ਪੁਰਤਗਾਲ ਨੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ, ਉੱਤਰੀ ਮੈਸੇਡੋਨੀਆ ਨੂੰ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਚ ਬਣਾਈ ਜਗ੍ਹਾ

ਵਾਸ਼ਿੰਗਟਨ – ਬਰੂਨੋ ਫਰਨਾਂਡੀਜ਼ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਨੇ ਇਸ ਸਾਲ ਦੇ ਅੰਤ ’ਚ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਲਈ ਯੂਰਪੀਅਨ ਪਲੇਆਫ ਵਿਚ ਉੱਤਰੀ ਮੈਸੇਡੋਨੀਆ ਨੂੰ 2-0 ਨਾਲ ਹਰਾ ਦਿੱਤਾ। ਇਸ ਤਰ੍ਹਾਂ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ ਮਿਲੇਗਾ। ਕਤਰ ’ਚ 21 ਨਵੰਬਰ ਤੋਂ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ ’ਚ ਮੇਜ਼ਬਾਨ ਸਮੇਤ 32 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ’ਚੋਂ ਹੁਣ ਤੱਕ 27 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ। ਵਿਸ਼ਵ ਕੱਪ ਦਾ ਡਰਾਅ ਸ਼ੁੱਕਰਵਾਰ ਨੂੰ ਨਿਕਲੇਗਾ। ਪੁਰਤਗਾਲ ਦੀ ਜਿੱਤ ਨਾਲ ਡਰਾਅ ਲਈ ਪਹਿਲੀਆਂ ਅੱਠ ਟੀਮਾਂ ਕਤਰ, ਅਰਜਨਟੀਨਾ, ਬੈਲਜੀਅਮ, ਬ੍ਰਾਜ਼ੀਲ, ਇੰਗਲੈਂਡ, ਫਰਾਂਸ, ਪੁਰਤਗਾਲ ਅਤੇ ਸਪੇਨ ਸਨ। ਕ੍ਰੋਏਸ਼ੀਆ, ਡੈਨਮਾਰਕ, ਜਰਮਨੀ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਉਰੂਗਵੇ ਸੀਡਿੰਗ ਦੇ ਦੂਜੇ ਦਰਜੇ ’ਚ ਹਨ। ਉਨ੍ਹਾਂ ਦੇ ਨਾਲ ਮੈਕਸੀਕੋ ਜਾਂ ਅਮਰੀਕਾ ਤੋਂ ਇਕ ਟੀਮ ਸ਼ਾਮਲ ਹੋਵੇਗੀ।ਇਸ ਤੋਂ ਪਹਿਲਾਂ ਸਭ ਦੀਆਂ ਨਜ਼ਰਾਂ ਉੱਤਰੀ ਮੈਸੇਡੋਨੀਆ ’ਤੇ ਸਨ, ਜਿਸ ਨੇ ਪਿਛਲੇ ਹਫਤੇ ਇਟਲੀ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ। ਪੁਰਤਗਾਲ ਦੇ ਖ਼ਿਲਾਫ਼ ਹਾਲਾਂਕਿ ਉਹ ਵਾਪਸੀ ਨਹੀਂ ਕਰ ਸਕਿਆ। ਪੁਰਤਗਾਲ ਨੇ ਲਗਾਤਾਰ ਅੱਠਵੀਂ ਵਾਰ ਅਤੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਚ ਥਾਂ ਬਣਾਈ ਹੈ। ਪੁਰਤਗਾਲ ਲਈ ਬਰੂਨੋ ਫਰਨਾਂਡੀਜ਼ ਨੇ 32ਵੇਂ ਮਿੰਟ ’ਚ ਰੋਨਾਲਡੋ ਦੇ ਪਾਸ ’ਤੇ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ, ਜੋ ਪਹਿਲੇ ਹਾਫ ਤੱਕ ਬਰਕਰਾਰ ਰਹੀ। ਇਸ ਤੋਂ ਬਾਅਦ ਫਰਨਾਂਡੀਜ਼ ਨੇ 65ਵੇਂ ਮਿੰਟ ਵਿਚ ਡਿਓਗੋ ਜੋਟਾ ਵੱਲੋਂ ਇਕ ਹੋਰ ਗੋਲ ਕਰਕੇ ਟੀਮ ਦੀ ਬੜ੍ਹਤ ਨੂੰ ਮਜ਼ਬੂਤ ਕੀਤਾ। ਪੁਰਤਗਾਲ ਨੇ ਆਖ਼ਰੀ ਸੀਟੀ ਵੱਜਣ ਤਕ ਬੜ੍ਹਤ ਬਣਾਈ ਰੱਖੀ ਅਤੇ ਉੱਤਰੀ ਮੈਸੇਡੋਨੀਆ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।ਪੇਰੂ ਨੇ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇਰ ਦੇ ਆਖ਼ਰੀ ਦੌਰ ਦੇ ਮੈਚ ਵਿਚ ਪੈਰਾਗੁਏ ਨੂੰ 2-0 ਨਾਲ ਹਰਾ ਕੇ ਅੰਕ ਸੂਚੀ ’ਚ ਪੰਜਵੇਂ ਸਥਾਨ ’ਤੇ ਰਹਿ ਕੇ ਅੰਤਰ ਮਹਾਂਦੀਪੀ ਪਲੇਆਫ਼ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਪੇਰੂ ਲਈ ਗਿਆਨਲੁਕਾ ਲਾਪਾਦੁਲਾ ਨੇ ਪੰਜਵੇਂ ਮਿੰਟ ਅਤੇ ਯੋਸ਼ੀਮਾਰ ਯੋਤੁਨ ਨੇ 42ਵੇਂ ਮਿੰਟ ਵਿਚ ਗੋਲ ਕੀਤੇ। ਪੇਰੂ ਨੂੰ ਪੰਜਵੇਂ ਸਥਾਨ ’ਤੇ ਰਹਿਣ ਲਈ ਸਿਰਫ਼ ਜਿੱਤ ਦੀ ਲੋੜ ਸੀ। ਉਨ੍ਹਾਂ ਦਾ ਸਾਹਮਣਾ ਹੁਣ ਜੂਨ ’ਚ ਹੋਣ ਵਾਲੇ ਇੰਟਰਕੌਂਟੀਨੈਂਟਲ ਪਲੇਆਫ ’ਚ ਆਸਟਰੇਲੀਆ ਜਾਂ ਸੰਯੁਕਤ ਅਰਬ ਅਮੀਰਾਤ ਨਾਲ ਹੋਵੇਗਾ। ਬ੍ਰਾਜ਼ੀਲ, ਅਰਜਨਟੀਨਾ, ਉਰੂਗਵੇ ਅਤੇ ਇਕਵਾਡੋਰ ਨੇ ਦੱਖਣੀ ਅਮਰੀਕਾ ਤੋਂ ਪਹਿਲਾਂ ਹੀ ਵਿਸ਼ਵ ਕੱਪ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Related posts

ਖਿਡਾਰੀਆਂ ਦੇ ਵਲੋਂ ਬਾਕਸਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !