ਸ਼ਾਮਾਂ ਨੂੰ ਮੇਰੇ ਨਾਲ ਦੀ ਸਹਿਕਰਮੀ ਦਾ ਫੋਨ ਆਇਆ ਤੇ ਉਸਨੇ ਫੋਨ ਤੇ ਬਿਰਤਾਂਤ ਦੱਸਿਆ, “ਸਰ, ਮੈਨੂੰ ਇੱਕ ਫੋਨ ਆਇਆ ਹੈ ਤੇ ਉਧਰੋਂ ਇੱਕ ਨੌਜਵਾਨ ਕੁੜੀ ਬੋਲ ਰਹੀ ਸੀ ਕਿ ਉਸਦੀ ਇੱਕ ਸਹੇਲੀ ਨੇ ਇੱਕ ਬੱਚਾ ਗੋਦ ਦੇਣ ਵਾਸਤੇ ਆਪਣੀ ਕਮੇਟੀ ਹਵਾਲੇ ਕਰਨੈ। ਪਰ ਅਗਲੀ ਗੱਲ ਬੜੀ ਅਚੰਭੇ ਵਾਲੀ ਸੀ ਕਿ ਬੱਚੇ ਦੀ ਹਾਲੇ ਪੈਦਾਇਸ਼ ਨਹੀਂ ਹੋਈ। ਦੋ ਮਹੀਨੇ ਤੱਕ ਬੱਚਾ ਜਨਮ ਲਵੇਗਾ। ਇਸ ਸਬੰਧੀ ਉਸਨੂੰ ਕਾਗਜ਼ੀ ਅਤੇ ਕਾਨੂੰਨੀ ਕਾਰਵਾਈ ਦਾ ਵੇਰਵਾ ਚਾਹੀਦਾ ਸੀ। ਮੈਂ ਆਪਣੇ ਸਾਥੀ ਦਾ ਫੋਨ ਸੁਣ ਕੇ ਝੱਟ ਮਾਜਰਾ ਸਮਝ ਗਿਆ ਅਤੇ ਉਸ ਨੂੰ ਦੱਸਿਆ ਕਿ ਇਹ ਮਸਲਾ ਫੋਨ ਕਰਨ ਵਾਲੀ ਬੀਬੀ ਦਾ ਆਪਣਾ ਹੀ ਹੈ। ਸਹੇਲੀ ਦਾ ਤਾਂ ਉਸਨੇ ਬਹਾਨਾ ਬਣਾਇਐ। ਸਹਿਕਰਮੀ ਬੀਬੀ ਨੇ ਸਵਾਲ ਕੀਤਾ ਕਿ ਸਰ, ਤੁਹਾਨੂੰ ਕਿਵੇਂ ਪਤਾ ਲੱਗਿਆ? ਤੁਸੀਂ ਕਿਹੜਾ ਉਸ ਨੂੰ ਮਿਲੇ ਹੋ? ਮੈਂ ਉਸਦੀ ਤਸੱਲੀ ਲਈ ਆਖਿਆ ਕਿ ਤਜ਼ਰਬਾ ਵੀ ਕੋਈ ਚੀਜ਼ ਹੁੰਦੀ ਹੈ। ਇਸ ਕੁੜੀ ਨੂੰ ਦਫਤਰ ਬੁਲਾਓ। ਆਪਾਂ ਸਾਹਮਣੇ ਬਹਿ ਕੇ ਉਸਦੇ ਮੂੰਹੋਂ ਹੀ ਕਹਾਣੀ ਸੁਣਾਂਗੇ।
ਮਿੱਥੇ ਸਮੇਂ ‘ਤੇ ਕੁੜੀ ਚੁੰਨੀ ਨਾਲ ਮੂੰਹ ਢੱਕ ਕੇ ਸਾਡੇ ਦਫਤਰ ਆ ਪੇਸ਼ ਹੋਈ। ਥੋੜੀ ਘਬਰਾਈ ਹੋਈ ਦੱਸਣ ਲੱਗੀ ਤਾਂ ਮੇਰੀ ਹਾਜ਼ਰੀ ਕਰਕੇ ਝਿਜਕ ਗਈ। ਮੇਰੇ ਵੱਲੋਂ ਉਸ ਨੂੰ ਧਰਵਾਸ ਦੇਣ ‘ਤੇ ਕਿ ਜੇ ਸਹੀ ਗੱਲ ਦੱਸੇਂਗੀ ਤਾਂ ਹੋ ਸਕਦੈ ਕਿ ਤੇਰਾ ਮਸਲਾ ਕਿਸੇ ਤਣ ਪੱਤਣ ਲਾ ਸਕੀਏ। ਸਹਾਰੇ ਭਰੇ ਬੋਲ ਮਿਲਣ ਤੇ ਉਹ ਨਾਰਮਲ ਹੋ ਗਈ ਸੀ। ਕੁਝ ਕੁ ਆਪਣੀ ਗੋਲਮੋਲ ਕਹਾਣੀ ਦੱਸ ਕੇ ਤੇ ਦੁਬਾਰਾ ਆਉਣ ਦਾ ਵਾਅਦਾ ਕਰਕੇ ਚਲੀ ਗਈ। ਉਹ ਅਜੇ ਵੀ ਖੁੱਲ ਕੇ ਸੱਚ ਦੱਸਣਾ ਨਹੀਂ ਚਾਹੁੰਦੀ ਸੀ। ਭਾਵੇਂ ਕਿ ਉਸ ਨੂੰ ਸੁਣਨ ਤੋਂ ਪਹਿਲਾਂ ਮੈਂ ਸਮਾਜ ਵਿੱਚ ਉਸ ਵਰਗੀਆਂ ਵਾਪਰ ਰਹੀਆਂ ਘਟਨਾਵਾਂ ਦੇ ਹਵਾਲੇ ਦੇ ਕੇ ਉਸ ਨੂੰ ਸਹਿਜ ਤਾਂ ਕਰ ਲਿਆ ਸੀ। ਪਰ ਫਿਰ ਵੀ ਅਜੇ ਉਸ ਦਾ ਵਿਸ਼ਵਾਸ ਜਿੱਤਣ ਲਈ ਸਮਾਂ ਹੋਰ ਮੰਗ ਕਰਦਾ ਸੀ। ਖੈਰ, ਉਹ ਜਾਂਦੇ ਜਾਂਦੇ ਦਫਤਰ ਵਿੱਚ ਨਸ਼ਰ ਕੀਤਾ ਮੇਰਾ ਫੋਨ ਨੰਬਰ ਨੋਟ ਕਰਕੇ ਲੈ ਗਈ ਸੀ। ਮੈਂ ਨਾਲ ਦੇ ਸਾਥੀਆਂ ਨੂੰ ਦੱਸਿਆ ਕਿ ਇਸ ਨੇ ਗਲਤੀ ਵੱਡੀ ਕਰ ਲਈ ਹੈ, ਪਰ ਬਦਨਾਮੀ ਦੇ ਡਰੋਂ ਸ਼ਰਮ ਕਰਕੇ ਸਭ ਦੇ ਸਾਹਮਣੇ ਦੱਸਣ ਤੋਂ ਝੱਕਦੀ ਹੈ। ਇਹ ਆਪਣੇ ‘ਚੋਂ ਕਿਸੇ ਨਾਲ ਫੋਨ ਤੇ ਜਰੂਰ ਰਾਬਤਾ ਕਰੇਗੀ। ਉਹੀ ਹੋਇਆ ਦੋ ਕੁ ਦਿਨਾਂ ਬਾਅਦ ਉਸ ਦਾ ਮੈਨੂੰ ਫੋਨ ਆ ਗਿਆ।
ਹੈਲੋ ਕਹਿਣ ‘ਤੇ ਉਸਨੇ ਆਪਣਾ ਨਾਮ ਦੱਸ ਕੇ ਤੇ ਹਵਾਲਾ ਦੇ ਕੇ ਡੁਸਕਦੀ ਹੋਈ ਨੇ ਆਪਣੀ ਗੱਲ ਸ਼ੁਰੂ ਕੀਤੀ, “ਸਰ, ਮੈਨੂੰ ਲੱਗਦੈ ਕਿ ਤੁਸੀਂ ਮੈਨੂੰ ਇਸ ਮੁਸੀਬਤ ਵਿੱਚੋਂ ਕੱਢ ਸਕਦੇ ਹੋ। ਮੈਥੋਂ ਬਹੁਤ ਵੱਡਾ ਗੁਨਾਹ ਹੋ ਗਿਆ ਹੈ। ਮੈਂ ਬੜੀ ਪਰੇਸ਼ਾਨ ਹਾਂ। ਹੋ ਸਕਦੈ, ਮੈਂ ਖੁਦਕੁਸ਼ੀ ਕਰ ਲਵਾਂ। ਮੈਂ ਉਸਨੂੰ ਸਾਕਾਰਾਤਮਕ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਅਨਮੋਲ ਦਾਤ ਹੈ। ਜ਼ਿੰਦਗੀ ਜਿਉਂਦਿਆਂ ਬਹੁਤ ਕੁਝ ਉੱਚਾ ਨੀਵਾਂ ਜਾਂ ਗ਼ਲਤ ਵਾਪਰ ਜਾਂਦੈ। ਹਰ ਮੁਸੀਬਤ ਦਾ ਹੱਲ ਹੈ, ਬਸ਼ਰਤੇ ਕਿ ਅਸੀਂ ਭਰੋਸੇਯੋਗ ਇਨਸਾਨ ਨੂੰ ਸਹੀ ਜਾਣਕਾਰੀ ਦੱਸੀਏ। ਜੇਕਰ ਤੂੰ ਹਰ ਗੱਲ ਸੱਚੋ ਸੱਚ ਦੱਸੇਂਗੀ ਤਾਂ ਕੋਸ਼ਿਸ਼ ਕਰਕੇ ਸਹੀ ਰਾਹ ਵੀ ਲੱਭ ਲਵਾਂਗੇ। ਉਹ ਬੋਲਣ ਲੱਗੀ ਤੇ ਮੈਂ ਸ਼ਾਂਤ ਹੋ ਕੇ ਉਸਨੂੰ ਸੁਣਦਾ ਰਿਹਾ। “ਸਰ, ਮੈਂ ਕੈਮਿਸਟਰੀ ਵਿੱਚ ਐਮ ਐਸ ਸੀ ਕੀਤੀ ਹੋਈ ਹੈ ਅਤੇ ਖਾਂਦੇ ਪੀਂਦੇ ਚੰਗੇ ਘਰ ਦੀ ਧੀ ਹਾਂ। ਮੈਂ ਸਰਕਾਰੀ ਸਕੂਲ ਵਿੱਚ ਅਧਿਆਪਕ ਲੱਗੀ ਹੋਈ ਹਾਂ। ਕੁੜੀ ਵੇਖਣ ਨੂੰ ਵੀ ਭਰ ਜਵਾਨ ਤੇ ਸੁਨੱਖੀ ਸੀ ਅਤੇ ਉਸਦੇ ਕੱਪੜੇ ਪਾਉਣ ਤੇ ਬੋਲਣ ਦਾ ਸਲੀਕਾ ਉਸ ਦੀਆਂ ਗੱਲਾਂ ਦੀ ਸ਼ਾਹਦੀ ਭਰਦਾ ਸੀ। ਉਸ ਅੱਗੇ ਦੱਸਿਆ, ‘ਮੈਂ ਆਪਣੀ ਮਰਜ਼ੀ ਨਾਲ ਪਸੰਦ ਦੇ ਮੁੰਡੇ ਨਾਲ ਵਿਆਹ ਕੀਤਾ। ਮੇਰਾ ਪਤੀ ਮਾਪਿਆਂ ਦਾ ਇਕੱਲਾ ਮੁੰਡਾ ਅਤੇ ਉਸਦੀਆਂ ਤਿੰਨ ਭੈਣਾਂ ਨੇ, ਜੋ ਕਿ ਵਿਆਹੀਆਂ ਹੋਈਆਂ ਨੇ। ਮੇਰੇ ਸੱਸ ਸੁਹਰਾ ਬਹੁਤ ਹੀ ਧਾਰਮਿਕ ਸੁਭਾਅ ਦੇ ਮਾਲਕ ਨੇ। ਸ਼ਹਿਰ ਵਿੱਚ ਕੋਠੀ ਅਤੇ ਜਮੀਨ ਭਾਂਡਾ ਵੀ ਵਾਹਵਾ ਖੁੱਲੈ। ਮੇਰਾ ਪਤੀ ਸ਼ਰਾਬ ਪੀ ਲੈਂਦਾ ਸੀ, ਜਿਸ ਤੋਂ ਮੈਂ ਉਸਨੂੰ ਵਰਜਦੀ ਸੀ। ਸਾਡੇ ਵਿੱਚ ਪਿਆਰ ਵੀ ਬਹੁਤ ਸੀ। ਸਾਡੇ ਵਿਆਹ ਨੂੰ ਛੇ ਸਾਲ ਹੋ ਗਏ ਨੇ ਪਰ ਅਸੀਂ ਅਜੇ ਤੱਕ ਬੱਚਾ ਨਹੀਂ ਸੀ ਲਿਆ ਕਿਉਂਕਿ ਮੈਂ ਉੱਚ ਤਾਲੀਮ ਹਾਸਲ ਕਰ ਰਹੀ ਸੀ ਅਤੇ ਸਰਕਾਰੀ ਨੌਕਰੀ ਲਈ ਆਸਵੰਦ ਸੀ। ਇੱਕ ਦਿਨ ਮੇਰੇ ਪਤੀ ਸ਼ਰਾਬ ਦੇ ਨਸ਼ੇ ਵਿੱਚ ਆਖਣ ਲੱਗੇ ਕਿ ਉਸ ਦਾ ਕਿਸੇ ਕੁੜੀ ਨਾਲ ਅਫੇਅਰ ਸੀ ਅਤੇ ਜਿਸਮਾਨੀ ਸਬੰਧ ਵੀ ਬਣ ਗਏ ਸਨ। ਪਰ ਹੁਣ ਉਸ ਦਾ ਤੋੜ ਵਿਛੋੜਾ ਹੋ ਚੁੱਕਾ ਹੈ। ਇਹ ਸੁਣ ਕੇ ਮੈਂ ਇਕਦਮ ਭੜਕ ਪਈ ਅਤੇ ਉਸ ਰਾਤ ਸਾਡੀ ਬਹੁਤ ਲੜਾਈ ਹੋਈ। ਕੁਝ ਦਿਨ ਮਾਹੌਲ ਅਸਹਿਜ ਰਿਹਾ ਅਤੇ ਫਿਰ ਆਮ ਵਰਗਾ ਹੋ ਗਿਆ। ਇਸ ਦੌਰਾਨ ਫੇਸਬੁੱਕ ‘ਤੇ ਅਕਸਰ ਮੇਰੀ ਇੱਕ ਹਿਮਾਚਲ ਦੇ ਮੁੰਡੇ ਨਾਲ ਚੈਟਿੰਗ ਹੁੰਦੀ ਰਹਿੰਦੀ ਸੀ। ਅਸੀਂ ਹੌਲੀ ਹੌਲੀ ਇੱਕ ਦੂਜੇ ਦੇ ਕਰੀਬ ਆ ਗਏ। ਉਹ ਮੁੰਡਾ ਵੀ ਬਾਲ ਬੱਚੇਦਾਰ ਸੀ। ਮੈਂ ਸਭ ਕੁਝ ਜਾਣਦੀ ਹੋਈ ਵੀ ਉਹ ਗਲਤੀ ਕਰ ਬੈਠੀ ਜੋ ਮੈਨੂੰ ਨਹੀਂ ਸੀ ਕਰਨੀ ਚਾਹੀਦੀ। ਪਹਿਲਾਂ ਤਾਂ ਆਪਣੇ ਪਤੀ ਨੂੰ ਸਬਕ ਸਿਖਾਉਣ ਅਤੇ ਬਦਲਾ ਲੈਣ ਦੀ ਭਾਵਨਾ ਨਾਲ ਇਹ ਸਭ ਕੁਝ ਕਰਨ ਦਾ ਹੌਸਲਾ ਕੀਤਾ। ਫਿਰ ਮੈਂ ਸਭ ਕੁਝ ਹਾਰ ਬੈਠੀ ਅਤੇ ਹੋਟਲਾਂ ਵਿੱਚ ਉਹ ਮਰਦ ਨੂੰ ਮਿਲਦੀ ਰਹੀ। ਹੁਣ ਮੈਂ ਉਸ ਤੋਂ ਗਰਭਵਤੀ ਹੋ ਗਈ ਸਾਂ। ਅਸੀਂ ਰਲ ਕੇ ਸਲਾਹ ਕੀਤੀ ਕਿ ਬੱਚਾ ਤਾਂ ਪਰਿਵਾਰ ਨੂੰ ਚਾਹੀਦਾ ਹੀ ਹੈ। ਕਿਉਂ ਨਾ ਇਸ ਬੱਚੇ ਨੂੰ ਰੱਖ ਲਈਏ। ਮੈਂ ਮੌਕਾ ਪਾ ਕੇ ਆਪਣੇ ਘਰ ਵਾਲੇ ਅਤੇ ਪਰਿਵਾਰ ਨੂੰ ਬੱਚੇ ਦੀ ਆਮਦ ਬਾਰੇ ਦੱਸਿਆ ਤਾਂ ਸਾਰਿਆਂ ਦੇ ਚਿਹਰੇ ‘ਤੇ ਖੁਸ਼ੀ ਸੀ। ਉਹਨਾਂ ਦੇ ਚਾਅ ਸਾਂਭੇ ਨਹੀਂ ਸਨ ਜਾ ਰਹੇ। ਇੰਨੇ ਸਾਲਾਂ ਬਾਅਦ ਘਰ ਵਿੱਚ ਜੀਅ ਆ ਰਿਹਾ ਸੀ। ਮੇਰੇ ਸੱਸ ਸੁਹਰਾ ਨੇ ਧਾਰਮਿਕ ਸਥਾਨਾਂ ‘ਤੇ ਜਾ ਕੇ ਸੁੱਖਣਾ ਸੁਖੀਆਂ। ਰਿਸ਼ਤੇਦਾਰ ਵੀ ਵਧਾਈਆਂ ਦੇ ਰਹੇ ਸਨ। ਪਰ ਮੈਂ ਅੰਦਰੋਂ ਅੰਦਰ ਹੀ ਧੁਖ ਰਹੀ ਸਾਂ। ਮੈਨੂੰ ਇੱਕ ਚਿੰਤਾ ਜਿਹੀ ਲੱਗੀ ਹੋਈ ਸੀ, ਜਿਵੇਂ ਕੁਝ ਗਲਤ ਕਰ ਬੈਠੀ ਹੋਵਾਂ। ਮੈਂ ਬਾਹਰੋਂ ਆਪਣਾ ਚਿਹਰਾ ਸੁਹਰੇ ਪਰਿਵਾਰ ਨੂੰ ਵਿਖਾਉਣ ਖਾਤਰ ਹੀ ਖੁਸ਼ ਰੱਖ ਰਹੀ ਸੀ। ਪਰ ਧੁਰ ਅੰਦਰੋਂ ਟੁੱਟ ਚੁੱਕੀ ਸਾਂ। ਮੈਂ ਮਹਿਸੂਸ ਕੀਤਾ ਕਿ ਜਿਵੇਂ ਮੈਂ ਇਹਨਾਂ ਰੱਬ ਵਰਗੀਆਂ ਰੂਹਾਂ ਦੇ ਅਰਮਾਨਾਂ ਅਤੇ ਸਧਰਾਂ ਦਾ ਕਤਲ ਕਰ ਰਹੀ ਹੋਵਾਂ। ਦਿਨਾਂ ਤੋਂ ਮਹੀਨੇ ਲੰਘਦੇ ਗਏ। ਹੁਣ ਮੈਨੂੰ ਸੱਤਵਾਂ ਮਹੀਨਾ ਲੱਗ ਚੁੱਕਾ ਹੈ। ਮੈਨੂੰ ਜਾਪ ਰਿਹੈ ਜਿਵੇਂ ਮੈਂ ਆਪਣੇ ਪਤੀ ਅਤੇ ਰੱਬ ਵਰਗੇ ਬਜ਼ੁਰਗ ਸੱਸ ਸਹੁਰੇ ਨਾਲ ਧ੍ਰੋਹ ਕਮਾ ਰਹੀ ਹੋਵਾਂ। ਮੈਂ ਪਛਤਾਵੇ ਦੀ ਅੱਗ ਵਿੱਚ ਸੜ ਰਹੀ ਸੀ। ਮੈਂ ਇਹ ਬੋਝ ਆਪਣੇ ਦਿਲ ਤੇ ਰੱਖ ਕੇ ਹੋਰ ਨਹੀਂ ਚੱਲ ਸਕਦੀ। ਅਖੀਰ ਹਾਰ ਕੇ ਜਿਗਰਾ ਕਰਕੇ ਮੈਂ ਪਰਸੋਂ ਆਪਣੇ ਪਤੀ ਨੂੰ ਦੱਸ ਦਿੱਤਾ ਕਿ ਮੇਰੀ ਕੁੱਖ ਵਿੱਚ ਪਲ ਰਿਹਾ ਬੱਚਾ ਉਸਦਾ ਨਾ ਹੋ ਕੇ ਕਿਸੇ ਹੋਰ ਦਾ ਹੈ ਅਤੇ ਸਾਰੀ ਕਹਾਣੀ ਉਸਨੂੰ ਸੱਚੋ ਸੱਚ ਦੱਸ ਦਿੱਤੀ। ਇਹ ਸੁਣਨ ਉਪਰੰਤ ਮੇਰੇ ਪਤੀ ਤਾਂ ਆਪਣਾ ਸਿਰ ਫੜ ਕੇ ਬੈਠ ਗਏ ਅਤੇ ਕਿੰਨਾ ਚਿਰ ਬੇਸੁਧ ਹੀ ਰਹੇ। ਮੈਨੂੰ ਜਾਪਿਆ ਇਹ ਰਾਤ ਸਾਡੀ ਜ਼ਿੰਦਗੀ ਦੀ ਆਖਰੀ ਰਾਤ ਹੈ। ਬਹੁਤ ਕਲੇਸ਼ ਹੋਇਆ ਪਰ ਕੀਤਾ ਕੁਝ ਨਹੀਂ ਸੀ ਜਾ ਸਕਦਾ। ਆਖਿਰ ਮੇਰੇ ਪਤੀ ਨੇ ਫੈਸਲਾ ਸੁਣਾਇਆ ਕਿ ਮੈਂ ਆਪਣੀਆਂ ਅੱਖਾਂ ਸਾਹਮਣੇ ਕਿਸੇ ਹੋਰ ਦੀ ਨਜਾਇਜ਼ ਔਲਾਦ ਨਹੀਂ ਬਰਦਾਸ਼ਤ ਕਰ ਸਕਦਾ। ਤੈਨੂੰ ਮੈਂ ਔਖਾ ਸੌਖਾ ਮਾਫ ਕਰ ਸਕਦਾਂ। ਪਰ ਮੈਂ ਇਸ ਨੂੰ ਪ੍ਰਵਾਨ ਨਹੀਂ ਕਰ ਸਕਦਾ। ਆਉਣ ਵਾਲੇ ਬੱਚੇ ਅਤੇ ਇਸ ਸਾਰੇ ਘਟਨਾਕ੍ਰਮ ਬਾਰੇ ਮੈਂ ਆਪਣੀ ਇੱਕ ਨਣਦ ਨਾਲ ਸਾਰੀ ਗੱਲ ਸਾਂਝੀ ਕੀਤੀ, ਜਿਸ ਤੇ ਮੈਨੂੰ ਬਹੁਤ ਭਰੋਸਾ ਹੈ। ਇਹ ਚਿੰਤਾ ਸਾਨੂੰ ਵੱਢ ਵੱਢ ਖਾ ਰਹੀ ਹੈ ਕਿ ਅਸੀਂ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਸਾਹਮਣਾ ਕਿਵੇਂ ਕਰਾਂਗੇ? ਮਾਂ ਦੀ ਮਮਤਾ ਵੀ ਮੇਰੇ ਉੱਤੇ ਹਾਵੀ ਹੋ ਰਹੀ ਹੈ ਤੇ ਇੱਕ ਨੂੰਹ ਤੇ ਪਤਨੀ ਦੇ ਫਰਜ਼ ਵੀ ਮੈਨੂੰ ਕੁਝ ਕਰਨ ਨਹੀਂ ਦੇ ਰਹੇ। ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਇਹੀ ਵਿਚਾਰ ਕਰਕੇ ਤੁਹਾਡੇ ਤੱਕ ਆਈ ਹਾਂ। ਮੈਨੂੰ ਕਿਸੇ ਰਾਹ ਪਾਓ ਨਹੀਂ ਤਾਂ ਹੋ ਸਕਦੈ ਕਿ ਮੈਂ ਕੋਈ ਅਜਿਹਾ ਕਦਮ ਚੁੱਕ ਲਵਾਂ ਜਿਸ ਲਈ ਮੈਂ ਆਪਣੇ ਆਪ ਨੂੰ ਕਦੇ ਮਾਫ ਨਾ ਕਰ ਪਾਵਾਂ। ਇਹ ਸਾਰਾ ਕੁਝ ਦੱਸਦਿਆਂ ਉਹ ਕਈ ਵਾਰ ਰੋਈ ਸੀ।
ਮੈਂ ਆਪਣੀ ਚੁੱਪ ਤੋੜਦਿਆਂ ਉਸਨੂੰ ਆਖਿਆ ਕਿ ਜੇ ਤੂੰ ਗ਼ਲਤੀ ਕਰ ਹੀ ਲਈ ਸੀ ਤਾਂ ਚੁੱਪ ਵੀ ਰਿਹਾ ਜਾ ਸਕਦਾ ਸੀ। ਕੁੱਝ ਭੇਤ ਨਾ ਖੁੱਲਣ ਤਾਂ ਇਸ ਵਿੱਚ ਹੀ ਭਲਾਈ ਹੈ। ਜੇ ਬਿਨਾਂ ਸੱਚ ਬੋਲਿਆਂ ਸਰ ਸਕਦਾ ਜਾਂ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਤਾਂ ਹਰਜ ਵੀ ਕੀ ਸੀ? ਖ਼ੈਰ, ਹੁਣ ਕੀਤਾ ਕੁਝ ਨਹੀਂ ਸੀ ਜਾ ਸਕਦਾ, ਤੀਰ ਕਮਾਨ ‘ਚੋਂ ਚੱਲ ਚੁੱਕਿਆ ਸੀ। ਮੈਂ ਉਸ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਮੇਰੇ ਕੋਲ ਲੈ ਕੇ ਆਵੇ। ਮੇਰਾ ਇਰਾਦਾ ਸੀ ਕਿ ਕਿਸੇ ਤਰਾਂ ਉਸ ਦੇ ਪਤੀ ਨੂੰ ਸਮਝਾ ਕੇ ਬੱਚੇ ਦੀ ਪਰਵਰਿਸ਼ ਸਬੰਧੀ ਮਨਾਇਆ ਜਾਵੇ, ਪਰ ਉਹ ਸਾਫ ਇਨਕਾਰ ਕਰ ਗਈ ਕਿ ਮੇਰਾ ਪਤੀ ਇਸ ਮੁੱਦੇ ਉੱਤੇ ਕਿਸੇ ਦਾ ਵੀ ਸਾਹਮਣਾ ਨਹੀਂ ਕਰਨਾ ਚਾਹੁੰਦਾ। ਮੈਂ ਉਸ ਨੂੰ ਹੌਸਲਾ ਦੇ ਕੇ ਕੁਝ ਦਿਨ ਸੋਚਣ ਲਈ ਮੰਗੇ ਅਤੇ ਦੋ ਦਿਨ ਬਾਅਦ ਮੁੜ ਦਫਤਰ ਆਉਣ ਲਈ ਕਿਹਾ।
ਮੁਕੱਰਰ ਸਮੇਂ ‘ਤੇ ਉਹ ਦਫਤਰ ਆ ਗਈ ਅਤੇ ਉਸਨੇ ਦੱਸਿਆ ਕਿ ਉਸਨੇ ਆਪਣੇ ਸਕੂਲ ਤੋਂ ਪ੍ਰਸੂਤੀ ਛੁੱਟੀ ਲਈ ਹੋਈ ਹੈ। ਉਸ ਨੂੰ ਇਹ ਵੀ ਚਿੰਤਾ ਸੀ ਕਿ ਸਬੰਧਤ ਮਹਿਕਮੇ ਵਿੱਚ ਬੱਚੇ ਦੇ ਜਨਮ ਬਾਰੇ ਉਹ ਕੀ ਲਿਖ ਕੇ ਦੇਵੇਗੀ ਅਤੇ ਨਾਲ ਦੇ ਅਧਿਆਪਕ ਸਾਥੀਆਂ ਨੂੰ ਕੀ ਦੱਸੇਗੀ। ਲੰਮੀ ਸੋਚ ਵਿਚਾਰ ਕਰਕੇ ਅਸੀਂ ਸਿੱਟੇ ਤੇ ਪੁੱਜੇ ਕਿ ਸਭ ਤੋਂ ਪਹਿਲਾਂ ਹੋਣ ਵਾਲੇ ਬੱਚੇ ਦੀ ਸੁਰੱਖਿਆ ਤੇ ਸੰਭਾਲ ਜਰੂਰੀ ਹੈ। ਉਸ ਨੂੰ ਬੱਚੇ ਦਾ ਸੁਰੱਖਿਆ ਜਣੇਪਾ ਕਰਵਾਉਣ ਲਈ ਆਖਿਆ ਅਤੇ ਹਰ ਘਟਨਾ ਲਈ ਸਾਡੇ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ। ਉਸ ਦੀ ਕਾਊਂਸਲਿੰਗ ਵੀ ਕੀਤੀ ਗਈ। ਖੈਰ, ਨਿਸ਼ਚਿਤ ਸਮੇਂ ‘ਤੇ ਬਹੁਤ ਹੀ ਸੁੰਦਰ ਅਤੇ ਰਿਸ਼ਟ ਪੁਸ਼ਟ ਧੀ ਦਾ ਜਨਮ ਹੋਇਆ। ਜੇਕਰ ਲੜਕੀ ਨੂੰ ਸਵੈ ਇੱਛਾ ਨਾਲ ਗੋਦ ਲਈ ਦਿੱਤਾ ਜਾਂਦਾ ਤਾਂ ਉਸ ਵਿੱਚ ਸਾਰੇ ਕਾਗਜ ਪੱਤਰ ਅਤੇ ਸਬੂਤ ਲੱਗਣੇ ਸਨ ਪਰ ਬਦਨਾਮੀ ਦੇ ਡਰੋਂ ਅਜਿਹਾ ਨਹੀਂ ਹੋਣ ਦਿੱਤਾ। ਉਸ ਦੀ ਨਣਦ ਅਤੇ ਪਤੀ ਮੂੰਹ ਹਨੇਰੇ ਚੰਗੇ ਬਾਲ ਘਰ ਦੇ ਪੰਘੂੜੇ ਵਿੱਚ ਲੜਕੀ ਨੂੰ ਹਿਫਾਜ਼ਤ ਨਾਲ ਰੱਖ ਆਏ। ਬੱਚੀ ਹੁਣ ਬਾਲ ਘਰ ਵਿੱਚ ਪਲ ਰਹੀ ਹੈ। ਨਾਮ ਉਸਦਾ ਕਿਸਮਤ ਰੱਖਿਆ। ਦੁਆ ਏ ਕਿ ਚੰਗੀ ਕਿਸਮਤ ਵਾਲੀ ਹੋਵੇ। ਉਸ ਔਰਤ ਦੇ ਘਰ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਬੱਚੀ ਮੋਈ ਪੈਦਾ ਹੋਈ ਸੀ। ਇਸ ਤੋਂ ਬਗੈਰ ਹੋਰ ਕੋਈ ਚਾਰਾ ਵੀ ਨਹੀਂ ਸੀ। ਹੌਲੀ ਹੌਲੀ ਜ਼ਿੰਦਗੀ ਦੁਬਾਰਾ ਲੀਹ ਤੇ ਆ ਰਹੀ ਹੈ।
ਕਹਾਣੀ ਚੇਤੇ ਕਰਦਿਆਂ ਮੈਂ ਕਈ ਵਾਰ ਸੋਚਦਾਂ ਕਿ ਉਸ ਨੰਨ੍ਹੀ ਜਿੰਦ ਦਾ ਕੀ ਕਸੂਰ ਸੀ ਜਿਹੜੀ ਜੰਮਦਿਆਂ ਹੀ ਮਾਪਿਆਂ ਦੇ ਪਿਆਰ ਤੋਂ ਵਿਹੂਣੀ ਹੋ ਗਈ। ਵਿਚਾਰੀ ਬੱਚੀ ਨੂੰ ਆਪਣੇ ਅਤੀਤ ਬਾਰੇ ਕੁਝ ਨਹੀਂ ਪਤਾ ਹੋਣਾ ਤੇ ਮਾਂ ਨੂੰ ਆਪਣੀ ਧੀ ਦੇ ਭਵਿੱਖ ਬਾਰੇ। ਬਸ ਇੱਕ ਮੈਂ ਹੀ ਹਾਂ ਜੋ ਹਾਲਾਤਾਂ ਦਾ ਗਵਾਹ ਬਣਿਆਂ।