ਦਮਾ ਫੇਫੜਿਆਂ ਵਿੱਚ ਖੁਸ਼ਕੀ ਕਾਰਨ ਹੁੰਦਾ ਹੈ, ਜੋ ਸਰੀਰ ਵਿਚੋਂ ਸ਼ੁਕ੍ਰ ਦੇ ਘਾਟੇ ਦਾ ਨਤੀਜਾ ਹੁੰਦਾ ਹੈ। ਇਸ ਨਾਲ ਹਵਾ ਦੀ ਆਮ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਸਾਹ ਸੰਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਪੁਸਤਕ ‘ਸਨਾਤਨ ਕ੍ਰਿਆ: ਦ ਏਜਲੈੱਸ ਡਾਈਮੇਨਸ਼ਨ’ ਵਿੱਚ ਸਰੀਰ ਵਿਚੋਂ ਸ਼ੁਕ੍ਰ ਦੇ ਨੁਕਸਾਨ ਦੇ ਕਾਰਣਾਂ ਦਾ ਵਿਸਥਾਰ ਨਾਲ ਵਰਣਨ ਹੈ ਅਤੇ ਇਸ ਦੇ ਨੁਕਸਾਨ ਨੂੰ ਰੋਕਣ ਤੇ ਇਸ ਦੀ ਉਤਪੱਤੀ ਵਧਾਉਣ ਲਈ ਤਕਨੀਕਾਂ ਦਿੱਤੀਆਂ ਗਈਆਂ ਹਨ। ਇਸ ਲੇਖ ਵਿੱਚ ਅਸੀਂ ਇਸੀ ਪੁਸਤਕ ਵਿੱਚੋਂ ਕੁਝ ਤਕਨੀਕਾਂ ਬਾਰੇ ਗੱਲ ਕਰਾਂਗੇ, ਜੋ ਖਾਸ ਤੌਰ ’ਤੇ ਦਮੇ ਦੀ ਸਮੱਸਿਆ ਨਾਲ ਨਿਪਟਣ ਵਿੱਚ ਸਹਾਇਕ ਹਨ।
ਫੇਫੜਿਆਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ, ਡਾਇਆਫ੍ਰਾਮ (diaphragm) ਦੀ ਹਰਕਤ ਨੂੰ ਵਧਾ ਕੇ ਪੇਟ ਦੇ ਫੈਲਣ ਅਤੇ ਸੁੰਗੜਨ ਦੀ ਪ੍ਰਕਿਰਿਆ ਨੂੰ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਫੇਫੜਿਆਂ ‘ਤੇ ਬੇਲੋੜਾ ਦਬਾਅ ਘਟਦਾ ਹੈ ਅਤੇ ਉਹਨਾਂ ਦੀ ਕੰਮ ਕਰਨ ਦੀ ਸ਼ਕਤੀ ਵਧਦੀ ਹੈ। ਸੁਣਨ ਵਿੱਚ ਸ਼ਾਇਦ ਇਹ ਕੋਈ ਤਕਨੀਕੀ ਗੱਲ ਲੱਗੇ, ਪਰ ਇਹ ਇੰਨੀ ਸਰਲ ਹੈ ਕਿ ਇੱਕ ਨਵਜੰਮਿਆ ਬੱਚਾ ਵੀ ਕੁਦਰਤੀ ਤੌਰ ‘ਤੇ ਇਸੇ ਤਰੀਕੇ ਨਾਲ ਸਾਹ ਲੈਂਦਾ ਹੈ। ਬੱਸ, ਤੁਹਾਨੂੰ ਲੋੜ ਹੈ ਕੁਦਰਤ ਦੇ ਨੇੜੇ ਜਾਣ ਦੀ ਅਤੇ ‘ਸਨਾਤਨ ਕ੍ਰਿਆ’ ਨੂੰ ਅਪਣਾਉਣ ਦੀ।
ਪ੍ਰਾਣਾਯਾਮ
ਅੱਖਾਂ ਬੰਦ ਕਰਕੇ ਪਿੱਠ ਸਿੱਧੀ ਰੱਖਦਿਆਂ ਆਰਾਮ ਨਾਲ ਬੈਠੋ। ਸਾਹ ਅੰਦਰ ਲੈਂਦਿਆਂ ਪੇਟ ਨੂੰ ਫੁਲਾਓ (ਡਾਇਅਫ੍ਰਾਮ ਹੇਠਾਂ ਵੱਲ ਜਾਂਦਾ ਹੈ) ਅਤੇ ਸਾਹ ਬਾਹਰ ਛੱਡਦਿਆਂ ਪੇਟ ਨੂੰ ਅੰਦਰ ਵੱਲ ਸਿਕੋੜੋ (ਡਾਇਅਫ੍ਰਾਮ ਉੱਪਰ ਵੱਲ ਆਉਂਦਾ ਹੈ)। ਆਪਣਾ ਧਿਆਨ ਸਾਹ ’ਤੇ ਕੇਂਦ੍ਰਿਤ ਰੱਖੋ। ਸਾਹ ਛੱਡਦਿਆਂ ਗਲੇ ਦੇ ਅੰਦਰਲੇ ਹਿੱਸੇ ਤੋਂ ਇੱਕ ਹਲਕੀ ਹਿਸਿੰਗ (hissing) ਦੀ ਆਵਾਜ਼ ਪੈਦਾ ਕਰੋ। ਇਹ ਉੱਜਈ ਪ੍ਰਾਣਾਯਾਮ (Ujjai Pranayam) ਹੈ।
ਉੱਜਈ ਵਿੱਚ ਸਾਹ ਲੈਣ ਦਾ ਸਰੀਰ ਨੂੰ ਪਹਿਲਾਂ ਗਰਮ ਕਰਨ ਅਤੇ ਫਿਰ ਠੰਡਾ ਕਰਨ ਦਾ ਦੋਹਰਾ ਪ੍ਰਭਾਵ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ, ਸਾਰੀਆਂ ਅਸ਼ੁੱਧੀਆਂ ਖਤਮ ਹੋ ਜਾਂਦੀਆਂ ਹਨ, ਅਤੇ ਫੇਫੜਿਆਂ ਸਮੇਤ ਸਾਰਾ ਸਰੀਰ ਮੁੜ ਸੁਰਜੀਤ ਹੋ ਜਾਂਦਾ ਹੈ। ਫੇਫੜਿਆਂ ਦੇ ਕੰਮਕਾਜ ਨੂੰ ਸੁਧਾਰਨ ਦੇ ਨਾਲ-ਨਾਲ, ਇਹ ਅਭਿਆਸ ਇੱਕ ਸ਼ੁੱਧੀਕਰਨ ਪ੍ਰਕਿਰਿਆ ਵਜੋਂ ਵੀ ਕੰਮ ਕਰਦਾ ਹੈ।
ਇਹ ਅਭਿਆਸ ਪਿੱਠ ਸਿੱਧੀ ਰੱਖ ਕੇ, ਖਾਲੀ ਪੇਟ ਅਤੇ ਸਾਫ਼ ਵਾਤਾਵਰਨ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।
ਜਲ ਨੇਤੀ ਨਾਲ ਸਫ਼ਾਈ (ਨੱਕ ਦੀ ਸਫ਼ਾਈ)
ਮੌਸਮ ਬਦਲਣ ਸਮੇਂ ਵਾਤਾਵਰਨ ਵਿੱਚ ਐਲਰਜਨ ਵੱਧ ਜਾਂਦੇ ਹਨ, ਜੋ ਅਕਸਰ ਦਮੇ ਵਰਗੀਆਂ ਸਮੱਸਿਆਵਾਂ ਦਾ ਕਾਰਣ ਬਣਦੇ ਹਨ ਅਤੇ ਦਮੇ ਦੇ ਮਰੀਜ਼ਾਂ ਲਈ ਹਾਲਤ ਹੋਰ ਗੰਭੀਰ ਕਰ ਸਕਦੇ ਹਨ। ਐਲਰਜਨਾਂ ਨੂੰ ਸਰੀਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਜਲ ਨੇਤੀ ਇੱਕ ਪ੍ਰਭਾਵਸ਼ਾਲੀ ਤਕਨੀਕ ਹੈ।
ਨੇਤੀ ਪੌਟ ਵਿੱਚ 500 ਮਿਲੀਲੀਟਰ ਸਹਿਣਯੋਗ ਗਰਮ ਪਾਣੀ ਲਓ, ਅੱਧਾ ਚਮਚ ਕਾਲਾ/ਸੈਂਧਾ ਨਮਕ ਅਤੇ ਇਕ ਚੁਟਕੀ ਹਲਦੀ ਮਿਲਾਓ। ਸਿੱਧੇ ਖੜੇ ਹੋ ਕੇ ਥੋੜ੍ਹਾ ਅੱਗੇ ਵੱਲ ਝੁੱਕੋ ਅਤੇ ਸਿਰ ਨੂੰ ਖੱਬੇ ਪਾਸੇ ਲਗਭਗ 45 ਡਿਗਰੀ ਝੁਕਾਓ। ਪੌਟ ਦੀ ਨਲੀ ਸੱਜੀ ਨਾਸ ਵਿੱਚ ਪਾਓ। ਮੂੰਹ ਰਾਹੀਂ ਸਾਹ ਲੈਂਦਿਆਂ ਪੌਟ ਨੂੰ ਝੁਕਾਓ, ਤਾਂ ਜੋ ਪਾਣੀ ਸੱਜੀ ਨਾਸ ਵਿੱਚੋਂ ਦਾਖ਼ਲ ਹੋ ਕੇ ਖੱਬੀ ਨਾਸ ਵਿੱਚੋਂ ਬਾਹਰ ਨਿਕਲ ਆਵੇ। ਫਿਰ ਦੂਜੇ ਪਾਸੇ ਵੀ ਇਹੀ ਪ੍ਰਕਿਰਿਆ ਦੁਹਰਾਓ। ਬਾਅਦ ਵਿੱਚ ਆਮ ਤੌਰ ‘ਤੇ ਸਾਹ ਲਓ। ਨਮਕੀਨ ਪਾਣੀ ਸਭ ਤੋਂ ਵਧੀਆ ਸਫ਼ਾਈ ਮਾਧਿਅਮ ਹੈ, ਜੋ ਨੱਕ ਦੇ ਰਸਤੇ ਵਿੱਚ ਇਕੱਠੇ ਹੋਏ ਸੰਕਰਮਕ ਜੀਵਾਣੂਆਂ ਨੂੰ ਸੋਖ ਕੇ ਬਾਹਰ ਕੱਢ ਦਿੰਦਾ ਹੈ। ਹਲਦੀ ਇੱਕ ਕੀਟਾਣੂਨਾਸ਼ਕ ਅਤੇ ਐਂਟੀਸੈਪਟਿਕ ਹੈ।
ਇਸ ਤੋਂ ਬਾਅਦ ਗਾਂ ਦੇ ਦੁੱਧ ਤੋਂ ਬਣਿਆ ਖ਼ਾਲਿਸ ਘੀ ਹਲਕਾ ਗਰਮ ਕਰਕੇ (ਜਿੰਨਾ ਸਹਿਣਯੋਗ ਹੋਵੇ) ਵਰਤਿਆ ਜਾ ਸਕਦਾ ਹੈ। ਪਿੱਠ ਕੇ ਬਲ ਲੇਟ ਜਾਓ ਅਤੇ ਗਰਦਨ ਨੂੰ ਪਿੱਛੇ ਵੱਲ ਮੋੜ ਕੇ ਸਿਰ ਨੂੰ ਹੇਠਾਂ ਲਟਕਣ ਦਿਓ। ਡਰਾਪਰ ਜਾਂ ਚਮਚ ਦੀ ਵਰਤੋਂ ਕਰਦੇ ਹੋਏ, ਹਰੇਕ ਨਾਸ ਵਿੱਚ ਘਿਓ ਦੀਆਂ ਲਗਭਗ 5 ਬੂੰਦਾਂ ਇਸ ਤਰ੍ਹਾਂ ਪਾਓ ਕਿ ਇਹ ਗਲੇ ਵੱਲ ਨਾ ਜਾਵੇ ਸਗੋਂ ਸਿਰ ਵੱਲ ਪਿੱਛੇ ਨੂੰ ਜਾਵੇ। 5 ਮਿੰਟ ਤੱਕ ਇਸੇ ਸਥਿਤੀ ਵਿੱਚ ਲੇਟੇ ਰਹੋ। ਘਿਓ ਨੱਕ ਦੇ ਰਸਤੇ ਨੂੰ ਲੁਬਰੀਕੇਟ ਕਰਦਾ ਹੈ ਅਤੇ ਇਨਫੈਕਸ਼ਨਾਂ ਦੇ ਵਿਰੁੱਧ ਲੇਸਦਾਰ ਝਿੱਲੀ (mucous membranes) ਨੂੰ ਮਜ਼ਬੂਤ ਕਰਦਾ ਹੈ।
ਅਗਲੇ ਲੇਖ ਵਿੱਚ ਅਸੀਂ ਕੁਝ ਆਸਨ ਅਤੇ ਦਮੇ ਲਈ ਇੱਕ ਆਯੁਰਵੇਦਿਕ ਉਪਚਾਰ ਬਾਰੇ ਵੀ ਜਾਣਕਾਰੀ ਦਿਆਂਗੇ।
ਆਸ਼ਵਿਨੀ ਗੁਰੂਜੀ ਧਿਆਨ ਫਾਊਂਡੇਸ਼ਨ ਦੇ ਮਾਰਗਦਰਸ਼ਕ ਹਨ ਅਤੇ ਵੇਦਿਕ ਵਿਗਿਆਨਾਂ ਦੇ ਪ੍ਰਮਾਣਿਤ ਵਿਦਵਾਨ ਹਨ। ਉਨ੍ਹਾਂ ਦੀ ਕਿਤਾਬ ‘ਸਨਾਤਨ ਕ੍ਰਿਆ – ਦ ਏਜਲੈਸ ਡਾਈਮੇਂਸ਼ਨ’ ਵਿਰਧਾਵਸਥਾ ਵਿਰੋਧੀ ਵਿਗਿਆਨ ‘ਤੇ ਇਕ ਮਾਨਤਾ ਪ੍ਰਾਪਤ ਗ੍ਰੰਥ ਹੈ।
ਹੋਰ ਜਾਣਕਾਰੀ ਲਈ www.dhyanfoundation.com ‘ਤੇ ਜਾਓ ਜਾਂ dhyan@dhyanfoundation.com ‘ਤੇ ਈਮੇਲ ਕਰੋ।