ਬੱਚੇ ਹਰ ਵਾਰ ਗਲਤ ਨਹੀਂ ਹੁੰਦੇ !

ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਗੱਲ ਰੱਖਣੀ ਸਿਖਾਈ ਜਾਂਦੀ ਏ। ਉਹਨਾਂ ਦੇ ਅੰਦਰ ਉਹ ਆਤਮ-ਵਿਸ਼ਵਾਸ ਭਰਿਆ ਜਾਂਦਾ ਏ।

ਲੇਖਕ: ਬਲਜੀਤ ਕੋਰ ਗਿੱਲ, ਮੈਲਬੌਰਨ ਆਸਟ੍ਰੇਲੀਆ।

ਅਸੀਂ ਅਕਸਰ ਆਪਣੇ ਆਸ-ਪਾਸ ਤੋਂ ਸੁਣਿਆ ਹੋਵੇਗਾ ਕਿ ਜਦੋਂ ਤੁਸੀਂ ਵੱਡੇ ਹੋਵੋਗੇ ਤਾਂ ਤੁਹਾਨੂੰ ਆਪਣੇ-ਆਪ ਸਿਆਣਪ ਆ ਜਾਵੇਗੀ। ਤੁਸੀਂ ਸਿਆਣੇ ਹੋ ਜਾਵੋਗੇ ਜਾਂ ਤਹਾਨੂੰ ਹਾਲੇ ਕੱੁਝ ਨਹੀਂ ਪਤਾ ਕਿਉਂਕਿ ਤੁਸੀਂ ਬੱਚੇ ਹੋ ਪਰ ਇਹ ਗੱਲ ਹਰ ਵਾਰ ਠੀਕ ਨਹੀਂ ਹੁੰਦੀ। ਕਈ ਵਾਰ ਸਾਡਾ ਇਹ ਭੁਲੇਖਾ ਸਾਡੇ ਬੱਚੇ ਉਸ ਵੇਲੇ ਕੱਢ ਦਿੰਦੇ ਹਨ, ਜਦੋਂ ਉਹ ਸਾਨੂੰ ਅਜਿਹੇ ਸਵਾਲ ਪੁੱਛਦੇ ਹਨ, ਜੋ ਨਾਂ ਤਾਂ ਅਸੀਂ ਇਸ ਉਮਰ ਵਿੱਚ ਆਪਣੇ ਮਾਪਿਆਂ ਨੂੰ ਪੁੱਛੇ ਸੀ ਤੇ ਸ਼ਾਇਦ ਨਾ ਉਸ ਵੇਲੇ ਸਾਡੇ ਵਿੱਚ ਅੱਜ ਦੇ ਬੱਚਿਆਂ ਜਿੰਨਾਂ ਆਤਮ-ਵਿਸ਼ਵਾਸ ਸੀ, ਕਿ ਆਪਣੇ ਮਾਪਿਆਂ ਨੂੰ ਆਖ ਸਕੀਏ ਕਿ ਤੁਸੀ ਗਲਤ ਹੋ। ਬਹੁਤੀ ਵਾਰ ਤਾਂ ਸਹੀ ਹੁੰਦਿਆਂ ਹੋਇਆ ਵੀ ਚੁੱਪ ਰਹਿਣਾ ਪੈਂਦਾ ਸੀ ਕਿਉਂਕਿ ਅਸੀਂ ਬੱਚੇ ਸੀ। ਬੱਚਿਆਂ ਨੂੰ ਵੱਡਿਆਂ ਦੇ ਸਾਹਮਣੇ ਸਿਆਣਾ ਹੋਣਾ, ਵੱਡਿਆਂ ਨੂੰ ਗੱਲ ਛੇਤੀ ਹਜ਼ਮ ਨਹੀ ਸੀ ਹੁੰਦੀ। ਪਰ ਹੁਣ ਮਾਹੌਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਗਿਆ ਏ। ਖਾਸ ਕਰਕੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਗੱਲ ਰੱਖਣੀ ਸਿਖਾਈ ਜਾਂਦੀ ਏ। ਉਹਨਾਂ ਦੇ ਅੰਦਰ ਉਹ ਆਤਮ-ਵਿਸ਼ਵਾਸ ਭਰਿਆ ਜਾਂਦਾ ਏ। ਉਹ ਸਵਾਲ ਪੁੱਛ ਸਕਣ ਤੇ ਗਲਤ ਨੂੰ ਬੇ-ਝਿਜਕ ਹੋ ਕੇ ਗਲਤ ਕਹਿਣ, ਤੇ ਹੁੰਦਾ ਵੀ ਇਵੇਂ ਹੀ ਹੈ।

ਪਰ ਜ਼ਰਾ ਸੋਚ ਕੇ ਵੇਖੋ ਕਿ ਅਸੀਂ ਸੱਚ ਮੁੱਚ ਵੱਡੇ ਅਖਵਾਉਣ ਦਾ ਹੱਕ ਰੱਖਦੇ ਹਾਂ। ਸਾਡੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੋਈ ਵੱਡਾ ਮੰਨਣ ਨੂੰ ਰਾਜ਼ੀ ਨਹੀ। ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਹਾਂ, ਸੋਚ ਦੇ ਪੱਧਰ ਤੋ ਅਸੀਂ ਛੋਟੇ ਹੁੰਦੇ ਜਾਂਦੇ ਹਾਂ। ਅਸੀਂ ਹਰ ਰਿਸ਼ਤੇ ਨੂੰ ਆਪਣੇ ਮਤਲਬ ਲਈ ਰੱਖਦੇ ਤੇ ਕਈ ਵਾਰ ਵਰਤਦੇ ਵੀ ਹਾਂ। ਅਸੀ ਰਿਸ਼ਤੇਦਾਰ ਰਿਸ਼ਤੇ ਦਾ ਰੁਤਬਾ ਵੇਖ ਕੇ ਬਣਾਉਂਦੇ ਹਾਂ। ਜਿਸ ਰਿਸ਼ਤੇਦਾਰ ਜਾਇਦਾਦ ਪੈਸਾ ਜਿਆਦਾ ਹੁੰਦਾ ਉਸਦਾ ਸਤਿਕਾਰ ਵੀ ਉਨਾਂ ਵੱਧ ਤੇ ਜਿਸ ਕੋਲ ਪੈਸਾ ਨਹੀ ਉਸਦੇ ਲਈ ਤਾਂ ਸਾਡੇ ਕੋਲ ਟਾਈਮ ਵੀ ਨਹੀਂ ਹੁੰਦਾ। ਉਹ ਭਾਂਵੇ ਸਾਡੇ ਸਕਾ ਭੈਣ ਭਾਈ ਹੀ ਕਿਉਂ ਨਾ ਹੋਵੇ। ਬਹੁਤੇ ਰਿਸ਼ਤੇ ਤਾਂ ਨਿੱਭਣ ਹੀ ਗਰਜਾਂ ਕਰਕੇ ਡਹੇ ਹੁੰਦੇ ਨੇ ਕਿ ਪਤਾ ਨਹੀਂ ਕਿਹੜੇ ਵਕਤ ਲੌੜ ਪੈ ਸਕਦੀ ਹੈ। ਦਿਮਾਗ ਨਾਲ ਦੁਨੀਆਂਦਾਰੀ ਚੱਲਦੀ ਏ ਪਰ ਰਿਸ਼ਤੇ ਨਹੀ। ਪਰ ਬੱਚੇ ਹੁੰਦਿਆਂ ਅਜਿਹਾ ਕੁੱਝ ਵੀ ਨਹੀਂ ਹੁੰਦਾ ਉਦੋਂ ਸਭ ਕੁੱਝ ਦਿਲ ਤੋ ਹੁੰਦਾ ਏ। ਕੋਈ ਹੇਰ-ਫੇਰ ਨਹੀਂ ਸਵੇਰੇ ਲੜ ਕੇ ਸ਼ਾਮ ਨੂੰ ਫੇਰ ਇੱਕਠੇ ਕੋਈ ਗੁੱਸਾ ਨਹੀ, ਕੋਈ ਨਕਾਬ ਨਹੀਂ ਜਦੋਂ ਜੀਅ ਕੀਤਾ ਰੋ ਲਿਆ, ਜਦੋਂ ਮਨ ਕਰਿਆ ਹੱਸੇ। ਉਹ ਦੋਸਤੀ ਕਰਨ ਲੱਗਿਆਂ ਨਹੀਂ ਵੇਖਦੇ ਵੱਡੇ ਘਰ ਗੱਡੀਆਂ, ਨਹੀਂ ਕਰਦੇ ਕੋਈ ਊਚ-ਨੀਚ ਆਪਣੇ ਸਾਥੀਆਂ ਨਾਲ, ਬੱਸ ਕਰਦੇ ਨੇ ਦਿਲ ਖੋਲ ਕੇ ਪਿਆਰ ਤੇ ਮਾਣਦੇ ਨੇ ਇੱਕ ਦੂਜੇ ਦਾ ਸਾਥ। ਉਹ ਵੱਡਿਆਂ ਵਾਂਗ ਨਹੀਂ ਕਿ ਦਿਲ ਵਿੱਚ ਤਾਂ ਭਾਂਵੇ ਕਿਸੇ ਨਾਲ ਲੱਖ ਰੋਂਸੇ ਹੋਣ ਪਰ ਮੂੰਹ ਤੇ ਹੱਸ-ਹੱਸ ਕੇ ਮਿਲਦੇ ਰਹੀਏ।

ਕਹਿਣਾਂ ਗਲਤ ਨਹੀਂ ਹੋਵੇਗਾ ਕਿ ਜਦੋਂ-ਜਦੋਂ ਅਸੀਂ ਉਮਰ ਵਿੱਚ ਵੱਡੇ ਹੋਈ ਜਾਂਦੇ ਹਾਂ, ਉਵੇ-ਉਵੇ ਸਾਡੇ ਕਿਰਦਾਰ ਵਿੱਚ ਬਹੁਤ ਸਾਰੀ ਮਿਲਾਵਟ ਹੋਈ ਜਾਂਦੀ ਏ। ਅਸੀ ਬੱਸ ਆਪਣੀ ਚੌਧਰ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਤਾਂ ਹੀ ਬਹੁਤ ਘੱਟ ਮਾਪੇ ਹੁੰਦੇ ਨੇ ਜੋ ਬੱਚਿਆਂ ਦੇ ਹਾਣ ਦੇ ਹੋ ਕੇ ਉਹਨਾਂ ਨੂੰ ਹੱਲਾਂਸ਼ੇਰੀ ਦੇਣ। ਬਹੁਤੇ ਤਾਂ ਬੱਚਿਆਂ ਨੂੰ ਦਬਦਬਾ ਬਣਾਉਣ ਲਈ ਆਪਣੇ-ਆਪ ਨੂੰ ਹਮੇਸ਼ਾ ਸਹੀ ਦੱਸਦੇ ਰਹਿੰਦੇ ਨੇ। ਉਹ ਭੁੱਲ ਜਾਂਦੇ ਨੇ ਬੱਚੇ ਤੇ ਸਿਆਣੇ ਬੰਦੇ ਦੀ ਉਮਰ ਵਿੱਚ ਕਿੰਨਾ ਫਰਕ ਏ। ਬੱਚੇ ਸਾਡੇ ਵਾਂਗ ਨਹੀ ਸੋਚ ਸਕਦੇ ਤੇ ਅਸੀਂ ਬੱਚਿਆਂ ਵਾਂਗ ਨਹੀ। ਪਰ ਬੱਚੇ ਹਰ ਵਾਰ ਗਲਤ ਨਹੀਂ ਹੁੰਦੇ। ਕਦੀ-ਕਦੀ ਸਾਨੂੰ ਉਹਨਾਂ ਦਾ ਨਜ਼ਰੀਆ ਵੀ ਸਮਝ ਲੈਣਾ ਚਾਹੀਦਾ ਹੈ। ਬਹੁਤੀ ਵਾਰ ਤਾਂ ਬੱਚੇ ਨੂੰ ਧਿਆਨ ਨਾਲ ਸੁਣਕੇ ਸਾਨੂੰ ਉਸਦੀ ਗੱਲਬਾਤ ਤੋ ਹੀ ਪਤਾ ਲੱਗ ਜਾਂਦਾ ਕਿ ਸਾਡਾ ਉਸਦੇ ਨਾਲ ਤਾਲਮੇਲ ਫਿੱਟ ਬੈਠ ਰਿਹਾ ਹੈ ਕਿ ਨਹੀਂ।

ਬੱਚਿਆਂ ਉੱਤੇ ਪਾਇਆ ਗਿਆ ਬੇਲੋੜਾ ਬੌਝ ਮਾਪਿਆਂ ਨੂੰ ਉਹਨਾਂ ਦੇ ਦਿਲ ਤੋ ਹਮੇਸ਼ਾ ਲਈ ਦੂਰ ਕਰ ਦਿੰਦਾ ਏ। ਕਿਉਂਕਿ ਅੱਜ ਤਾਂ ਉਹ ਬੱਚੇ ਨੇ ਪਰ ਕਿਸੇ ਦਿਨ ਉਹਨਾਂ ਨੇ ਵੀ ਵੱਡੇ ਹੋ ਜਾਣਾਂ ਏ। ਫੇਰ ਉਹ ਤੈਅ ਕਰਨਗੇ ਕਿ ਤੁਸੀਂ ਉਹਨਾਂ ਦੇ ਨਾਲ ਰਹਿਣਾ ਹੈ ਕਿ ਉਹ ਤੁਹਾਡੀ ਗੈਰਹਾਜ਼ਰੀ ਵਿੱਚ ਜ਼ਿਆਦਾ ਖੁਸ਼ ਨੇ ।

ਸਾਡੇ ਸਮਾਜ ਵਿੱਚ ਅਕਸਰ ਏਦਾਂ ਹੀ ਚੱਲਦਾ ਰਹਿੰਦਾ ਕਿ ਸਾਡੇ ਮਾਪੇ ਤਾਂ ਇਵੇਂ ਕਰਦੇ ਸੀ। ਅਸੀ ਵੀ ਉਹਨਾਂ ਦੇ ਅਸੂਲਾਂ ਉੱਤੇ ਚੱਲੇ ਹੁਣ ਤੁਸੀਂ ਵੀ ਚੱਲੋ। ਜੇ ਕੋਈ ਬੱਚਾ ਸਿੰਗਰ ਬਣਨਾ ਚਾਹੁੰਦਾ, ਪੇਂਟਰ, ਲੇਖਕ ਜਾਂ ਹੋਰ ਕੋਈ ਵੀ ਕਿੱਤਾ, ਜਿਸਦਾ ਉਸਨੂੰ ਸ਼ੌਕ ਹੈ, ਉਸਨੂੰ ਆਪਣਾ ਕੈਰੀਅਰ ਬਣਾਉਣਾ ਪਸੰਦ ਕਰਦਾ, ਤਾਂ ਇਸ ਵਿੱਚ ਗਲਤ ਕੀ ਏ? ਉਸਨੂੰ ਕਰਨ ਦਿਉ ਉਸ ਉੱਤੇ ਵਿਸ਼ਵਾਸ ਰੱਖੋ ਤੇ ਉਸਦਾ ਸਾਥ ਦਿਓ। ਇਹ ਨਹੀਂ ਕਿ ਉਸਨੂੰ ਜ਼ਬਰਦਸਤੀ ਆਪਣੇ ਵਾਲੀ ਥਾਂ ਉੱਤੇ ਬਿਠਾ ਆਪ ਤਾਂ ਚਾਰ ਲੋਕਾਂ ਵਿੱਚ ਖੁਸ਼ੀ ਮਹਿਸੂਸ ਕਰੋ। ਤੇ ਬੱਚਾ ਸਾਰੀ ਉਮਰ ਮਨ ਮਾਰ ਕੇ ਜਿੰਦਗੀ ਕੱਢ ਦੇਵੇ।

ਬਹੁਤੇ ਮਾਪੇ ਬਜ਼ੁਰਗ ਅਵਸਥਾ ਵਿੱਚ ਆ ਕੇ ਆਪਣੀ ਪਹਿਲੀ ਉਮਰ ਵਿੱਚ ਕੀਤੇ ਹੋਏ ਸਖ਼ਤ ਵਿਵਹਾਰ ਨੂੰ ਭੁੱਲ ਜਾਂਦੇ ਨੇ ਤੇ ਆਸ ਕਰਦੇ ਨੇ ਬੱਚੇ ਉਹਨਾਂ ਦੀ ਦਿਨ ਰਾਤ ਸੇਵਾ ਕਰਨ, ਬਿਨਾਂ ਕੋਈ ਸ਼ਿਕਾਇਤ ਕੀਤਿਆਂ। ਉਹ ਹਰ ਵੇਲੇ ਉਹਨਾਂ ਨੂੰ ਇਹੀ ਜਤਾੳਦੇ ਰਹਿੰਦੇ ਹਨ ਕਿ ਅਸੀ ਤਹਾਨੂੰ ਜੰਮਿਆ-ਪਾਲਿਆ ਏ, ਪੜ੍ਹਾਇਆ-ਲਿਖਾਇਆ ਏ। ਜੋ ਹਰ ਮਾਂ ਬਾਪ ਕਰਦਾ ਏ। ਸਾਡੇ ਬੱਚੇ ਵੀ ਅੱਗੇ ਆਪਣੇ ਬੱਚਿਆਂ ਲਈ ਕਰਨਗੇ। ਇਹ ਵਰਤਾਰਾ ਚੱਲਦਾ ਹੀ ਰਹਿਣਾ ਏ। ਪਰ ਜ਼ਮਾਨੇ ਦੇ ਹਿਸਾਬ ਨਾਲ ਖੁਦ ਨੂੰ ਥੋੜ੍ਹਾ ਬਦਲ ਲੈਣਾ ਤੁਹਾਡਾ ਰਿਸ਼ਤਾ ਮਜ਼ਬੂਤ ਕਰੇਗਾਂ। ਤੁਹਾਡੇ ਬੱਚੇ ਨਾਲ ਅੱਜ ਕੀਤਾ ਹੋਇਆ ਵਿਵਹਾਰ ਤੁਹਾਡੇ ਬੁਢਾਪੇ ਦਾ ਆਸਰਾ ਤੈਅ ਕਰਦਾ ਏ। ਸੋ ਹਰ ਪੀੜ੍ਹੀ ਦੇ ਵਿਚਲਾ ਅੰਤਰ ਉਸਦੀ ਤਰੱਕੀ ਲਈ ਜ਼ਿੰਮੇਵਾਰ ਹੁੰਦਾ ਹੈ। ਹਰ ਬੱਚਾ ਆਪਣਾ ਇੱਕ ਸੁਭਾਅ ਲੈ ਕੇ ਆਉਂਦਾ ਹੈ। ਉਸਨੂੰ ਆਪਣੇ ਤਰੀਕੇ ਨਾਲ ਬਦਲਣ ਦਾ ਯਤਨ ਨਾ ਕਰੀਏ। ਬੱਚੇ ਮਾਪਿਆਂ ਵੱਲ ਦੇਖਦੇ ਹੋਏ ਸਿੱਖਦੇ ਨੇ। ਆਪਣੇ ਕਿਰਦਾਰ ਨੂੰ ਉੱਚਾ ਰੱਖਣ ਦੀ ਕੋਸ਼ਿਸ਼ ਕਰੀਏ। ਜਿੱਥੇ ਬੱਚਿਆਂ ਤੋਂ ਸਿੱਖਣ ਦੀ ਲੋੜ ਹੋਵੇ, ਉਥੇ ਹੱਸ ਕੇ ਹਾਮੀ ਭਰੀਏ। ਵੱਡੇ ਹੋਣ ‘ਤੇ ਦਿਲ ਦੀ ਅਮੀਰੀ ਨੂੰ ਵੱਡਾ ਕਰੀਏ।

ਬੱਚਿਆਂ ਨੂੰ ਉਹਨਾਂ ਦੇ ਹਿੱਸੇ ਦਾ ਆਸਮਾਨ ਦੇਈਏ। ਕਾਮਯਾਬੀ ਦੀ ਉਡਾਰੀ ਭਰਨ ਲਈ। ਆਪਣੇ ਸੁਪਨੇ, ਚਾਂਅ-ਰੀਝਾਂ ਦੀਆਂ ਵਾਗਾਂ ਫੜਨ ਲਈ !

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !