ਮਾਈ ਝੂੰਦਾ ਕਮੇਟੀ ਕੌਰ ?

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਪਿੰਡ ਦੇ ਖਾਨਦਾਨੀ ਪ੍ਰਵਾਰ ਦਾ ਇਕ ਨੌਜਵਾਨ ਲੜਕਾ ਕਾਲਜ ਦੀ ਪੜ੍ਹਾਈ ਕਰਨ ਸ਼ਹਿਰ ਜਾਣ ਲੱਗਾ। ਮੁੰਡਾਂ ਤਾਂ ਨੇਕ ਹੀ ਸੀ ਪਰ ਮਾੜੀ ਕਿਸਮਤ ਨੂੰ ਉਹ ਵਿਗੜਿਆਂ ਦੀ ਸੰਗਤ ਕਾਰਨ ਸ਼ਰਾਬ ਪੀਣ ਦਾ ਆਦੀ ਹੋ ਗਿਆ।

ਪੀਣ-ਪਿਲਾਣ ਦਾ ਸਿਲਸਿਲਾ ਕਾਫੀ ਚਿਰ ਤਾਂ ਚਲਦਾ ਰਿਹਾ ਪਰ ਸ਼ਾਇਦ ਘਰ ਦਿਆਂ ਨੂੰ ਪਤਾ ਲੱਗ ਗਿਆ,ਉਨ੍ਹਾਂ ਉਸਨੂੰ ਕਾਲਜ ਤੋਂ ਹਟਾ ਲਿਆ।ਕਾਲਜ ਜਾਣੋ ਹਟੇ ਨੂੰ ਹਫਤਾ ਕੁ ਹੋਇਆ ਸੀ ਕਿ ਇਕ ਸ਼ਾਮ ਉਹ ਆਪਣੇ ਘਰ ਦੇ ਵਿਹੜੇ ‘ਚ ਲਿਟਣ ਲੱਗ ਪਿਆ-

‘ਹਾਏ ਉਏ ਮੈਂ ਮਰ ਗਿਆ…..ਮੇਰੇ ਲੱਤਾਂ ਬਾਹਾਂ ‘ਚ ਦਰਦਾਂ ਹੋ ਰਹੀਆਂ! ਮੇਰਾ ਮੂੰਹ ਸੁੱਕਣ ਡਿਹਾ…..ਹਾਏ ਮਾਂ ਮੇਰਾ ਇਲਾਜ ਕਰਾਵੋ !’

ਉਹਦਾ ਚੀਕ-ਚਿਹਾੜਾ ਜਿਹਾ ਸੁਣਕੇ ਸਾਰਾ ਆਂਢ-ਗੁਆਂਢ ਵਿਹੜੇ ਵਿੱਚ ਆਣ ਜੁੜਿਆ! ਉਹਦੇ ਕੜਵੱਲਾਂ ਪੈਂਦੀਆਂ ਦੇਖ ਕੇ ਲੱਗ ਪਏ ਆਲ਼ੇ ਦੁਆਲ਼ਿਉਂ ਸੁਝਾਅ ਆਉਣ !

ਕੋਈ ਕਹੇ ਇਹਦੇ ਸਿਰ ‘ਚ ਤੇਲ ਝੱਸੋ.. ਕੋਈ ਕਹੇ ਤਲ਼ੀਆਂ ਝੱਸੋ…. ਕਿਸੇ ਦਾ ਨੁਸਖਾ ਸੀ ਕਿ ਇਹਨੂੰ ਦੁੱਧ ‘ਚ ਦੇਸੀ ਘਿਉ ਪਾ ਕੇ ਦਿਉ! ਕੁੱਝ ਮਾਈਆਂ ਕਹਿਣ ਕਿ ਗਰਮ ਗਰਮ ਕਾੜ੍ਹਾ ਪਿਲ਼ਾਉ ਇਹਨੂੰ !ਜਿੰਨੇ ਮੂੰਹ ਓਨੇ ਹੀ ਨੁਸਖੇ !

ਇਸ ਘਰ ਦੀ ਗੁਆਂਢਣ ਇਕ ਮਾਈ ਜੋ ਭੀੜ ਦੇ ਪਿੱਛੇ ਖੜ੍ਹੀ ਸੀ, ਉਹ ਬੋਲੀ- ‘ਇਹਨੂੰ ਕੁਸ਼ ਨੀ ਹੋਇਆ ਵਾ, ਨਸ਼ੇ ਦੀ ਤਲਬ ਦਾ ਮਾਰਿਆ ਕਲ਼ਪਦਾ ਐ….ਇਹਨੂੰ ਦੇਵੋ ਅਧੀਆ-ਪਊਆ ਲਿਆ ਕੇ…!’

‘ਕੱਠੇ ਹੋਏ ਲੋਕ ਜਦ ਉਸ ਮਾਈ ਦੀ ਅਵਾਜ ਨੂੰ ਅਣਗੌਲ਼ਿਆ ਜਿਹਾ ਕਰਕੇ ਰੰਗ-ਬਰੰਗੇ ਨੁਸਖੇ ਦੱਸੀ ਜਾ ਰਹੇ ਸੀ ਤਾਂ ਕਲ਼ਪਦਾ ਹੋਇਆ ਮੁੰਡਾ ਓਸ ਮਾਈ ਵੱਲ੍ਹ ਇਸ਼ਾਰਾ ਕਰਕੇ ਬੋਲਿਆ-

“ਉਹ ਲੋਕੋ ਤੁਸੀਂ ਯੱਭਲ਼ੀਆਂ ਕਿਉਂ ਮਾਰੀ ਜਾਨੇ ਐਂ…..ਔਹ ਵਿਚਾਰੀ ਮਾਈ ਦੀ ਤਾਂ ਗੱਲ ਸੁਣ ਲਉ ਕੋਈ ?”

ਇਹ ਕਹਾਣੀ ਸੁਣ ਕੇ ਹੁਣ ਚਲਦੇ ਹਾਂ ਅਕਾਲੀ ਸਿਆਸਤ ਦੇ ਪਿੜ ਵੱਲ੍ਹ ! ਬਾਦਲ ਦਲੀਏ ਹੋਰ ਹੋਰ ਯੱਭਲ਼ੀਆਂ ਤਾਂ ਬਥੇਰੀਆਂ ਮਾਰੀ ਜਾ ਰਹੇ ਹਨ ਪਰ ਝੂੰਦਾ ਕਮੇਟੀ ਵਲੋਂ ਸੁਝਾਏ ‘ਨੁਸਖੇ’ ਬਾਰੇ ਮੂੰਹ ਨਹੀਂ ਖੋਲ੍ਹਦੇ!

ਉਕਤ ਲੋਕ-ਵਾਰਤਾ ਵਿਚਲੀ ਮਾਤਾ ਦਾ ਨਾਂ ‘ਮਾਈ ਝੂੰਦਾ ਕਮੇਟੀ ਕੌਰ’ ਹੋਣਾ ਚਾਹੀਦਾ ਐ !

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !