ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰੇਕ ਨਾਗਰਿਕ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇਤਿਹਾਸਕ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਖੇਤਰ ਵਿੱਚ ਵਿਸ਼ਾਲ ਸੁਧਾਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਇਹ ਹੈ ਕਿ ਕੋਈ ਵੀ ਵਿਅਕਤੀ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਸਰਕਾਰੀ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਬ ਸੈਂਟਰਾਂ ਵਿੱਚ ਗੁਣਵੱਤਾ ਮਾਪਦੰਡਾਂ ਨੂੰ ਲਾਗੂ ਕਰਕੇ ਸੇਵਾਵਾਂ ਵਿੱਚ ਸੁਧਾਰ ਲਿਆਂਦਾ ਜਾ ਰਿਹਾ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੇ ਹੁਕਮਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਸਰਬਜੀਤ ਸਿੰਘ ਵੱਲੋਂ ਸਬ ਸੈਂਟਰ ਦਾਤੇ ਵਾਸ ਦਾ ਵਿਸਥਾਰਪੂਰਵਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮਕਸਦ ਸਬ ਸੈਂਟਰ ਵਿੱਚ ਚੱਲ ਰਹੀਆਂ ਸਿਹਤ ਸੇਵਾਵਾਂ ਦੀ ਰੂਟੀਨ ਚੈਕਿੰਗ ਕਰਨਾ, ਰਿਕਾਰਡ ਦੀ ਜਾਂਚ ਕਰਨੀ ਅਤੇ ਐਨਕਾਸ (NQAS) ਮਾਪਦੰਡਾਂ ਅਧੀਨ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ।
ਦੌਰੇ ਦੌਰਾਨ ਡਾ. ਸਰਬਜੀਤ ਸਿੰਘ ਨੇ ਟੀਕਾਕਰਨ ਰਜਿਸਟਰ, ਮਾਤਾ ਅਤੇ ਬੱਚਾ ਸਿਹਤ ਰਿਕਾਰਡ, ਪਰਿਵਾਰ ਨਿਯੋਜਨ ਸੇਵਾਵਾਂ, ਯੂ-ਵਿਨ ਐਂਟਰੀਆਂ ਅਤੇ ਹੋਰ ਪ੍ਰੋਗਰਾਮਾਂ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਨੇ ਕੋਲਡ ਚੇਨ ਪ੍ਰਬੰਧ, ਵੈਕਸੀਨ ਸਟਾਕ ਅਤੇ ਲਾਜਿਸਟਿਕ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਇਹ ਯਕੀਨੀ ਬਣਾਇਆ ਕਿ ਟੀਕਾਕਰਨ ਪ੍ਰੋਗਰਾਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸੇ ਵੀ ਕਿਸਮ ਦੀ ਕਮੀ ਨਹੀਂ ਹੈ। ਐਨਕਾਸ ਮਾਪਦੰਡਾਂ ਦੇ ਤਹਿਤ ਸਫਾਈ ਪ੍ਰਬੰਧ, ਸੰਕਰਮਣ ਨਿਯੰਤਰਣ ਪ੍ਰਕਿਰਿਆਵਾਂ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਅਤੇ ਮਰੀਜ਼ਾਂ ਲਈ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਰਿਕਾਰਡ ਸਮੇਂ-ਸਿਰ ਅਪਡੇਟ ਕੀਤਾ ਜਾਵੇ ਅਤੇ ਮਰੀਜ਼ਾਂ ਨੂੰ ਮਿੱਤਰਤਾ ਭਰੇ ਅਤੇ ਸੁਚੱਜੇ ਵਾਤਾਵਰਣ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਨੇ ਕਿਹਾ ਕਿ ਐਨਕਾਸ ਸਿਰਫ਼ ਇੱਕ ਪ੍ਰਮਾਣ ਪੱਤਰ ਨਹੀਂ, ਸਗੋਂ ਸਿਹਤ ਸੇਵਾਵਾਂ ਦੀ ਗੁਣਵੱਤਾ ਦਾ ਪ੍ਰਤੀਕ ਹੈ। ਜੇ ਸਬ-ਸੈਂਟਰ ਐਨਕਾਸ ਮਾਪਦੰਡਾਂ ‘ਤੇ ਖਰਾ ਉਤਰਦਾ ਹੈ ਤਾਂ ਇਸ ਨਾਲ ਪਿੰਡ ਵਾਸੀਆਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਬੰਸ ਮਤੀ ਨੇ ਸਟਾਫ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੋਗ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਅਧੀਨ 2000 ਤੋਂ ਵੱਧ ਬਿਮਾਰੀਆਂ ਦਾ ਇਲਾਜ ਕਵਰ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਿਹਤ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕਰਨ ਅਤੇ ਯੋਗ ਲਾਭਪਾਤਰੀਆਂ ਦੇ ਕਾਰਡ ਤੁਰੰਤ ਬਣਵਾਉਣ। ਹਰਬੰਸ ਮਤੀ ਨੇ ਕਿਹਾ ਕਿ ਇਹ ਯੋਜਨਾ ਆਮ ਲੋਕਾਂ ਲਈ ਵੱਡੀ ਰਾਹਤ ਹੈ ਅਤੇ ਸਟਾਫ ਦੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਲੋੜਵੰਦ ਵਿਅਕਤੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਆਸ਼ਾ ਵਰਕਰਾਂ ਅਤੇ ਐਨ.ਐਮ.ਜ਼ ਨੂੰ ਹਦਾਇਤ ਕੀਤੀ ਕਿ ਉਹ ਮਾਤਾ-ਬੱਚਾ ਸਿਹਤ ਸੇਵਾਵਾਂ ਦੇ ਨਾਲ-ਨਾਲ ਸਰਕਾਰੀ ਸਕੀਮਾਂ ਦੀ ਜਾਣਕਾਰੀ ਵੀ ਲੋਕਾਂ ਤੱਕ ਪਹੁੰਚਾਉਣ। ਦੌਰੇ ਦੌਰਾਨ ਡਾ. ਸਰਬਜੀਤ ਸਿੰਘ ਨੇ ਸਟਾਫ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਜ਼ਰੂਰੀ ਸੁਝਾਅ ਦਿੱਤੇ ਗਏ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਵਚਨਬੱਧਤਾ ਹੈ ਕਿ ਪਿੰਡ ਪੱਧਰ ‘ਤੇ ਵੀ ਸ਼ਹਿਰੀ ਇਲਾਕਿਆਂ ਵਾਂਗ ਮਿਆਰੀ ਸਿਹਤ ਸੇਵਾਵਾਂ ਉਪਲਬਧ ਹੋਣ। ਇਸ ਮੌਕੇ ਡਾ. ਜਸ਼ਨਪ੍ਰੀਤ ਕੌਰ (ਮੈਡੀਕਲ ਅਫਸਰ), ਡਾ. ਚਿਰਾਗ ਸਿੰਘਲਾ (ਮੈਡੀਕਲ ਅਫਸਰ), ਸੰਜੀਵ ਸ਼ਰਮਾ (ਸਿਹਤ ਸੁਪਰਵਾਈਜ਼ਰ), ਮਨਦੀਪ ਕੌਰ (ਐਲ.ਐਚ.ਵੀ.), ਰਾਜਵਿੰਦਰ ਕੌਰ (ਕਮਿਊਨਿਟੀ ਹੈਲਥ ਅਫਸਰ), ਸੰਜੀਵ ਮਸੀ (ਮਲਟੀ ਪਰਪਜ ਹੈਲਥ ਵਰਕਰ), ਕਿਰਨਜੀਤ ਕੌਰ (ਏ.ਐਨ.ਐਮ.) ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ। ਅੰਤ ਵਿੱਚ ਡਾ. ਸਰਬਜੀਤ ਸਿੰਘ ਨੇ ਸਟਾਫ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਰਕ ਅਤੇ ਸਮਰਪਣ ਨਾਲ ਹੀ ਇਹ ਸੰਭਵ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਆਮ ਜਨਤਾ ਤੱਕ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਦੌਰੇ ਜਾਰੀ ਰਹਿਣਗੇ ਤਾਂ ਜੋ ਸਿਹਤ ਸੇਵਾਵਾਂ ਵਿੱਚ ਨਿਰੰਤਰ ਸੁਧਾਰ ਲਿਆਂਦਾ ਜਾ ਸਕੇ। ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀਆਂ ਅਤੇ ਸਿਹਤ ਵਿਭਾਗ ਦੀ ਲਗਨ ਨਾਲ ਪਿੰਡ ਪੱਧਰ ‘ਤੇ ਸਿਹਤ ਖੇਤਰ ਵਿੱਚ ਨਵੀਂ ਉਮੀਦ ਜਗੀ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਸਿਹਤ ਖੇਤਰ ਵਿੱਚ ਆ ਰਹੇ ਬਦਲਾਵਾਂ ਨਾਲ ਪੰਜਾਬ ਮਜ਼ਬੂਤ ਅਤੇ ਤੰਦਰੁਸਤ ਰਾਜ ਵਜੋਂ ਅੱਗੇ ਵੱਧ ਰਿਹਾ ਹੈ।