭਾਵ ਦੂਰ ਬੈਠਾ ਮਨੁੱਖ, ਜ਼ਰੂਰੀ ਨਹੀਂ ਕਿ ਹਰ ਦੁੱਖ-ਸੁੱਖ ਵਿੱਚ ਪਹੁੰਚ ਸਕੇ। ਉਸਦੀਆਂ ਮਜ਼ਬੂਰੀਆਂ, ਉਸਨੂੰ ਕਈ ਦੁੱਖ-ਸੁੱਖ ਇੱਕਲਿਆਂ ਭੋਗਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਇੱਕ ਥਾਂ ‘ਤੇ ਰਹਿ ਕੇ ਵੀ ਉਹ ਹਮੇਸ਼ਾਂ ਦੋ ਹਿੱਸਿਆਂ ਵਿੱਚ ਵੰਡਿਆ ਮਹਿਸੂਸ ਕਰਦਾ ਹੈ। ਪਰ ਹੁਣ ਇਸ ਉਲਝੀ ਹੋਈ ਤਾਣੀ ਨੂੰ ਸੁਲਝਾਉਣਾ ਉਸ ਦੇ ਵੱਸੋਂ ਬਾਹਰੀ ਗੱਲ ਜਾਪਦੀ ਹੈ।