ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਵਿੱਚ 9ਵਾਂ ਚੈਲੇਂਜਰ ਕੱਪ ਸ਼ਾਨਦਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਦੇ ਲਗਭਗ ਸਾਰੇ ਰਾਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। IPL ਅਤੇ ਭਾਰਤੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ, ਜਿਸ ਨਾਲ ਟੂਰਨਾਮੈਂਟ ਦੀ ਰੌਣਕ ਚਰਮ ਸੀਮਾ ‘ਤੇ ਹੈ।
ਨਾਈਟ ਮੈਚ ਦੌਰਾਨ ਪਟਿਆਲਾ ਸ਼ਾਹੀ ਕ੍ਰਿਕਟ ਕਲੱਬ ਅਤੇ ਦਿੱਲੀ ਚੈਲੇਂਜਰ ਕ੍ਰਿਕਟ ਕਲੱਬ ਵਿਚਕਾਰ ਰੋਮਾਂਚਕ ਮੁਕਾਬਲਾ ਹੋਇਆ। ਇਸ ਮੌਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਮੀਤ ਹੇਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, “ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਨੇ ਪੰਜਾਬ ਦੇ ਗਿਣੇ-ਚੁਣੇ ਵਧੀਆ ਮੈਦਾਨਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੋਈ ਹੈ। ਬਰਨਾਲਾ ਜ਼ਿਲ੍ਹੇ ਤੋਂ ਵੀ ਟੀਮਾਂ ਇੱਥੇ ਆ ਕੇ ਖੇਡ ਚੁੱਕੀਆਂ ਹਨ। ਉਹ ਖੁਦ ਵੀ ਕ੍ਰਿਕਟ ਦੇ ਪ੍ਰੇਮੀ ਹਨ ਅਤੇ ਭਵਿੱਖ ਵਿੱਚ ਇਸ ਮੈਦਾਨ ਵਿੱਚ ਖੇਡਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਸਰਾਹਨਾ ਕਰਦਿਆਂ ਕਿਹਾ ਕਿ 2022-23 ਵਿੱਚ ਅੰਡਰ-23 ਟੀਮ ਨੇ ਸਾਰੇ ਜ਼ਿਲ੍ਹਿਆਂ ਨੂੰ ਹਰਾਕੇ ਪੰਜਾਬ ਵਿੱਚ ਨੰਬਰ-1 ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਦਾਨ ਵਿੱਚ ਖਿਡਾਰੀਆਂ ਲਈ ਬਣਾਈਆਂ ਗਈਆਂ ਨੈੱਟ ਪ੍ਰੈਕਟਿਸ ਥਾਵਾਂ ਅਤੇ ਹੋਰ ਸੁਵਿਧਾਵਾਂ ਦਾ ਵੀ ਜਾਇਜ਼ਾ ਲਿਆ।
ਇਸ ਦੌਰਾਨ ਕਮੈਂਟਰੀ ਦੌਰਾਨ ਜੰਮੂ ਤੋਂ ਮਿਸਟਰ ਅਜੇ ਕੁਮਾਰ ਸਰਮੇਘਾ ਅਤੇ ਵਿਸ਼ਾਲ ਸ਼ਰਮਾ ਨੇ ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਜੋੜ ਕੇ ਰੱਖਿਆ। ਮੈਚ ਵਿੱਚ ਪਟਿਆਲਾ ਸ਼ਾਹੀ ਨੇ 74 ਰਨ ਅਤੇ 4 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਅੰਕਿਤ ਚੌਧਰੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ “ਮੈਨ ਆਫ਼ ਦ ਮੈਚ” ਦਾ ਇਨਾਮ ਮੁੱਖ-ਮਹਿਮਾਨ ਵੱਲੋਂ ਪ੍ਰਦਾਨ ਕੀਤਾ ਗਿਆ।
ਅੰਤ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਆਰਗੇਨਾਈਜ਼ਰਾਂ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਗੁਰਪ੍ਰੀਤ ਸਿੰਘ ਭੁੱਚਰ, ਜਤਿੰਦਰ ਅਗਰਾ, ਸਹਜਪ੍ਰੀਤ ਸਿੰਘ, ਜਗਮੋਹਨ, ਵਿਨੇ ਪਾਲ, ਰਾਜਪ੍ਰੀਤ ਝੱਬਰ, ਗੁਰਪ੍ਰੀਤ ਮੋਨੀ, ਮਨੁ ਸ਼ਰਮਾ, ਕੇਵਲ ਸ਼ਰਮਾ ਅਤੇ ਗੁਰਪ੍ਰੀਤ ਬੱਬੂ ਸਮੇਤ ਆਰਗੇਨਾਈਜ਼ਰ ਕਮੇਟੀ ਦੇ ਰਮਨਦੀਪ ਸਿੰਘ, ਦਲਬੀਰ ਬਿੱਟੂ ਅਤੇ ਮਨਪ੍ਰੀਤ ਸਿੰਘ ਪਟਵਾਰੀ ਹਾਜ਼ਰ ਸਨ, ਜਿਨ੍ਹਾਂ ਨੇ ਮੁੱਖ-ਮਹਿਮਾਨ ਮੈਂਬਰ ਪਾਰਲੀਮੈਂਟ ਮੀਤ ਹੇਅਰ ਦਾ ਧੰਨਵਾਦ ਕੀਤਾ।