ਮੈਲਬੌਰਨ – ਵਿਕਟੋਰੀਆ ਪੁਲਿਸ ਨੇ ਮਿੱਲ ਪਾਰਕ ਦੇ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਅਤੇ ਛੇ ਸਾਲਾ ਧੀ ਨੂੰ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਵਿਕਟੋਰੀਆ ਪੁਲਿਸ ਦੇ ਡਿਕੈਟਿਵ ਇੰਸਪੈਕਟਰ ਡੀਨ ਥੌਮਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਲ ਪਾਰਕ ਦੀ ਕੈਲਾਵੇਅ ਕਰੈਜ਼ੈਂਟ ‘ਤੇ ਸਥਿਤ ਸ਼ਰਮਾ ਦੇ ਘਰ ਦੇ ਵਿੱਚ ਵੀਰਵਾਰ ਦੀ ਸ਼ਾਮ 7:30 ਵਜੇ ਦੇ ਕਰੀਬ ਚੀਕ-ਚਿਹਾੜੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਪੁਲਿਸ ਵਲੋਂ ਘਟਨਾ ਵਾਲੀ ਥਾਂ ਤੋਂ ਮੌਕੇ ‘ਤੇ 40 ਸਾਲਾ ਟੈਕਸੀ ਡਰਾਈਵਰ ਪ੍ਰਬਲ ਰਾਜ ਸ਼ਰਮਾ ਨੂੰ ਜਖਮੀਂ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜੋ ਇਸ ਵੇਲੇ ਹਸਪਤਾਲ ਦੇ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹੈ। ਘਟਨਾ ਵਾਲੀ ਥਾਂ ਤੋਂ ਹੀ ਪ੍ਰਬਲ ਰਾਜ ਸ਼ਰਮਾ ਦੀ ਪਤਨੀ 39 ਸਾਲਾ ਪੂਨਮ ਸ਼ਰਮਾ ਜੋ ਪੇਸ਼ੇ ਵਜੋਂ ਡੈਂਟਲ ਨਰਸ ਹੈ, ਨੂੰ ਖੁਨ ਨਾਲ ਲੱਥਪੱਥ ਹਾਲਤ ਦੇ ਵਿੱਚ ਨੇੜਲੇ ਘਰ ਤੋਂ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਜਦਕਿ ਪ੍ਰਬਲ ਰਾਜ ਸ਼ਰਮਾ ਦੀ 6 ਸਾਲਾ ਛੋਟੀ ਬੱਚੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਮਿਲੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ।
ਵਿਕਟੋਰੀਆ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਨੇ ਇਸ ਸਬੰਧੀ ਹੋਰ ਦੱਸਿਆ ਕਿ ਦੋਸ਼ੀ ਪ੍ਰਬਲ ਰਾਜ ਸ਼ਰਮਾ ਦੇ ਵਲੋਂ ਆਪਣੀ ਪਤਨੀ ਪੂਨਮ ਸ਼ਰਮਾ ਅਤੇ ਛੋਟੀ ਬੱਚੀ ਵਨੈਸਾ ‘ਤੇ ਤੇਜ਼ਧਾਰ ਹਥਿਆਰ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਦਕਿ ਉਹਨਾਂ ਦੀ 10 ਸਾਲਾ ਵੱਡੀ ਬੱਚੀ ਕਿਸੇ ਢੰਗ ਨਾਲ ਇਸ ਹਮਲੇ ਦੇ ਵਿੱਚੋਂ ਬਚਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਈ। ਇਸ ਹਮਲੇ ਦੇ ਵਿੱਚ ਪੂਨਮ ਸ਼ਰਮਾ ਗੰਭੀਰ ਹਾਲਤ ਦੇ ਵਿੱਚ ਦੌੜਕੇ ਗਵਾਂਢੀਆਂ ਘਰ ਵੱਲ ਗਈ ਜਿਥੇ ਕਿ ਉਸਦੀ ਮੌਤ ਹੋ ਗਈ ਤੇ ਉਸਦੀ ਛੋਟੀ ਬੇਟੀ ਵਨੈਸਾ ਜ਼ਖਮੀ ਹਾਲਤ ਦੇ ਵਿੱਚ ਮਿਲੀ ਜਿਸਦੀ ਬਾਅਦ ਵਿੱਚ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਪ੍ਰਬਲ ਰਾਜ ਸ਼ਰਮਾ ਨੇ ਆਪਣੇ ਆਪ ਨੂੰ ਜ਼ਖਮੀਂ ਕਰ ਲਿਆ ਜੋ ਇਸ ਵੇਲੇ ਬਿਆਨ ਦੇਣ ਤੋਂ ਅਸਮਰੱਥ ਹੈ ਤੇ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਦੇ ਵਿੱਚ ਭਰਤੀ ਹੈ।
ਇਸ ਘਟਨਾ ਸਬੰਧੀ ਕਿਸੇ ਕੋਲ ਹੋਰ ਕੋਈ ਜਾਣਕਾਰੀ ਹੋਵੇ ਤਾਂ 1800 333 000 ਫੋਨ ਨੰਬਰ ‘ਤੇ ਕ੍ਰਾਈਮ ਸਟੌਪਰਜ਼ ਨੂੰ ਸੂਚਿਤ ਕੀਤਾ ਜਾ ਸਕਦਾ ਹੈ।