ਆਸਟ੍ਰੇਲੀਆ ਨੂੰ ਟੀ-20 ਵਿਸ਼ਵ ਕੱਪ ਵਿੱਚ ਇੱਕ ਹੋਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੋਮਵਾਰ ਦੇ ਤੀਜੇ ਮੈਚ ਵਿੱਚ ਸ਼੍ਰੀਲੰਕਾ ਨੇ ਉਸਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਹੁਣ, ਆਸਟ੍ਰੇਲੀਆ ਦੀਆਂ ਉਮੀਦਾਂ ਸਿਰਫ਼ ਜ਼ਿੰਬਾਬਵੇ ਦੀ ਹਾਰ ‘ਤੇ ਟਿੱਕੀਆਂ ਹੋਈਆਂ ਹਨ। ਜੇ ਜ਼ਿੰਬਾਬਵੇ ਅੱਜ ਮੰਗਲਵਾਰ ਦੇ ਮੈਚ ਵਿੱਚ ਆਇਰਲੈਂਡ ਨੂੰ ਹਰਾ ਦਿੰਦਾ ਹੈ ਤਾਂ ਆਸਟ੍ਰੇਲੀਆ ਟੀ-20 ਵਰਲਡ ਕੱਪ ਤੋਂ ਬਾਹਰ ਹੋ ਸਕਦਾ ਹੈ।
ਆਸਟ੍ਰੇਲੀਆ ਨੂੰ ਹੁਣ ਜ਼ਿੰਬਾਬਵੇ ਦੇ ਦੋਵੇਂ ਮੈਚ ਹਾਰਨ ਦੀ ਉਡੀਕ ਕਰਨ ਦੇ ਨਾਲ-ਨਾਲ ਹੀ ਓਮਾਨ ਵਿਰੁੱਧ ਆਖਰੀ ਮੈਚ ਵਿੱਚ ਜਿੱਤ ਦਾ ਇੰਤਜ਼ਾਰ ਵੀ ਕਰਨਾ ਪਵੇਗਾ। ਆਸਟ੍ਰੇਲੀਆ ਸਿਰਫ਼ ਤਾਂ ਹੀ ਕੁਆਲੀਫਾਈ ਕਰ ਸਕੇਗਾ ਜੇਕਰ ਜ਼ਿੰਬਾਬਵੇ, ਸ਼੍ਰੀਲੰਕਾ ਅਤੇ ਆਇਰਲੈਂਡ ਤੋਂ ਹਾਰ ਜਾਂਦਾ ਹੈ। ਆਸਟ੍ਰੇਲੀਆ ਦਾ ਗਰੁੱਪ ਬੀ ਵਿੱਚ ਵਧੀਆ ਰਨ ਰੇਟ ਵੀ ਜਰੂਰੀ ਹੈ। ਜੇ ਜ਼ਿੰਬਾਬਵੇ ਆਪਣੇ ਆਖਰੀ ਦੋ ਮੈਚਾਂ ਵਿੱਚੋਂ ਕੋਈ ਇੱਕ ਜਿੱਤ ਲੈਂਦਾ ਹੈ ਤਾਂ ਉਹ ਸੁਪਰ 8 ਵਿੱਚ ਸ਼ਾਮਿਲ ਹੋ ਜਾਵੇਗਾ।
ਆਸਟ੍ਰੇਲੀਆ, ਸ਼੍ਰੀਲੰਕਾ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਗਰੁੱਪ ਬੀ ਦਾ ਹਿੱਸਾ ਹਨ। ਸ਼੍ਰੀਲੰਕਾ ਨੇ ਹੁਣ ਤੱਕ ਤਿੰਨ ਵਿੱਚੋਂ ਤਿੰਨ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਸਿਖਰ ‘ਤੇ ਹੈ। ਸ਼੍ਰੀਲੰਕਾ ਨੇ ਸੁਪਰ 8 ਲਈ ਵੀ ਕੁਆਲੀਫਾਈ ਕਰ ਲਿਆ ਹੈ। ਜ਼ਿੰਬਾਬਵੇ ਦੂਜੇ ਸਥਾਨ ‘ਤੇ ਹੈ ਉਸਨੇ ਵੀ ਆਪਣੇ ਦੋਵੇਂ ਮੈਚ ਜਿੱਤੇ ਹਨ। ਜ਼ਿੰਬਾਬਵੇ ਨੇ ਪਹਿਲਾਂ ਵੀ ਆਸਟ੍ਰੇਲੀਆ ਨੂੰ ਹਰਾ ਦਿੱਤਾ ਸੀ। ਇਸ ਦੌਰਾਨ ਆਸਟ੍ਰੇਲੀਆ ਨੇ ਤਿੰਨ ਮੈਚਾਂ ਵਿੱਚੋਂ ਸਿਰਫ਼ ਇੱਕ ਜਿੱਤਿਆ ਹੈ ਅਤੇ ਤੀਜੇ ਸਥਾਨ ‘ਤੇ ਹੈ। ਆਇਰਲੈਂਡ ਅਤੇ ਓਮਾਨ ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ।
ਆਸਟ੍ਰੇਲੀਆ ਕੋਲ ਹੁਣ ਗਰੁੱਪ ਬੀ ਵਿੱਚ ਇੱਕ ਮੈਚ ਖੇਡਣਾ ਬਚਿਆ ਹੈ, ਜਦੋਂ ਕਿ ਜ਼ਿੰਬਾਬਵੇ ਕੋਲ ਦੋ ਹਨ। ਜੇ ਜ਼ਿੰਬਾਬਵੇ ਆਪਣੇ ਦੋ ਮੈਚਾਂ ਵਿੱਚੋਂ ਇੱਕ ਵੀ ਜਿੱਤ ਲੈਂਦਾ ਹੈ ਤਾਂ ਵੀ ਉਹ ਕੁਆਲੀਫਾਈ ਕਰ ਲਵੇਗਾ ਕਿਉਂਕਿ ਉਸਦੇ ਛੇ ਅੰਕ ਹੋ ਜਾਣਗੇ ਅਤੇ ਆਸਟ੍ਰੇਲੀਆ ਨਾਲੋਂ ਬਿਹਤਰ ਨੈੱਟ ਰਨ ਰੇਟ ਹੋਵੇਗਾ। ਆਸਟ੍ਰੇਲੀਆ ਕੋਲ ਇੱਕ ਮੈਚ ਹੈ ਜੇ ਉਹ ਜਿੱਤ ਵੀ ਜਾਂਦਾ ਹੈ ਤਾਂ ਉਸ ਦੀਆਂ ਉਮੀਦਾਂ ਸਿਰਫ਼ ਜ਼ਿੰਬਾਬਵੇ ਦੇ ਦੋਨੋਂ ਮੈਚਾਂ ਨੂੰ ਵੱਡੇ ਫਰਕ ਨਾਲ ਹਾਰਨ ਉਪਰ ਹੀ ਟਿੱਕੀਆਂ ਹੋਣਗੀਆਂ। ਇਸ ਲੜੀ ਦੀ ਸ਼ੁਰੂਆਤ ਤੋਂ ਹੀ ਆਸਟ੍ਰੇਲੀਆ ਨੂੰ ਟੀ-20 ਵਰਲਡ ਕੱਪ ਜਿੱਤਣ ਦਾ ਇੱਕ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਜ਼ਿੰਬਾਬਵੇ ਤੋਂ ਹੋਈ ਹਾਰ ਨੇ ਟੀ-20 ਵਰਲਡ ਕੱਪ ਜਿੱਤਣ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਕੇ ਜਰੂਰ ਰੱਖ ਦਿੱਤਾ ਹੈ।
ਜੇਕਰ ਆਸਟ੍ਰੇਲੀਆ ਦੇ ਸ਼੍ਰੀਲੰਕਾ ਨਾਲ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ, ਪੱਲੇਕੇਲੇ ਸਟੇਡੀਅਮ ਵਿੱਚ ਕੱਲ੍ਹ ਦੇਰ ਰਾਤ ਹੋਏ ਗਰੁੱਪ ਬੀ ਮੈਚ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ 20 ਓਵਰਾਂ ਵਿੱਚ 181 ਦੌੜਾਂ ‘ਤੇ ਆਲ ਆਊਟ ਹੋ ਗਿਆ। ਟਾਸ ਹਾਰਨ ਅਤੇ ਬੱਲੇਬਾਜ਼ੀ ਕਰਨ ਤੋਂ ਬਾਅਦ ਆਸਟ੍ਰੇਲੀਅਨ ਓਪਨਰਾਂ ਨੇ ਆਪਣੀ ਟੀਮ ਦੀ ਇੱਕ ਮਜ਼ਬੂਤ ਸ਼ੁਰੂਆਤ ਕੀਤੀ। ਟ੍ਰੈਵਿਸ ਹੈੱਡ ਅਤੇ ਮਿਸ਼ੇਲ ਮਾਰਸ਼ ਦੀ ਜੋੜੀ ਨੇ 51 ਗੇਂਦਾਂ ਵਿੱਚ ਪਹਿਲੀ ਵਿਕਟ ਲਈ 104 ਦੌੜਾਂ ਜੋੜੀਆਂ। ਦੋਵਾਂ ਨੇ ਅਰਧ ਸੈਂਕੜੇ ਲਗਾਏ। ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਨੇ 56 ਦੌੜਾਂ ਅਤੇ ਮਿਸ਼ੇਲ ਮਾਰਸ਼ ਨੇ 54 ਦੌੜਾਂ ਬਣਾਈਆਂ। ਉਨ੍ਹਾਂ ਨੇ ਇੱਕ ਸੈਂਕੜੇ ਦਾ ਭਾਈਵਾਲੀ ਕੀਤੀ। ਜੋਸ਼ ਇੰਗਲਿਸ ਨੇ 27 ਦੌੜਾਂ ਅਤੇ ਗਲੇਨ ਮੈਕਸਵੈੱਲ ਨੇ 22 ਦੌੜਾਂ ਬਣਾਈਆਂ। ਦੁਸ਼ਮੰਥਾ ਹੇਮੰਥ ਨੇ ਤਿੰਨ ਵਿਕਟਾਂ ਲਈਆਂ। ਦੁਸ਼ਮੰਥਾ ਚਮੀਰਾ ਨੇ ਦੋ ਵਿਕਟਾਂ ਲਈਆਂ।
ਸ਼੍ਰੀਲੰਕਾ ਨੇ 18 ਓਵਰਾਂ ਵਿੱਚ 2 ਵਿਕਟਾਂ ‘ਤੇ 182 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਸ਼ੁਰੂਆਤ ਚੰਗੀ ਰਹੀ। ਟੀਮ ਨੇ ਦੂਜੇ ਓਵਰ ਵਿੱਚ 8 ਦੌੜਾਂ ‘ਤੇ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਕੁਸਲ ਪਰੇਰਾ ਇੱਕ ਦੌੜ ਬਣਾ ਕੇ ਆਊਟ ਹੋ ਗਏ, ਮਾਰਕਸ ਸਟੋਇਨਿਸ ਨੇ ਕੈਚ ਕਰ ਲਿਆ। ਇਸ ਮੈਚ ਵਿੱਚ ਮਾਰਕਸ ਸਟੋਇਨਿਸ ਨੇ ਦੋ ਵਿਕਟਾਂ ਲਈਆਂ। ਪਥੁਮ ਨਿਸੰਕਾ (100 ਨਾਬਾਦ) ਫਿਰ ਕੁਸਲ ਮੈਂਡਿਸ ਨਾਲ ਮਿਲ ਕੇ ਟੀਮ ਨੂੰ 100 ਦੇ ਪਾਰ ਪਹੁੰਚਾਇਆ। ਪਾਥੁਮ ਨਿਸਾੰਕਾ ਨੇ 52 ਗੇਂਦਾਂ ਵਿੱਚ ਅਜੇਤੂ 100 ਦੌੜਾਂ ਬਣਾਈਆਂ ਅਤੇ ਇੱਕ ਪਾਰੀ ਵਿੱਚ ਉਸਦੇ10 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਨਿਸਾੰਕਾ ਨੇ ਟੂਰਨਾਮੈਂਟ ਦਾ ਪਹਿਲਾ ਸੈਂਕੜਾ ਬਣਾਇਆ। ਕੁਸਲ ਮੈਂਡਿਸ ਨੇ 51 ਦੌੜਾਂ ਬਣਾਈਆਂ। ਮੈਂਡਿਸ (38 ਗੇਂਦਾਂ ‘ਤੇ 51 ਦੌੜਾਂ) ਦੇ ਆਊਟ ਹੋਣ ਤੋਂ ਬਾਅਦ ਨਿਸੰਕਾ ਨੇ ਪਵਨ ਰਤਨਾਇਕੇ ਨਾਲ ਮਿਲ ਕੇ ਇੱਕ ਚੌਕਾ ਲਗਾ ਕੇ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੁਪਰ 8 ਵਿੱਚ ਪ੍ਰਵੇਸ਼ ਕਰ ਲਿਆ ਹੈ।
ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਦੇ ਵਿੱਚ ਖੇਡ ਰਹੇ ਖਿਡਾਰੀਆ ਦਾ ਵੇਰਵਾ ਇਸ ਤਰ੍ਹਾਂ ਹੈ:
ਆਸਟ੍ਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਕੂਪਰ ਕੋਨੋਲੀ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਅਤੇ ਐਡਮ ਜ਼ਾਂਪਾ।
ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ, ਕਮਿੰਦੂ ਮੈਂਡਿਸ, ਪਵਨ ਰਤਨਾਇਕ, ਦੁਨਿਥ ਵੇਲਾਲੇਜ, ਦੁਸ਼ਮਨ ਹੇਮੰਥ, ਮਹੇਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ ਅਤੇ ਮੈਥਿਸ਼ ਪਥੀਰਾਨਾ।