ਨਵਾਂ ਫੁੱਟਸਕਰੇਅ ਹਸਪਤਾਲ ਪੱਛਮੀ ਮੈਲਬੌਰਨ ਦੇ ਲੋਕਾਂ ਇਲਾਜ ਹੋਰ ਵੀ ਤੇਜ਼ ਤੇ ਆਸਾਨ ਹੋਵੇਗਾ

ਨਵਾਂ ਫੁੱਟਸਕਰੇਅ ਹਸਪਤਾਲ 1.5 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਹੈ।

ਵਿਕਟੋਰੀਆ ਸਰਕਾਰ ਨੇ ਪੱਛਮੀ ਮੈਲਬੌਰਨ ਦੇ ਪਰਿਵਾਰਾਂ ਲਈ ਵੱਡੀ ਸੌਗਾਤ ਦਿੱਤੀ ਹੈ। 1.5 ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਨਵਾਂ ਫੁੱਟਸਕਰੇਅ ਹਸਪਤਾਲ ਹੁਣ ਲੋਕਾਂ ਲਈ ਖੁੱਲਣ ਜਾ ਰਿਹਾ ਹੈ, ਜਿਸ ਨਾਲ ਇਲਾਜ ਹੋਰ ਵੀ ਤੇਜ਼ ਅਤੇ ਆਸਾਨ ਹੋਵੇਗਾ।

ਵਿਕਟੋਰੀਆ ਦੀ ਪ੍ਰੀਮੀਅਰ ਜੇਸਿੰਟਾ ਐਲਨ ਨੇ ਅੱਜ ਐਮਰਜੈਂਸੀ ਡਿਪਾਰਟਮੈਂਟ (ED) ਦਾ ਦੌਰਾ ਕੀਤਾ। ਇਹ ਨਵਾਂ ਐਮਰਜੈਂਸੀ ਡਿਪਾਰਟਮੈਂਟ ਕੱਲ੍ਹ ਸਵੇਰੇ 8:00 ਵਜੇ ਮਰੀਜ਼ਾਂ ਲਈ ਖੋਲ੍ਹਿਆ ਜਾਵੇਗਾ।

ਪੁਰਾਣਾ ਫੁੱਟਸਕਰੇਅ ਹਸਪਤਾਲ ਵਿਕਟੋਰੀਆ ਦੇ ਸਭ ਤੋਂ ਵਿਆਸਤ ਐਮਰਜੈਂਸੀ ਵਿਭਾਗਾਂ ਵਿੱਚੋਂ ਇੱਕ ਸੀ। ਹੁਣ ਨਵਾਂ ਅਤੇ ਵੱਡਾ ਐਮਰਜੈਂਸੀ ਡਿਪਾਰਟਮੈਂਟ ਹਰ ਸਾਲ 20,000 ਵਧੇਰੇ ਮਰੀਜ਼ਾਂ ਦਾ ਇਲਾਜ ਕਰ ਸਕੇਗਾ। ਹੁਣ ਨਵਾਂ ਅਤੇ ਵੱਡਾ ਐਮਰਜੈਂਸੀ ਡਿਪਾਰਟਮੈਂਟ ਨਵੀਆਂ ਸਹੂਲਤਾਂ, ਵਧੇਰੇ ਰੀਸਸਿਟੇਸ਼ਨ ਬੇਅਜ਼, ਫਾਸਟ-ਟ੍ਰੈਕ ਬੇਅਜ਼, ਐਕਿਊਟ ਅਤੇ ਸ਼ੋਰਟ-ਸਟੇਅ ਬੈੱਡ, ਹਾਈ-ਟੈਕ ਰੇਡੀਓਲੋਜੀ ਹੱਬ (CT, ਅਲਟਰਾਸਾਊਂਡ ਅਤੇ ਐਕਸ-ਰੇ) ਅਤੇ 5,000 ਤੋਂ ਵੱਧ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਹੋਵੇਗਾ।

ਨਵੇਂ ਐਮਰਜੈਂਸੀ ਡਿਪਾਰਟਮੈਂਟ ਵਿੱਚ ਮਾਨਸਿਕ ਸਿਹਤ ਅਤੇ ਸ਼ਰਾਬ-ਨਸ਼ਾ ਇਲਾਜ ਲਈ ਖਾਸ ਹੱਬ ਵੀ ਬਣਾਇਆ ਗਿਆ ਹੈ। ਇਸ ਨਾਲ ਮਰੀਜ਼ਾਂ ਨੂੰ ਤੁਰੰਤ ਸਹੀ ਮਾਹਿਰਾਂ ਕੋਲ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਜਲਦੀ ਸਹਾਇਤਾ ਮਿਲੇਗੀ। ਇਸ ਨਾਲ ਐਮਰਜੈਂਸੀ ਵਿੱਚ ਇੰਤਜ਼ਾਰ ਦਾ ਸਮਾਂ ਘਟੇਗਾ ਅਤੇ ਐਂਬੂਲੈਂਸ ਕਰਮਚਾਰੀ ਜਲਦੀ ਆਪਣੀ ਸੇਵਾ ‘ਤੇ ਵਾਪਸ ਜਾ ਸਕਣਗੇ।

Western Health ਨੇ ਖੁੱਲ੍ਹਣ ਤੋਂ ਪਹਿਲਾਂ ਪੂਰੀ ਤਿਆਰੀ ਕੀਤੀ ਹੈ। 4,500 ਤੋਂ ਵੱਧ ਸਟਾਫ ਨੇ ਨਵੀਆਂ ਤਕਨੀਕਾਂ ਦੀ ਟ੍ਰੇਨਿੰਗ ਲਈ ਹੈ ਅਤੇ ਪਿਛਲੇ ਸਾਲ ਇੱਕ ਸਫਲ ਮੌਕ ਟ੍ਰਾਂਸਫਰ ਵੀ ਕੀਤਾ ਗਿਆ ਸੀ।

ਕੱਲ੍ਹ ਸਵੇਰੇ 7:30 ਵਜੇ ਪਹਿਲਾ ਮਰੀਜ਼ ਪੁਰਾਣੇ ਹਸਪਤਾਲ ਤੋਂ ਨਵੇਂ ਹਸਪਤਾਲ ਵਿੱਚ ਲਿਆਂਦਾ ਜਾਵੇਗਾ। ਸ਼ਾਮ 6:00 ਵਜੇ ਤੱਕ ਸਾਰਾ ਤਬਾਦਲਾ ਮੁਕੰਮਲ ਹੋਣ ਦੀ ਉਮੀਦ ਹੈ। ਲਗਭਗ 180 ਮਰੀਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਤਬਦੀਲ ਕੀਤਾ ਜਾਵੇਗਾ।

ਇਸ ਸਬੰਧੀ ਪ੍ਰੀਮੀਅਰ ਜੇਸਿੰਟਾ ਐਲਨ ਨੇ ਕਿਹਾ ਹੈ ਕਿ, “ਅਸੀਂ ਵਾਅਦੇ ਅਨੁਸਾਰ ਮੈਲਬੌਰਨ ਦੇ ਪੱਛਮ ਦੇ ਪਰਿਵਾਰਾਂ ਦੀ ਜ਼ਿੰਦਗੀ ਆਸਾਨ ਬਣਾ ਰਹੇ ਹਾਂ।”

ਸਿਹਤ ਮੰਤਰੀ ਮੇਰੀ-ਐਨ ਥੌਮਸ ਨੇ ਕਿਹਾ ਹੈ, “ਨਵਾਂ ਐਮਰਜੈਂਸੀ ਡਿਪਾਰਟਮੈਂਟ ਲੋਕਾਂ ਨੂੰ ਤੇਜ਼ ਇਲਾਜ ਦੇਵੇਗਾ ਅਤੇ ਐਂਬੂਲੈਂਸ ਸੇਵਾਵਾਂ ਨੂੰ ਮਜ਼ਬੂਤ ਕਰੇਗਾ।”

ਮਾਨਸਿਕ ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਹੈ ਕਿ, “ਮਾਨਸਿਕ ਸਿਹਤ ਹੱਬ ਨਾਲ ਲੋੜਵੰਦ ਮਰੀਜ਼ਾਂ ਨੂੰ ਸਹੀ ਅਤੇ ਸਮੇਂ ਸਿਰ ਸਹਾਇਤਾ ਮਿਲੇਗੀ।”

ਫੁੱਟਸਕਰੇਅ ਦੀ ਸੰਸਦ ਮੈਂਬਰ ਕੇਟੀ ਹਾਲ ਨੇ ਇਸਨੂੰ ਕਮਿਊਨਿਟੀ ਲਈ ਇਤਿਹਾਸਕ ਦਿਨ ਕਰਾਰ ਦਿੱਤਾ ਹੈ।

ਲੈਵਰਟਨ ਦੀ ਸੰਸਦ ਮੈਂਬਰ ਸਾਰਾਹ ਕੋਨੌਲੀੇ ਨੇ ਕਿਹਾ ਕਿ, “ਇੰਤਜ਼ਾਰ ਖਤਮ ਹੋਣ ਵਾਲਾ ਹੈ – ਨਵਾਂ ਫੁੱਟਸਕਰੇ ਹਸਪਤਾਲ ਆਪਣੇ ਦਰਵਾਜ਼ੇ ਖੋਲ੍ਹਣ ਜਾ ਰਿਹਾ ਹੈ।”

ਵਿਕਟੋਰੀਆ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਕਟੋਰੀਆ ਵਿੱਚ 11 ਨਵੇਂ ਹਸਪਤਾਲ ਬਣਾ ਚੁੱਕੀ ਹੈ ਅਤੇ ਲੋਕਾਂ ਨੂੰ ਮਜ਼ਬੂਤ ਸਰਕਾਰੀ ਸਿਹਤ ਸਿਸਟਮ ਦੇਣ ਲਈ ਵਚਨਬੱਧ ਹੈ।

Related posts

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !

ਭਾਰਤੀ ਸੰਸਦ ਅਖਾੜਾ, ਦੰਗਲ ਜਾਂ ਲੋਕਤੰਤਰ

ਆਯੁਰਵੈਦਿਕ ਇਲਾਜ ਵੀ ਬੀਮੇ ਅਧੀਨ ਕਰਨ ਲਈ AIIA ਦਾ 32 ਬੀਮਾ ਕੰਪਨੀਆਂ ਨਾਲ ਸਮਝੌਤਾ