ਮਹਾਰਾਸ਼ਟਰ ਮੰਤਰੀ ਮੰਡਲ ਦਾ ਅਗਲੇ ਹਫ਼ਤੇ ਵਿਸਥਾਰ, ਸੁਪਰੀਮ ਕੋਰਟ ਦੀ ਭਲਕੇ ਸੁਣਵਾਈ ‘ਤੇ ਸਭ ਦੀਆਂ ਨਜ਼ਰਾਂ

ਨਵੀਂ ਦਿੱਲੀ – ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਸਿਆਸੀ ਉਥਲ-ਪੁਥਲ ਜਾਰੀ ਹੈ। ਹੁਣ ਸਭ ਦੀਆਂ ਨਜ਼ਰਾਂ ਸੁਪਰੀਮ ਕੋਰਟ ‘ਤੇ ਹਨ, ਜਿੱਥੇ ਸੋਮਵਾਰ ਨੂੰ ਸ਼ਿੰਦੇ ਸਰਕਾਰ ਖਿਲਾਫ ਦਾਇਰ ਪਟੀਸ਼ਨ ‘ਤੇ ਸੁਣਵਾਈ ਹੋਵੇਗੀ। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਅਗਲੇ ਹਫ਼ਤੇ ਸ਼ਿੰਦੇ ਮੰਤਰੀ ਮੰਡਲ ਦਾ ਵਿਸਤਾਰ ਹੋ ਸਕਦਾ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਅਗਲੇ ਹਫ਼ਤੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਦੀ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨਾਲ ਹੋਈ ਮੀਟਿੰਗ ਦੌਰਾਨ ਨਵੀਂ ਕੈਬਨਿਟ ਬਾਰੇ ਵੀ ਚਰਚਾ ਹੋਈ ਹੈ। ਸ਼ਿੰਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਊਧਵ ਠਾਕਰੇ ਧੜੇ ਵੱਲੋਂ ਸ਼ਿੰਦੇ ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਫੈਸਲੇ ਤੋਂ ਤੁਰੰਤ ਬਾਅਦ ਹੋ ਸਕਦਾ ਹੈ।

ਇਸ ਦੌਰਾਨ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਾਡੀ ਸਰਕਾਰ ਕੋਲ ਬਹੁਮਤ ਹੈ। ਸਾਡੇ ਪੱਖ ‘ਚ 164 ਵਿਧਾਇਕ ਹਨ ਜਦਕਿ ਵਿਰੋਧੀ ਧਿਰ ਕੋਲ 99 ਵਿਧਾਇਕ ਹਨ। ਮਹਾਰਾਸ਼ਟਰ ਦੀ ਨਵੀਂ ਸਰਕਾਰ ਲੋਕਾਂ ਲਈ ਕੰਮ ਕਰੇਗੀ। ਮੈਂ ਸ਼ਿਵ ਸੈਨਾ-ਭਾਜਪਾ ਸਰਕਾਰ ਇਸ ਲਈ ਬਣਾਈ ਕਿਉਂਕਿ ਮਹਾਰਾਸ਼ਟਰ ਦੇ ਲੋਕ ਇਹ ਚਾਹੁੰਦੇ ਸਨ। ਇਹ ਲੋਕਾਂ ਦੀ ਮਰਜ਼ੀ ਦੀ ਸਰਕਾਰ ਹੈ। ਇਸ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਮਦਦ ਮਿਲੇਗੀ।

ਸ਼ੁੱਕਰਵਾਰ ਨੂੰ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਭਾਜਪਾ ਅਤੇ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਨਾਲ ਸੱਤਾ ਦੀ ਵੰਡ ਦੇ ਫਾਰਮੂਲੇ ‘ਤੇ ਕੇਂਦਰਿਤ ਸੀ। ਸੀਐਮ ਸ਼ਿੰਦੇ ਅਤੇ ਫੜਨਵੀਸ ਨੇ 30 ਜੂਨ ਨੂੰ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਸ਼ਿੰਦੇ ਦੀ ਅਗਵਾਈ ‘ਚ ਸ਼ਿਵ ਸੈਨਾ ਦੇ ਵਿਧਾਇਕਾਂ ਦੇ ਬਗਾਵਤ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਮਹਾਰਾਸ਼ਟਰ ‘ਚ ਸਿਆਸੀ ਸੰਕਟ ਦਾ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚ ਗਿਆ ਹੈ। ਸੁਪਰੀਮ ਕੋਰਟ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਏਕਨਾਥ ਸ਼ਿੰਦੇ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲੇ ਊਧਵ ਠਾਕਰੇ ਦੀ ਅਗਵਾਈ ਵਾਲੇ ਧੜੇ ਵੱਲੋਂ ਦਾਇਰ ਪਟੀਸ਼ਨ ‘ਤੇ 11 ਜੁਲਾਈ ਨੂੰ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ। ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਜੇ.ਕੇ. ਮਹੇਸ਼ਵਰੀ ਦੀ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਪਟੀਸ਼ਨ ਨੂੰ 11 ਜੁਲਾਈ ਨੂੰ ਉਚਿਤ ਬੈਂਚ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ।

ਦਰਅਸਲ ਮਹਾਰਾਸ਼ਟਰ ਮਾਮਲੇ ‘ਤੇ 11 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਸ਼ਿਵ ਸੈਨਾ ਦੇ ਊਧਵ ਧੜੇ ਨੇ ਸੁਪਰੀਮ ਕੋਰਟ ‘ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਹੈ। ਜਨਰਲ ਸਕੱਤਰ ਸੁਭਾਸ਼ ਦੇਸਾਈ ਦੀ ਪਟੀਸ਼ਨ ‘ਚ ਸ਼ਿੰਦੇ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਦੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਸਪੀਕਰ ਦੀ ਚੋਣ ਅਤੇ ਭਰੋਸੇ ਦੀ ਵੋਟ ਦੀ ਪ੍ਰਕਿਰਿਆ ਨੂੰ ਵੀ ਗਲਤ ਦੱਸਿਆ ਗਿਆ ਹੈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ