ਪੰਜਾਬ ‘ਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ , ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਫੌਰੀ ਤੌਰ ’ਤੇ ਵੱਡੀ ਰਾਹਤ ਮਿਲੀ ਹੈ। ਇਸ ਨਾਲ ਪੰਜਾਬ ਵਿਚ ਅਰਾਜਕਤਾ, ਹਫੜਾ ਦਫੜੀ, ਭੰਬਲਭੂਸੇ ਤੇ ਕੁਸ਼ਾਸਨ ਦਾ ਖਾਤਮਾ ਹੋ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ ਲੋਕ ਤਾਂ ਪਹਿਲਾਂ ਹੀ ਅਕਾਲੀ ਦਲ ਤੇ ਬਸਪਾ ਦੀ ਮਜ਼ਬੂਤ, ਸਥਿਰ ਤੇ ਵਿਕਾਸ ਮੁਖੀ ਸਰਕਾਰ ਵੱਲ ਵੇਖ ਰਹੇ ਹਨ ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧ ਹੈ। ਉਹਨਾ ਕਿਹਾ ਕਿ ਮੌਜੂਦਾ ਸ਼ਾਸਕਾਂ ਨੇ ਸਰਕਾਰ ਚਲਾਉਣ ਦਾ ਮਖੌਲ ਬਣਾ ਦਿੱਤਾ ਸੀ। ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿ ਹੁਣ ਇਸਦਾ ਖਾਤਮਾ ਹੋ ਗਿਆ ਹੈ ਤੇ ਸੂਬੇ ਨੂੰ ਮੜ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸੰਜੀਦਾ ਤੇ ਕੰਮ ਪ੍ਰਤੀ ਗੰਭੀਰ ਸਰਕਾਰ ਮਿਲੇਗੀ।ਬਾਦਲ ਨੇ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਨੇ ਸੰਕੇਤ ਦਿੱਤੇ ਹਨ ਕਿ ਪਿਛਲੇ ਪੰਜ ਸਾਲਾਂ ਦੀ ਬਰਬਾਦੀ ਖਤਮ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਹੁਣ ਫਿਰ ਤੋਂ ਉਸ ਸਰਕਾਰ ਵੱਲ ਪਰਤੇਗਾ ਜੋ ਲੋਕਾਂ ਦਾ ਖਿਆਲ ਰੱਖਦੀ ਹੋਵੇ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਨਾਲ ਲੋਕਾਂ ਦੀ ਭਲਾਈ ਜਿਸਦੀ ਸਰਵਉਚ ਤਰਜੀਹ ਹੋਵੇਗਾ। ਅਕਾਲੀ ਦਲ ਇਸ ਚੋਣ ਪ੍ਰੋਗਰਾਮ ਦੇ ਐਲਾਨ ਲਈ ਚੋਣ ਕਮਿਸ਼ਨ ਦਾ ਧੰਨਵਾਦ ਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸਭ ਤੋਂ ਵੱਧ ਖੁਸ਼ ਹਾਂ। ਅਸੀਂ ਐਕਸ਼ਨ ਲਈ ਤਿਆਰ ਹਾਂ ਤੇ ਸਿਰਫ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੇ ਸੀ। ਉਹਨਾਂ ਕਿਹਾ ਕਿ ਜਿਥੇ ਦੂਜੇ ਹਾਲੇ ਤਿਆਰੀਆਂ ਕਰਦੇ ਫਿਰਦੇ ਹਨ, ਅਸੀਂ ਤਿਆਰੀਆਂ ਤੇ ਜ਼ਮੀਨੀ ਹਕੀਕਤਾਂ ਦੇ ਮਾਮਲੇ ਵਿਚ ਦੂਜਿਆਂ ਨਾਲੋਂ ਕਿਤੇ ਅੱਗੇ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਕੇਡਰ ਚੋਣਾਂ ਲਈ ਪੱਬਾਂ ਭਾਰ ਹੈ ਤੇ ਅਸੀਂ ਪਹਿਲਾਂ ਹੀ ਫੀਲਡ ਵਿਚ ਨਿਤਰੇ ਹੋਏ ਹਾਂ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ