ਦਿੱਲੀ ਆਬਕਾਰੀ ਨੀਤੀ ਮਾਮਲਾ ਸਿਸੋਦੀਆ ਦਾ ਜੁਡੀਸ਼ੀਅਲ ਰਿਮਾਂਡ 18 ਤਕ ਵਧਾਇਆ

ਨਵੀਂ ਦਿੱਲੀ – ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਅੱਜ ਵੀ ਰਾਹਤ ਨਹੀਂ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 18 ਅਪ੍ਰੈਲ ਤੱਕ ਵਧਾ ਦਿਤੀ ਹੈ। ਰਾਊਜ਼ ਐਵੇਨਿਊ ਕੋਰਟ ’ਚ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਅਪ੍ਰੈਲ ਨੂੰ ਹੋਵੇਗੀ।
ਕੋਰਟ ਨੇ ਈਡੀ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਹੁਣ ਤੱਕ ਇਕ-ਇਕ ਮੁਲਜ਼ਮ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਲਈ ਕਿੰਨਾ ਸਮਾਂ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਮਨੀਸ਼ ਸਿਸੋਦੀਆ ਨੇ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ ਸੀ। ਸਿਸੋਦੀਆ ਨੇ ਇਹ ਪੱਤਰ ਅਪਣੇ ਵਿਧਾਨ ਸਭਾ ਹਲਕੇ (ਪਤਪੜਗੰਜ) ਦੇ ਲੋਕਾਂ ਲਈ ਲਿਖਿਆ। ਮਨੀਸ਼ ਸਿਸੋਦੀਆ ਨੇ ਚਿੱਠੀ ’ਚ ਲਿਖਿਆ, ’ਜਲਦੀ ਹੀ ਬਾਹਰ ਮਿਲਦੇ ਹਾਂ। ਮੈਂ ਪਿਛਲੇ ਇਕ ਸਾਲ ਵਿੱਚ ਸਾਰਿਆਂ ਨੂੰ ਯਾਦ ਕੀਤਾ। ਅਸੀਂ ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ। ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਅਤੇ ਸਕੂਲਾਂ ਲਈ ਲੜ ਰਹੇ ਹਾਂ’।
ਇਸ ਪੱਤਰ ’ਚ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ, ‘ਅੰਗਰੇਜ਼ਾਂ ਨੂੰ ਵੀ ਅਪਣੀ ਤਾਕਤ ਦਾ ਬਹੁਤ ਮਾਣ ਸੀ, ਅੰਗਰੇਜ਼ ਵੀ ਲੋਕਾਂ ਨੂੰ ਝੂਠੇ ਦੋਸ਼ ਲਾ ਕੇ ਜੇਲਾਂ ਵਿਚ ਡੱਕਦੇ ਸਨ, ਅੰਗਰੇਜ਼ਾਂ ਨੇ ਗਾਂਧੀ ਅਤੇ ਨੈਲਸਨ ਮੰਡੇਲਾ ਨੂੰ ਵੀ ਕਈ ਸਾਲ ਜੇਲ੍ਹ ਵਿਚ ਰੱਖਿਆ। ਅੰਗਰੇਜ਼ਾਂ ਦੀ ਤਾਨਾਸ਼ਾਹੀ ਤੋਂ ਬਾਅਦ ਵੀ ਆਜ਼ਾਦੀ ਦਾ ਸੁਪਨਾ ਸਾਕਾਰ ਹੋਇਆ’।
ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਦਿੱਲੀ ਸ਼ਰਾਬ ਘੁਟਾਲੇ ਦੇ ਇਲਜ਼ਾਮ ਤਹਿਤ ਪਿਛਲੇ ਇਕ ਸਾਲ ਤੋਂ ਜੇਲ ੍ਹਵਿਚ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਇਸ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਰਿਹਾਈ ਤੋਂ ਬਾਅਦ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਪਰਿਵਾਰਾਂ ਨੂੰ ਮਿਲੇ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ