ਕੁਦਰਤੀ ਸਰੋਤਾਂ ਨਾਲ ਲਬਰੇਜ਼ ਪੰਜਾਬ ਦੀ ਧਰਤੀ, ਬਹਾਦੁਰ ਸ਼ੇਰ ਇਸ ਧਰਤੀ ਦੇ ਜਾਏ ਨੇ, ਅੰਮ੍ਰਿਤ ਵਰਗੇ ਪਾਣੀ, ਪਾਕ ਪਾਕੀਜ਼ ਹਵਾ ਅਤੇ ਸਰੂ ਵਰਗੇ ਸੋਹਣੇ ਗੱਬਰੂਆਂ ਦੀ ਧਰਤੀ …ਪਰ ਇਸ ਮਾਣਮੱਤੇ ਪੰਜਾਬ ਨੂੰ ਹੀਣਾ ਬਨਾਉਣ ਲਈ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਯਤਨਸ਼ੀਲ ਰਹੀਆਂ ਹਨ। ਖੇਤੀਬਾੜੀ ਸਾਡੀ ਵਿਰਾਸਤ ਹੈ, ਜੋ ਕਿ ਵਿਗਿਆਨ ਅਤੇ ਕਲਾ ਦਾ ਸੁਮੇਲ ਹੈ। ਇਸ ਕਿੱਤੇ ਵਿੱਚ ਕਿਸਾਨ ਤੋਂ ਵੱਧ ਕੋਈ ਵੀ ਨਹੀ ਹੋ ਸਕਦਾ। ਸਦੀਆਂ ਤੋਂ ਕਿਸਾਨਾਂ ਨੇ ਇਸ ਕਿੱਤੇ ਰਾਹੀਂ ਆਪਣਾ ਹੀ ਨਹੀਂ ਬਲਕਿ ਦੇਸ਼ ਦੁਨੀਆਂ ਨੂੰ ਰਿਜ਼ਕ ਮੁੱਹਈਆ ਕਰਵਾਇਆ ਹੈ। ਪਰ ਸਮਾਂ ਤੇ ਸਰਕਾਰਾਂ ਹਮੇਸ਼ਾ ਕਿਸਾਨੀ ਨਾਲ ਮਤਰੇਈ ਮਾਂ ਵਾਲਾ ਵਿਹਾਰ ਹੀ ਕਰਦੇ ਰਹੇ। ਕਦੇ ਕੁਦਰਤੀ ਤੌਰ ਤੇ ਪੈਂਦੀਆਂ ਮਾਰਾ ਕਿਸਾਨਾਂ ਦਾ ਲੱਕ ਤੋੜ ਦਿੰਦੀਆਂ ਕੇ ਕਦੇ ਸਰਕਾਰਾਂ ਦੁਆਰਾ ਕਾਨੂੰਨਾ ਵਿੱਚ ਕੀਤੀਆਂ ਤਬਦੀਲੀਆਂ, ਵੱਧਦੀ ਮਹਿੰਗਾਈ ਕਿਸਾਨਾਂ ਨੂੰ ਜਿਊਦੇ ਜੀਅ ਮਾਰ ਜਾਂਦੇ। ਵਰਤਮਾਨ ਸਮੇਂ ਵਿੱਚ ਵੀ ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੇਸ਼ ਕੀਤੇ ਤਿੰਨ ਖੇਤੀ ਕਾਨੂੰਨ ਕਿਸੇ ਵੱਡੀ ਮਾਰ ਤੋਂ ਘੱਟ ਨਹੀਂ ਸਨ। ਜਿੱਥੇ ਇਹ ਤਿੰਨ ਕਾਨੂੰਨ ਕਿਸਾਨੀ ਤੇ ਕਿਸਾਨਾਂ ਲਈ ਘਾਤਕ ਸਨ ਉੱਥੇ ਪੰਜਾਬੀਆਂ ਦੀ ਅਣਖ ਦਾ ਸਵਾਲ ਵੀ ਬਣ ਚੁੱਕੇ ਸਨ। ਲੰਬੇ ਸਮੇਂ ਤੋਂ ਪੰਜਾਬ ਅਤੇ ਹੋਰ ਪ੍ਰਦੇਸ਼ਾਂ ਦੇ ਕਿਸਾਨ ਭਰਾ ਮਿਲ ਕੇ ਕਿਸਾਨੀ ਦੀ ਵਿਰਾਸਤ ਨੂੰ ਬਚਾਉਣ ਲਈ ਹੱਡ ਚੀਰਵੀਂ ਠੰਡ, ਮੀਂਹ ਹਨੇਰੀਆਂ, ਝੱਖੜਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਦੀਆਂ ਸੜਕਾਂ ਤੇ ਡਟਿਆ ਰਿਹਾਂ। ਸਰਕਾਰਾਂ ਦੁਆਰਾ ਇਸ ਅੰਦੋਲਨ ਦਾ ਖੁਰਾ ਖੋਜ ਮਿਟਾਉਣ ਲਈ ਹਰ ਹੱਥਕੰਡਾ ਅਪਣਾਇਆ ਗਿਆ। ਪੰਜਾਬੀਆਂ ਦੇ ਜੋਸ਼ ਦੇ ਵੇਗ ਨੂੰ ਠੱਲ੍ਹ ਪਾਉਣ ਲਈ ਫਾਸੀਵਾਦ ਤਾਕਤਾਂ ਨੇ ਇਸ ਅੰਦੋਲਨ ਨੂੰ ਧਾਰਮਿਕ ਅਤੇ ਫਿਰਕਾਪ੍ਰਸਤੀ ਰੰਗਤ ਦੇਣ ਦੀ ਹਰ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀਆਂ ਕਿਸਾਨਾਂ ਦੀ ਕੌਮੀ ਏਕਤਾ ਨੇ ਸਰਕਾਰਾਂ ਦੀ ਹਰ ਕੋਝੀ ਸਾਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਆਪਣੇ ਹੱਕਾਂ ਲਈ ਅੜੇ ਰਹੇ। ਬਹੁਤ ਤਰ੍ਹਾਂ ਦੇ ਪ੍ਰਸਤਾਵ ਕਿਸਾਨਾਂ ਅੱਗੇ ਰੱਖੇ ਗਏ, ਪਰ ਕਿਸਾਨ ਸਿਰਫ਼ ਆਪਣੀ ਮੰਗ ਉੱਪਰ ਅੜੇ ਰਹੇ ਅਤੇ ਆਖਰ ਉਹ ਦਿਨ ਆਇਆ ਜਿਸ ਦਿਨ ਸਮੇਂ ਦੀ ਸਰਕਾਰ ਨੂੰ ਕਿਸਾਨਾਂ ਅੱਗੇ ਗੋਡੇ ਟੇਕਣੇ ਪਏ, ਉਹ ਦਿਨ ਆਇਆ ਜਿਸ ਦਿਨ ਇੱਕ ਵਾਰ ਫਿਰ
ਨਿਸ਼ਚੈ ਕਰਿ ਅਪੁਨੀ ਜੀਤ ਕਰੋ।।
“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨੁਣ ਹੋਆ।। “
ਦਾ ਮਹਾਵਾਕ ਸੱਚ ਹੋਇਆ। ਆਖਿਰ ਸਾਡੀ ਜਿੱਤ ਹੋਈ ਹੈ..ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇਕ ਵਾਰ ਫਿਰ ਜ਼ਬਰ ਦੀ ਧੁੰਦ ਛਟੀ ਹੈ।
ਇਸ ਜਿੱਤ ਨੇ ਇਹ ਸਿੱਧ ਕੀਤਾ ਹੈ ਕਿ ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀਂ। ਸੱਤਾ ਕਿਸੇ ਵੀ ਬਹੁਮਤ ਦੇ ਜ਼ੋਰ ਤੇ ਜੋਰ ਜ਼ਬਰਦਸਤੀ ਨਾਲ ਲੋਕਸਭਾ ਜਾਂ ਰਾਜਸਭਾ ਵਿਚ ਕਨੂੰਨ ਤਾਂ ਪਾਸ ਕਰਵਾ ਸਕਦੀ ਹੈ, ਪਰ ਲੋਕ ਇੱਛਾ ਦੇ ਵਿਰੁੱਧ ਕੋਈ ਕਨੂੰਨ ਲਾਗੂ ਨਹੀਂ ਕਰਵਾ ਸਕਦੀ। ਕਿਸਾਨ ਅੰਦੋਲਨ ਲੋਕਾਂ ਲਈ 21ਵੀਂ ਸਦੀ ਦਾ ਸਭ ਤੋਂ ਵੱਡਾ ਚਾਨਣ ਮੁਨਾਰਾ ਹੋਵੇਗਾ। ਇਹ ਇਸ ਗੱਲ ਦਾ ਗਵਾਹ ਬਣੇਗਾ ਕਿ ਸੱਤਾ ਦਾ ਜਬਰ ਕਿੰਨਾ ਵੀ ਵੱਡਾ ਹੋਵੇ, ਜੇਕਰ ਲੋਕ ਸੁਚੇਤ ਹੋ ਕੇ ਆਪਣੇ ਨੇਤਾਵਾਂ ਤੇ ਯਕੀਨ ਕਰਦੇ ਹੋਏ ਇਕਜੁਟਤਾ ਨਾਲ ਸੰਘਰਸ਼ ਕਰਦੇ ਹਨ, ਤਾਂ ਜਿੱਤ ਯਕੀਨੀ ਹੈ।
ਪਰ ਇਹ ਵੀ ਨਹੀਂ ਭੁੱਲਿਆ ਜਾਣਾ ਚਾਹੀਦਾ ਕਿ ਇਹ ਸਭ ਕੁਝ ਵੋਟਾਂ ਦੇ ਦਬਾਅ ਕਾਰਨ ਹੋਇਆ ਹੈ ਅਤੇ ਸੱਤਾ ਦਾ ਚਰਿੱਤਰ ਕਦੇ ਵੀ ਰਾਤੋ ਰਾਤ ਨਹੀਂ ਬਦਲਦਾ ਹੁੰਦਾ। ਸੱਤ ਸੌ ਕਿਸਾਨਾਂ ਦੀ ਕੁਰਬਾਨੀ ਸਤਾ ਦੇ ਜ਼ਬਰ ਦਾ ਪ੍ਰਮਾਣ ਰਹੇਗੀ।ਲੋਕਾਂ ਦੀ ਇਹ ਪਹਿਲੀ ਵੱਡੀ ਸਫਲਤਾ ਹੈ।ਇਹ ਜਿੱਤ ਕੋਈ ਛੋਟੀ ਜਿੱਤ ਨਹੀਂ ਬਲਕਿ ਇੱਕ ਇਤਹਾਸਿਕ ਜਿੱਤ ਹੈ। ਇਸ ਜਿੱਤ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਭਾਵੇਂ ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ ਹਨ, ਪਰ ਅਸੀਂ ਆਪਣੇ ਪੁਰਖਿਆਂ ਵਾਂਗ ਹਰ ਵਾਰ ਜਿੱਤ ਦੇ ਝੰਡੇ ਗੱਢਦੇ ਰਹਾਂਗੇ ਅਤੇ ਫਤਿਹ ਦੇ ਕੇਸਰੀ ਨਿਸ਼ਾਨ ਲਹਿਰਾਉਂਦੇ ਹੋਏ ਆਪਣੇ ਪਿੰਡਾਂ ਦੀਆਂ ਜੂਹਾਂ ਨੂੰ ਪ੍ਰਣਾਮ ਕਰਾਂਗੇ।
ਅੱਜ ਪੰਜਾਬ ਦੀ ਧਰਤੀ ਮਾਂ ਫਿਰ ਸਰਦਾਰਨੀਆਂ ਵਾਂਗ ਮਾਣ ਨਾਲ ਕਹਿੰਦੀ ਹੋਵੇਗੀ, ਕਿ “ਮੈਨੂੰ ਮਾਣ ਹੈ ਇਹ ਮਿੱਟੀ ਦੇ ਜਾਇਆ ਤੇ ਜਿੰਨਾ ਹਰ ਵਾਰ ਮੇਰੀ ਅਣਖ ਤੇ ਆਬਰੂ ਬਚਾਈ ਹੈ। “ਇਹ ਸੱਚਮੁੱਚ ਇੱਕ ਅਜਿਹਾ ਇਤਹਾਸਿਕ ਵਾਕਿਆ ਹੈ ਜਿਸ ਨੇ ਬਹੁਤ ਸਾਰੇ ਸਬਕ ਸਾਡੀ ਝੋਲੀ ਪਾਏ ਹਨ, ਇਸ ਜਿੱਤ ਨੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਜੇਕਰ ਲੋਕਾਂ ਵਿੱਚ ਏਕਤਾ ਹੋਵੇ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ ਮੂੰਹ ਮੋੜੇ ਜਾ ਸਕਦੇ ਹਨ। ਜੇਕਰ ਲੋਕ ਚਾਹੁੰਣ ਤਾਂ ਸਰਕਾਰਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਵਾ ਸਕਦੇ ਹਨ, ਪਰ ਯਾਦ ਰਹੇ ਸਿਰਫ਼ ਏਕਤਾ, ਜ਼ਿੰਦਾਦਿਲੀ , ਸਾਹਸ, ਅਣਖ, ਜੁਅਰਤ ਹੀ ਅਜਿਹੇ ਹਥਿਆਰ ਹਨ ਜੋ ਹਰ ਮਸਲੇ ਦਾ ਹੱਲ ਕੱਢਣ ਲਈ ਲੋੜੀਂਦੇ ਹਨ।
ਭਾਵੇਂ ਇਹ ਬਹੁਤ ਵੱਡੀ ਰਾਹਤ ਹੈ ਪਰ ਅਜੇ ਯੁੱਧ ਮੁੱਕਿਆ ਨਹੀਂ..ਕਿਸੇ ਵੀ ਰੂਪ ਵਿਚ ਦਬਾਅ ਬਣਾ ਕੇ ਰੱਖਿਆ ਜਾਣਾ ਜ਼ਰੂਰੀ ਹੈ। ਅਜੇ ਪ੍ਰਕ੍ਰਿਆ ਸ਼ੁਰੂ ਹੋਣੀ ਹੈ..ਐਮ ਐਸ ਪੀ ਅਤੇ ਹੋਰ ਮੁੱਦਿਆਂ ਤੇ ਜਿੱਤ ਬਾਕੀ ਹੈ।ਕਿਰਤ ਕਨੂੰਨਾਂ ਦੇ ਖਿਲਾਫ ਲੜਿਆ ਜਾਣਾ ਬਾਕੀ ਹੈ..ਪਰਮਾਤਮਾ ਭਲੀ ਕਰੇ ਅਤੇ ਆਪਣੀ ਇਸ ਕੌਮ ਦੀ ਹਰ ਮੈਦਾਨ ਫਤਿਹ ਕਰਵਾਉਣ। ਹੌਸਲੇ ਬੁਲੰਦ ਰਹਿਣ ਤਾਂ ਜਿੱਤ ਹਮੇਸ਼ਾ ਹੁੰਦੀ ਹੈ।