ਕੋਲਕਾਤਾ – ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਭੂਪਤੀਨਗਰ ’ਚ ਸ਼ਨੀਵਾਰ ਸਵੇਰੇ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ’ਤੇ ਹਮਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਅਧਿਕਾਰੀ ਤਿ੍ਰਣਮੂਲ ਕਾਂਗਰਸ ਦੇ ਇੱਕ ਨੇਤਾ ਦੇ ਘਰ 2022 ਵਿੱਚ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਕਰਨ ਲਈ ਉੱਥੇ ਪਹੁੰਚੇ ਸਨ, ਜਦੋਂ ਗੁੱਸੇ ਵਿੱਚ ਆਈ ਭੀੜ ਨੇ ਉਨ੍ਹਾਂ ਦੀ ਕਾਰ ’ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਾਰ ਦੀ ਵਿੰਡਸਕਰੀਨ ਨੂੰ ਨੁਕਸਾਨ ਪਹੁੰਚਿਆ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਘਟਨਾ ਸਵੇਰੇ 5.30 ਵਜੇ ਦੇ ਕਰੀਬ ਵਾਪਰੀ ਹੈ। ਐਨਆਈਏ ਟੀਮ ਵੱਲੋਂ ਮਾਨਬੇਂਦਰ ਜਾਨਾ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਨਆਈਏ ਅਧਿਕਾਰੀ ਮਾਨਬੇਂਦਰ ਜਾਨਾ ਨੂੰ ਗਿ੍ਰਫ਼ਤਾਰ ਕਰਨ ਲਈ ਮੌਕੇ ’ਤੇ ਪਹੁੰਚ ਗਏ ਸਨ।
ਭੂਪਤੀਨਗਰ ਵਿੱਚ 3 ਦਸੰਬਰ, 2022 ਨੂੰ ਹੋਏ ਇੱਕ ਧਮਾਕੇ ਵਿੱਚ ਇੱਕ ਛੱਤ ਵਾਲਾ ਘਰ ਤਬਾਹ ਹੋ ਗਿਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਮਹੀਨੇ ਐਨਆਈਏ ਨੇ ਧਮਾਕੇ ਦੇ ਸਬੰਧ ਵਿੱਚ ਤਿ੍ਰਣਮੂਲ ਕਾਂਗਰਸ ਦੇ 8 ਨੇਤਾਵਾਂ ਨੂੰ ਪੁੱਛਗਿੱਛ ਲਈ ਤਲ੍ਹਬ ਕੀਤਾ ਸੀ।ਕੇਂਦਰੀ ਜਾਂਚ ਏਜੰਸੀ ਨੇ ਅੱਠਾਂ ਨੂੰ ਆਪਣੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ ਕਿਉਂਕਿ ਉਹ ਪਹਿਲੇ ਸੰਮਨਾਂ ਵਿੱਚ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਸਨ, ਉਨ੍ਹਾਂ ਨੂੰ 28 ਮਾਰਚ ਨੂੰ ਨਿਊ ਟਾਊਨ ਸਥਿਤ ਐਨਆਈਏ ਦਫ਼ਤਰ ਦਾ ਦੌਰਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਐਨਆਈਏ ਦੀ ਟੀਮ ਇਸ ਮਾਮਲੇ ਵਿੱਚ ਮਾਨਬੇਂਦਰ ਜਾਨਾ ਨੂੰ ਗਿ੍ਰਫ਼ਤਾਰ ਕਰਨ ਲਈ ਭੂਪਤੀਨਗਰ ਪਹੁੰਚੀ ਸੀ, ਜਦੋਂ ਭੀੜ ਨੇ ਉਸ ਉੱਤੇ ਹਮਲਾ ਕਰ ਦਿੱਤਾ।