ਡਾਵੋਸ ਸਵਿਟਜ਼ਰਲੈਂਡ ਵਿੱਚ ਹੋਏ ਸਾਲਾਨਾਂ ਵਿਸ਼ਵ ਆਰਥਿਕ ਫੋਰਮ ਦੇ ਸਿਖਰ-ਸੰਮੇਲਨ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਦਿਤਾ ਗਿਆ ਭਾਸ਼ਨ ਬਿਫਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਉਣ ਬਰਾਬਰ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੌਂਸਭਰੀ, ਧੱਕੇਵਾਲੀ, ਧੜਵੇੈਲ ਅਤੇ ਆਰਥਿਕ ਪਾਬੰਦੀਆਂ ਤੇ ਟਰੇਡ-ਟੈਰਿਫ ਨੂੰ ਹਥਿਆਰ ਵਾਂਗ ਵਰਤਣ ਵਾਲੀ ਆਕਰਮਕ ਨੀਤੀ ਨੂੰ ਪ੍ਰਣਾਏ ਸਵੈ-ਥਾਪੇ ਵਿਸ਼ਵ-ਚੌਧਰੀ ਦੀ ਮੌਜੂਦਗੀ ਵਿਚ ਟਰੰਪ ਦਾ ਨਾਮ ਲਏ ਬਿਨਾਂ ਉਸ ਨੂੰ ਖਰੀਆਂ-ਖਰੀਆਂ ਸੁਨਾਉਣ ਦੀ ਜੁਰੱਅਤ ਕਰਨਾਂ ਪ੍ਰਸ਼ੰਸਾਜਨਕ ਕਦਮ ਹੈ।
ਟਰੰਪ ਦੀ ਹਾਜ਼ਰੀ ਵਿਚ ਉਸ ਦੇ ਗਰੀਨਲੈਂਡ ਨੂੰ ਹਥਿਆਉਣ ਦੇ ਖਬਤ ਦਾ ਵਿਰੋਧ ਕਰਨਾਂ, ਅਮਰੀਕਾ ਦੀ ‘ਹੇਜੀਮਨੀ’(ਪ੍ਰਧਾਨਤਾ), ਨੇਮ-ਆਧਾਰਤ ਕੌਮਾਂਤਰੀ ਵਿਵਸਥਾਵਾਂ ‘ਚ ਦਰਾਰ/ਪਾੜ ਆ ਜਾਣ, ਬਹੁ-ਸ਼ਕਤੀਸ਼ਾਲੀ ਮੁਲਕਾਂ (ਭਾਵ ਅਮਰੀਕਾ) ਦਾ ਆਪਹੁਦਰਾਪਨ ਤੇ ਘੱਟ ਸ਼ਕਤੀਸ਼ਾਲੀ ਮੁਲਕਾਂ ਵਲੋਂ ਸਭ ਸਹਿਣ ਕਰੀ ਜਾਣ ਦੀ ਤਲਖ ਹਕੀਕਤ ਅਤੇ ‘ਮਿਡਲ ਪਾਵਰ’(ਗਭਲੀ ਸ਼ਕਤੀ) ਵਾਲੇ ਮੁਲਕਾਂ ਨੂੰ ਇਕਜੁੱਟ ਹੋਣ ਦੀ ਲੋੜ ਉਪਰ ਜ਼ੋਰ ਦੇਣਾ ਬਹੁਤ ਦਲੇਰ ਬਿਰਤਾਂਤ ਸਿਰਜਣ ਵਾਲਾ ਬਿਆਨੀਆਂ ਹੈ।
ਸੋਸ਼ਲ ਮੀਡੀਆ ਉੱਪਰ ਮਾਰਕ ਕਾਰਨੀ ਦੀ ਸਭ ਤੋਂ ਵਧੇਰੇ ਵਾਇਰਲ ਹੋਈ ਸਤਰ ਹੈ-‘ਜੋ ਮੇਜ਼ ਤੇ ਮੌਜੂਦ ਨਹੀਂ ਉਹ ਮੀਨੂ (ਭੋਜਨ-ਸੂਚੀ) ਤੇ ਮਿਲਣਗੇ’! ਇਸ ਸਤਰ ਦੇ ਪਹਿਲੇ ਭਾਗ ਵਿਚ ਹੀ ਕਾਰਨੀ ‘ਗਭਲੀਆਂ ਸ਼ਕਤੀਆਂ’ ਨੂੰ ਇੱਕਮੁਠ ਹੋਣ ਲਈ ਕਹਿੰਦਾ ਹੈ ਕਿਉਂਕਿ ਜੋ ਮੇਜ਼ ਉਪਰ ਹੋਣ ਵਾਲੇ ਫੈੇਸਲਿਆਂ ‘ਚ ਸ਼ਾਮਿਲ ਨਹੀਂ ਹੋਣਗੇ, ਉਹ ਉਹਨਾਂ ਫੈੇਸਲਿਆਂ ਨੂੰ ਮੰਨਣ ਵਾਲਿਆਂ ‘ਚ ਸ਼ੁਮਾਰ ਹੋਣਗੇ!
ਉਸ ਅਨੁਸਾਰ ਗਭਲੀਆਂ ਸ਼ਕਤੀਆਂ, ਜਿਹਨਾਂ ‘ਚ ਕੈਨੇਡਾ ਵੀ ਸ਼ਾਮਿਲ ਹੈ, ਸ਼ਕਤੀਹੀਣ ਨਹੀਂ ਹਨ। ਕਾਰਨੀ-ਕਥਨ ਅਨੁਸਾਰ ‘ਘੱਟ ਸ਼ਕਤੀਆਂ ਵਾਲਿਆਂ ਦੀ ਸ਼ਕਤੀ ਇਮਾਨਦਾਰੀ ਨਾਲ ਸ਼ੁਰੂ ਹੁੰਦੀ ਹੈ’। ਉਸ ਨੇ ਕਦਰਾਂ-ਕੀਮਤਾਂ ਦੀ ਤਾਕਤ ਅਤੇ ਤਾਕਤ ਦੀ ਕਦਰ-ਕੀਮਤ ਦੀ ਚਰਚਾ ਵੀ ਕੀਤੀ।
ਨੇਮ-ਆਧਾਰਤ ਵਿਵਸਥਾ ਦੇ ਫਿੱਕੇ ਪੈਣ ਦਾ ਜ਼ਿਕਰ ਕਰਦਿਆਂ ਕਾਰਨੀ ਨੇ ਯੂੁਨਾਨੀ ਦਾਰਸ਼ਨਿਕ ਤੇ ਇਤਿਹਾਸਕਾਰ ਥਿਊਸੀਡਾਈਡੀਸ ਨੂੰ ਕੋਟ ਕਰਦਿਆਂ ‘ਤਕੜੇ ਦਾ ਸੱਤੀਂ ਵੀਹੀਂ ਸੌ’ ਵਰਗੀ ਸਥਿਤੀ ਬਿਆਨ ਕਰਨ ਵਾਲੀਆਂ ਸਤਰਾਂ ਦਾ ਹਵਾਲਾ ਦਿਤਾ ਕਿ ”ਤਾਕਤਵਰ ਉਹ ਹੀ ਕਰਦੈ ਜੋ ਉਸ ਨੇ ਕਰਨਾਂ ਹੁੰਦੈ ਤੇ ਕਮਜ਼ੋਰ ਸਹਿਣ ਕਰਦੈ ਜੋ ਉਸ ਨੇ ਹਰ ਹਾਲਤ ‘ਚ ਕਰਨਾਂ ਹੀ ਹੁੰਦੈ’!
ਸਪੱਸ਼ਟ ਤੌਰ ‘ਤੇ ਆਰਕਟਿਕ ਪ੍ਰਭੂਸੱਤਾ ਦੇ ਪੱਖ ‘ਚ ਖੜ੍ਹਦਿਆਂ ਕਾਰਨੀ ਨੇ ਕਿਹਾ ਕਿ, “ਅਸੀਂ ਮਜ਼ਬੂਤੀ ਨਾਲ ਗਰੀਨਲੈਂਡ ਅਤੇ ਡੈਨਮਾਰਕ ਨਾਲ ਖੜ੍ਹੇ ਹਾਂ ਅਤੇ ਉਹਨਾਂ ਦੇ ਗਰੀਨਲੈਂਡ ਦੇ ਭਵਿੱਖ ਦਾ ਫੇੈਸਲਾ ਕਰਨ ਦੇ ਵਿਲੱਖਣ ਹੱਕ ਦੀ ਪੂਰੀ ਹਮਾਇਤ ਕਰਦੇ ਹਾਂ।”
ਮੀਡੀਆ ‘ਚ ਬੇਸ਼ਕ ਅਮਰੀਕਾ ਦੇ ਹੰਕਾਰੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਦਿਤੀ ਗਈ ਸਪੀਚ ਵਧੇਰੇ ਚਮਕਾਈ ਗਈ, ਜਿਸ ਵਿਚ ਉਸ ਨੇਂ ਗਰੀਨਲੈਂਡ ਵਿਰੱੁਧ ਫੌਜੀ ਤਾਕਤ ਦੀ ਵਰਤੋਂ ਨਾਂ ਕਰਨ ਦਾ ਭਰੋਸਾ ਦਿੰਦਿਆਂ ਗਰੀਨਲੈਂਡ ਨੂੰ ਹਥਿਆਉਣ ਲਈ ਹੋਰ ਢੰਗ-ਤਰੀਕੇ ਵਰਤਣ ਦੀ ਗੱਲ ਕਹੀ। ਨਾਲ ਹੀ ਉਸ ਨੇ ਆਪਣੇ ਸੁਭਾਅ ਮੁਤਾਬਕ ਕੈਨੇਡਾ, ਯੂੁਰਪ ਅਤੇ ਹੋਰ ਮੁਲਕਾਂ ਦੀ ਖਿਲੀ ਉਡਾਈ। ਬਾਅਦ ‘ਚ ਤਾਂ ਉਸ ਨੇ ਆਪਣੀ ਸ਼ਬਦੀ-ਜੰਗ ਦੌਰਾਨ ਆਪਣੇ ਸੋਸ਼ਲ ਪਲੈਟਫਾਰਮ ‘ਟਰੂਥ ਸੋਸ਼ਲ’ ਉਪਰ ਇਥੋਂ ਤੱਕ ਕਹਿ ਦਿਤਾ ਕਿ ‘ਕੈਨੇਡਾ ਅਮਰੀਕਾ ਕਾਰਨ ਜ਼ਿੰਦਾ ਹੈ’! ਜਿਸ ਦਾ ਜਵਾਬ ਵੀ ਮਾਰਕ ਕਾਰਨੀ ਨੇ ਦਿੰਦਿਆਂ ਕਿਹਾ ਕਿ, “ਕੈਨੇਡਾ ਅਮਰੀਕਾ ਕਾਰਨ ਜ਼ਿੰਦਾ ਨਹੀਂ ਹੈ, ਸਗੋਂ ਅਸੀਂ ਇਸ ਲਈ ਖੁਸ਼ਹਾਲ ਹਾਂ ਕਿਉਂਕਿ ਅਸੀਂ ਕੈਨੇਡੀਅਨ ਹਾਂ!”
ਮਾਰਕ ਕਾਰਨੀ ਦੀ ਸਪੀਚ ਇਤਿਹਾਸਕ ਹੈ। ਇਹ ਇੱਕ ਅਮਰੀਕੀ (ਪੰਜਵੇਂ) ਰਾਸ਼ਟਰਪਤੀ ਜੇਮਜ਼ ਮੁਨਰੋ (1758-1831) ਦੀ ‘ਮੁਨਰੋ ਡੌਕਟਰਿਨ’ (ਜਿਸ ਨੂੰ ਟਰੰਪ ਹੁਣ ‘ਡੋਨਰੋ ਡੌਕਟਰਿਨ’ ਸੱਦਣ ਲੱਗ ਪਿਐ) ਦੇ ਸਮਾਨੰਤਰ ‘ਕਾਰਨੀ ਡੌਕਟਰਿਨ’ ਵਜੋਂ ਜਾਣੀ ਜਾਣ ਲੱਗ ਪਈ ਹੈ। ਇਸ ਨਾਲ ਕਾਰਨੀ ਇਕ ‘ਸਟੇਟਸਮੈਨ’ (ਰਾਜਨੀਤੀਵੇਤਾ) ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਉਸ ਨੇ ਇਹ ਸਾਬਤ ਕਰ ਦਿਤਾ ਹੈ ਕਿ ਸ਼ੋਰ ਨਾਲ ਫੌਰੀ ਧਿਆਨ ਤਾਂ ਖਿੱਚਿਆ ਜਾ ਸਕਦੈ ਪਰ ਹੰਢਣਸਾਰ ਅਸਰ ਅਤੇ ਬਹੁਚਿਰੀ ਪ੍ਰਭਾਵ ਸਹਿਜ, ਸੂਝ ਤੇ ਸੁਦਰਿੜਤਾ ਨਾਲ ਹੀ ਪਾਇਆ ਜਾ ਸਕਦੈ। ਜ਼ਰੂਰੀ ਨਹੀਂ ਕਿ ਸਹੀ ਤੇ ਖਰੀ ਗੱਲ ਕਰਨ ਲਈ ਹਿੱਕ-ਥਾਪੜ ਆਲੰਕ੍ਰਿਤ ਭਾਸ਼ਨਕਾਰੀ (‘ਰੈਟਰਿਕ’) ਦੀ ਵਰਤੋਂ ਕੀਤੀ ਜਾਵੇ। ਸਗੋਂ ਸੰਜੀਦਾ ਤੇ ਧੀਮਾਸੁਰ ਲਹਿਜਾ ਚਿਰਕਾਲੀ ਸਾਬਤ ਹੁੰਦੈ। ਤੇ ਹੋਇਆ ਵੀ। ਡਾਵੋਸ ਦੀ ਇਸ ਅੰਤਰ-ਰਾਸ਼ਟਰੀ ਪ੍ਰਤੀਸ਼ਿਠਤ-ਮਿਲਣੀ ‘ਚ ਸ਼ਾਮਿਲ ਮੁਲਕਾਂ ਦੇ ਮੁਖੀਆਂ, ਆਰਥਿਕ, ਕਾਰੋਬਾਰੀ ਪ੍ਰਮੁੱਖਾਂ ਨੇ ਕਾਰਨੀ ਨੂੰ ਸਟੈਂਡਿੰਗ ਓਵੇਸ਼ਨ’ ਦੇ ਕੇ ਨਿਵਾਜਿਆ, ਜੋ ਕਿ ਬਹੁਤ ਹੀ ਘੱਟ ਆਗੂਆਂ ਦੇ ਹਿੱਸੇ ਆਉਂਦੈ।
ਹਉਮੇ ਦੀ ਭੱਠੀ ਵਿਚ ਸੜਦੇ-ਬਲਦੇ ਟਰੰਪ ਨੂੰ ਤਾਂ ਸੇਕ ਲੱਗਣਾ ਹੀ ਸੀ, ਸੋ ਲੱਗਿਆ ਤੇ ਲੱਗਿਆ ਵੀ ਰੱਜ ਕੇ – ‘ਵਹੀਂ ਲਗੀ ਹੈ ਜੋ ਨਾਜ਼ੁਕ ਮੁਕਾਮ ਥੇ ਦਿਲ ਕੇ’! ਅੱਗ ਬਗੂਲਾ ਹੋਏ ਟਰੰਪ ਨੇ ਕੈਨੇਡਾ ਨੂੰ ਬੋਰਡ ਆਫ ਪੀਸ, ਜੋ ਗਾਜ਼ਾ ਸ਼ਾਂਤੀ ਯੋਜਨਾਂ ਤਹਿਤ ਸਥਾਪਤ ਕੀਤਾ ਗਿਐ, ‘ਚ ਸ਼ਾਮਿਲ ਹੋਣ ਦਾ ਸੱਦਾ ਵਾਪਿਸ ਲੈ ਲਿਆ। ਨਾਲ ਹੀ ਇੱਕ ਹੋਰ ਧਮਕੀ ਦੇ ਮਾਰੀ ਕਿ ਜੇ ਕੈਨੇਡਾ ਨੇ ਚੀਨ ਨਾਲ ਵਪਾਰ ਸ਼ੁਰੂ ਕੀਤਾ ਤਾਂ ਉਸ ਉਪਰ 100% ਟੈਰਿਫ ਲਗਾ ਦਿਤਾ ਜਾਵੇਗਾ।
ਕਈ ਵਿਸ਼ਲੇਸ਼ਕਾਂ ਵਲੋਂ ਕਾਰਨੀ ਦੇ ਅਮਰੀਕਾ ਪ੍ਰਤੀ ਰੁਖ ‘ਚ ਆਏ ਇਸ ਅਚਨਚੇਤੀ ਬਦਲਾਵ ਤੇ ਕਿੰਤੂ-ਪ੍ਰੰਤੂ ਵੀ ਕੀਤਾ ਹੈ। ਉਹਨਾਂ ਦਾ ਮੱਤ ਹੈ ਕਿ ਹੁਣ ਤੱਕ ਕਾਰਨੀ ਖਾਮੋਸ਼ੀ ਨਾਲ ਟਰੰਪ ਦੀਆਂ ਨੀਤੀਆਂ ਪ੍ਰਤੀ ਸਤਬਚਨੀ ਪਹੁੰਚ ਆਪਣਾਉਂਦੇ ਰਹੇ। ਹੁਣ ਜਦ ਖੁਦ ਨੂੰ ਸੇਕ ਲੱਗਾ ਤਾਂ ਬੋਲ ਪਏ।
ਚਲੋ, ਬੋਲੇ ਤਾਂ ਸਹੀ। ਦੇਰ ਆਏ, ਦਰੁਸਤ ਆਏ। ਆਪਾਂ ਐਨਾਂ ਕੁ ਤਾਂ ਮੰਨੀਏਂ ਕਿ ਚਾਰ ਕਰੋੜ ਤੋਂ ਥੋੜੀ ਜਿਹੀ ਵੱਧ ਆਬਾਦੀ ਵਾਲਾ ਦੇਸ਼ ਦੁਨੀਆਂ ਦੀ ਸੁਪਰ-ਪਾਵਰ ਦੇ ਸਾਹਮਣੇ ਹਿੱਕ ਤਾਣ ਕੇ ਖੜ੍ਹ ਗਿਐ। ਆਹ 140 ਕਰੋੜ ਦੀ ਆਬਾਦੀ ਵਾਲੇ ਵਿਸ਼ਵਗੁਰੂ ਭਾਰਤ, ਜੋ ਵਿਸ਼ਵ ਦੀ ਚੌਥੀ ਵੱਡੀ ਅਰਥ ਵਿਵਸਥਾ ਹੈ, ਦੇ ਵੱਡੇ ਨੇਤਾ ਤਾਂ ਅਮਰੀਕਾ ਦੇ ਟਰੰਪ ਦੀ ਬਕੜਵਾਹ ਇੰਝ ਆਰਾਮ ਨਾਲ ਸੁਣੀ ਜਾਂਦੇ ਹਨ ਜਿਵੇਂ ਕੋਈ ਪਰਬਚਨ ਹੋਣ! ਕਿਤੇ-ਕਿਤੇ ਵਿਦੇਸ਼ ਮੰਤਰੀ ਜਾਂ ਉਸ ਦਾ ਕੋਈ ਬੁਲਾਰਾ ਡਿਪਲੋਮੈਟਿਕ ਜਿਹੀ ਗੱਲ ਕਹਿ ਦਿੰਦੇ ਐ, ਬੱਸ। ਅਸੀਂ ਤਾਂ ਇਸ ਗੱਲ ‘ਤੇ ਈ ਕੱਛਾਂ ਵਜਾਈ ਜਾ ਰਹੇ ਹਾਂ ਕਿ ਟਰੰਪ ਵਲੋਂ ਲਗਾਏ ਗਏ ਵਾਧੂ ਟੈਰਿਫ ਨੂੰ ਘਟਾਏ ਜਾਣ ਦੀ ਬੜੀ ਸੰਭਾਵਨਾਂ ਹੋ ਗਈ ਹੈ। ਇਹ ਸੰਭਾਵਨਾਂ ਕਿਵੇਂ ਹੋਈ? ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ, ਜਿਸ ਨੇ ਇਹ ਸੰਕੇਤ ਦਿੱਤੇ, ਅਨੁਸਾਰ ਭਾਰਤ ਨੇ ਰੂਸ ਦਾ ਕੱਚਾ ਤੇਲ ਖ੍ਰੀਦਣਾ ਪੂਰੀ ਤਰਾਂ ਬੰਦ ਕਰ ਦਿੱਤਾ, ਜਿਸ ਕਾਰਨ 25% ਵੱਧ ਟੈਰਿਫ, ਜੋ ਸਜ਼ਾ ਵਜੋਂ ਲਗਾਇਆ ਗਿਆ ਸੀ, ਵਾਪਿਸ ਹੋਣ ਦੀ ਸੰਭਾਵਨਾਂ ਹੈ। ਜੇ ਅਮਰੀਕਾ ਦਾ ਦਾਅਵਾ ਸੱਚ ਹੈ ਤਾਂ ਫਿਰ ਤਾਂ ਅਸੀਂ ਉਸ ਦੀ ਸ਼ਰਤ ਮੰਨ ਲਈ ਤੇ ਸ਼ਰਤ ਮੰਨਣ ਮਗਰੋਂ ਤਾਂ ਉਹ ਟੈਰਿਫ ਹਟਣਾ ਉਂਝ ਹੀ ਬਣਦੈ ਜਿਸ ਕਾਰਨ ਉਹ ਲਗਾਇਆ ਗਿਆ ਸੀ।
ਤੁਸੀਂ ਮੰਨੋਂ ਚਾਹੇ ਨਾ ਮੰਨੋਂ, ਰੂਸ ਹੀ ਸਾਡੇ ਨਾਲ ਦੁੱਝ-ਸੁਖ ‘ਚ ਖੜ੍ਹਦੈ। ਅਮਰੀਕਾ ਤਾਂ ਪਾਕਿਸਤਾਨ ਨੂੰ ਵੀ ਘਨੇੜੀ ਚੱੁਕੀ ਫਿਰਦੈ। ਪਾਕਿਸਤਾਨ ਦੇ ਫੌਜੀ ਜਰਨੈਲ ਨੂੰ ਟਰੰਪ ਖਾਣੇ ਖੁਆਉਂਦੈ, ਉਸ ਦੇ ਸੋਹਲੇ ਗਾਉਂਦੈ, ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੁੱਝ ਸਿਫਤੀ ਸ਼ਬਦ ਕਹਿੰਦੈ ਤਾਂ ਪਾਕਿਸਤਾਨ ਦੀ ਸ਼ਲਾਘਾ ਕਰਨਾ ਵੀ ਨਹੀਂ ਭੁੱਲਦਾ।
ਸਾਨੂੰ ਮਾਰਕ ਕਾਰਨੀ ਦੇ ‘ਗਭਲੀਆਂ ਸ਼ਕਤੀਆਂ’(ਮਿਡਲ ਪਾਵਰਜ਼) ਵਾਲੇ ਸਿਧਾਂਤ ਵੱਲ ਧਿਆਨ ਦੇਣਾ ਚਾਹੀਦੈ। ਸੁਪਰਪਾਵਰਾਂ ਤਾਂ ਆਪਣੀ ਮਨਮਾਨੀ ਕਰਦੀਆਂ ਹਨ। ਕਾਰਨੀ ਅਨੁਸਾਰ ਮਹਾਨ ਸ਼ਕਤੀਆਂ ਲਈ ਹੁਣ ਭੂ-ਸਿਆਸਤ ਕਿਸੇ ਬੰਦਸ਼-ਬੰਧੇਜ ਦੀ ਪਾਬੰਦ ਨਹੀਂ ਰਹੀ। ਆਪਾਂ ਦੇਖਿਆਂ ਹੀ ਹੈ ਕਿ ਕਿਵੇਂ ਅਮਰੀਕਾ ਫੌਜੀ ਕਾਰਵਾਈ ਕਰਕੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੁਰੋ ਅਤੇ ਉਸ ਦੀ ਪਤਨੀ ਸਿਲੀਆ ਫਲੋਰਸ ਨੂੰ ਕਿਡਨੈਪ ਕਰਕੇ ਆਪਣੇ ਮੁਲਕ ਦੀ ਜੇਲ ਵਿਚ ਡੱਕ ਚੁੱਕੈ। ਲਾਤੀਨੀ ਅਮਰੀਕਾ ਦੇ ਤੇਲ ਦੇ ਇਸ ਭੰਡਾਰ ਵਾਲੇ ਦੇਸ਼ ਦੇ ਤੇਲ ‘ਤੇ ਕਾਬਿਜ਼ ਹੋ ਕੇ ਸੰਸਾਰ ਨੂੰ ਤੇਲ ਵੇਚਣ ਦੇ ਅੇੈਲਾਨ ਕਰ ਰਿਹੈ। ਨਾਟੋ ਮੁਲਕ ਸਵੀਡਨ ਦੇ 57000 ਦੀ ਵਸੋਂ ਵਾਲੇ ਖੁਦਮੁਖਤਿਆਰ ਟਾਪੂ ਗਰੀਨਲੈਂਡ ਨੂੰ ਹੜੱਪਣ ਦੀ ਯੋਜਨਾਂ ਬਣਾ ਰਿਹੈ। ਹੋਰ ਤਾਂ ਹੋਰ, ਕੈਨੇਡਾ ਨੂੰ ਅਮਰੀਕਾ ਦਾ 51ਵਾਂ ਪ੍ਰਾਂਤ ਬਨਾਉਣ ਦੀ ਗੱਲ ਕਈ ਵਾਰ ਕਹੀ ਜਾ ਚੁੱਕੀ ਹੈ।
ਅਜਿਹੀ ਸਥਿਤੀ ਵਿਚ ਤੀਸਰੀ ਦੁਨੀਆਂ ਦੇ ਮੁਲਕ, ਖਾਸ ਕਰਕੇ ਗਰੀਬ ਮੁਲਕ, ਬਹੁਤਾ ਕੁੱਝ ਕਰ ਸਕਣ ਦੀ ਹਾਲਤ ਵਿਚ ਨਹੀਂ ਹਨ ਕਿਉਂਕਿ ਉਹਨਾਂ ਕੋਲ ਸਾਧਨ ਹੀ ਸੀਮਤ ਹਨ। ਬੇਸ਼ੱਕ ਭਾਰਤ ਅਜੇ ਸੁਪਰਪਾਵਰ ਤਾਂ ਨਹੀਂ ਬਣਿਆਂ ਪਰ ਇਹ ਇਕ ਉੱਭਰ ਰਹੀ ਸ਼ਕਤੀ ਜ਼ਰੂਰ ਬਣ ਰਿਹੈ। ਪਰ ਅਮਰੀਕਾ, ਚੀਨ, ਰੂਸ ਵਰਗੀਆਂ ਮਹਾਨ ਸ਼ਕਤੀਆਂ ਦੇ ਵੈਸ਼ਵਿਕ ਕਲੱਬ ਵਿਚ ਇਸ ਦੀ ਸ਼ਮੂਲ਼ੀਅਤ ਅਜੇ ਐੇਨੀਂ ਆਸਾਨ ਨਹੀਂ। ਇਸ ਦਾ ਕਾਰਨ ਚੀਨ ਦੀ ਪਾਕਿਸਤਾਨ ਨਾਲ ਪੱਕੀ ਨੇੜਤਾ ਅਤੇ ਰੂਸ ਦਾ ਯੁੂਕਰੇਨ ਨਾਲ ਚਾਰ ਸਾਲ ਤੋਂ ਚੱਲ ਰਹੀ ਜੰਗ ‘ਚ ਉਲਝੇ ਹੋਣਾ ਹੈ। ਪਾਕਿਸਤਾਨ ਨਾਲ ਸਾਡਾ 36 ਦਾ ਅੰਕੜਾ ਹੈ, ਹੁਣ ਬੰਗਲਾਦੇਸ਼ ਨਾਲ ਵੀ ਪੇਚਾ ਫਸ ਗਿਐ। ਬਲਕਿ ਪਾਕਿਸਤਾਨ ਅਤੇ ਬੰਗਲਾਦੇਸ਼ ਘਿਉ-ਖਿਚੜੀ ਹੋ ਗਏ ਹਨ। ਹੈ ਨਾਂ ਕਮਾਲ! ਜਿਹੜਾ ਮੁਲਕ ਭਾਰਤ ਦੀ ਸਹਾਇਤਾ ਨਾਲ ਅਤੇ ਪਾਕਿਸਤਾਨ ਦੀ ਧੱਕੇਸ਼ਾਹੀ ਦੇ ਵਿਰੋਧ ਕਾਰਨ ਹੋਂਦ ‘ਚ ਆਇਆ ਹੋਵੇ ਉਸ ਮੁਲਕ ਦੀ ਆਪਣੇ ਦੁਸ਼ਮਣ ਨਾਲ ਦੋਸਤੀ ਤੇ ਦੋਸਤ ਨਾਲ ਦੁਸ਼ਮਣੀ ਅਲੋਕਾਰੀ ਜਿਹੀ ਗੱਲ ਲੱਗਦੀ ਹੈ।
ਸਾਡੇ ਆਂਢ-ਗੁਆਂਢ ਦੁਸ਼ਮਣਾਂ ਜਾਂ ਸਾਡੇ ਵਿਰੋਧੀਆਂ ਦਾ ਜਮਾਵੜਾ ਲੱਗਿਆ ਹੋਇਆ ਹੈ। ਪਾਕਿਸਤਾਨ, ਸਾਊਦੀ ਅਰਬ ਦਾ ਸੁਰੱਖਿਆ ਸਮਝੌਤਾ ਹੋ ਚੁੱਕੈ, ਟਰਕੀ ਇਸ ‘ਚ ਸ਼ਾਮਿਲ ਹੋਣ ਵਾਲੇ, ਇੱਕ ਕੱਟੜ ‘ਇਸਲਾਮਿਕ ਮਿੰਨੀ ਨਾਟੋ’ ਹੋਂਦ ‘ਚ ਆ ਰਹੀ ਹੈ। ਨੇਪਾਲ ਦਾ ਰੁਝਾਨ ਵੀ ਚੀਨ ਵਲ ਵਧ ਰਿਹੈ, ਮਾਲਦੀਵ ਵੀ ਸਾਡਾ ਬਹੁਤਾ ਮਿੱਤਰ ਨਹੀਂ ਰਿਹਾ, ਸ੍ਰੀ ਲੰਕਾ ‘ਚ ਵੀ ਕੋਈ ਜ਼ਿਆਦਾ ਸਥਿਰਤਾ ਨਹੀਂ ਹੈ। ਬਸ ਲੈ ਦੇ ਕੇ ਇੱਕ ਭੁੂਟਾਨ ਹੀ ਬਚਿਐ ਸਾਡੇ ਗੁਆਂਢ ਜੋ ਅਜੇ ਸਾਡਾ ਦੋਸਤ ਹੈ।
ਭਾਰਤ ਨੂੰ ਆਪਣੇ ਆਂਢ-ਗੁਆਂਢ ‘ਚ ਖਾਸ ਕਰਕੇ ਬੰਗਲਾਦੇਸ਼, ਨੇਪਾਲ, ਸ੍ਰੀ ਲੰਕਾ, ਮਾਲਦੀਵ ਨਾਲ ਸਬੰਧ ਸੁਧਾਰਨ ਦੀ ਅਤਿਅੰਤ ਲੋੜ ਹੈ। ਨਹੀਂ ਤਾਂ ਚੀਨ, ਜੋ ਪਹਿਲਾਂ ਹੀ ਮਕਬੂਜ਼ਾ ਕਸ਼ਮੀਰ ‘ਚ ਚੌੜਾ ਹੋਈ ਬੈਠਾ ਹੈ, ਦਾ ਪ੍ਰਭਾਵ ਬੰਗਲਾਦੇਸ਼ ‘ਚ ਅਤੇ ਬੰਗਾਲ ਦੀ ਖਾੜੀ ‘ਚ ਵੱਧ ਜਾਏਗਾ। ਤੇ ਨਾਲ ਹੀ ਸਾਡੀ ਪੂਰਬੀ ਸਰਹੱਦ ਵੀ, ਸਾਡੀ ਪੱਛਮੀ ਸਰਹੱਦ ਵਾਂਗ, ਸਾਡੇ ਦੁਸ਼ਮਣਾਂ ਨਾਲ ਘਿਰ ਜਾਵੇਗੀ। ਯਾਦ ਰਹੇ, ਕਿ ਸਾਡੇ ਉੱਤਰ-ਪੂਰਬੀ ਪ੍ਰਾਂਤਾਂ, ਖਾਸ ਕਰਕੇ ਮਨੀਪੁਰ ਅਤੇ ਨਾਗਾਲੈਂਡ ਵਿਚ ਹਾਲਾਤ ਬਹੁਤੇ ਸੁਖਾਵੇਂ ਨਹੀਂ ਰਹਿੰਦੇ।
ਕੈਨੇਡਾ ਤੋਂ ਇਲਾਵਾ ਹੁਣ ‘ਟਰੰਪਗੀਰੀ’ ਵਿਰੁੱਧ ਬਰਾਜ਼ੀਲ, ਫਰਾਂਸ, ਜਰਮਨੀ ਤੇ ਕੁੱਝ ਹੋਰ ਮੁਲਕ ਵੀ ਬੋਲਣ ਲਗ ਪਏ ਹਨ। ਅਸੀਂ ਇਹ ਨਹੀਂ ਕਹਿ ਰਹੇ ਕਿ ਭਾਰਤ ਕਿਸੇ ਗਰੁੱਪ ‘ਚ ਸ਼ਾਮਿਲ ਹੋਵੇ। ਪਰ ਅਮਰੀਕਾ ਅੱਗੇ ਗੋਡੇ ਟੇਕਣ ਤੋਂ ਬਚਣ ਲਈ ਮਾਰਕ ਕਾਰਨੀ ਦੇ ‘ਗਭਲੀਆਂ ਸ਼ਕਤੀਆਂ’ ਦੇ ਸਿਧਾਂਤ ਉਪਰ ਗੌਰ ਕਰਨ ਦੀ ਲੋੜ ਹੈ। ਕਾਰਨੀ ਨੇ ਆਪਣੇ ਬਹੁ-ਚਰਚਿਤ ਭਾਸ਼ਨ ‘ਚ ਭਾਰਤ ਨਾਲ ਹੋਣ ਵਾਲੇ ‘ਫ੍ਰੀ-ਟ੍ਰੇਡ’ ਸਬੰਧੀ ਹੋ ਰਹੀ ਗੱਲਬਾਤ ਦਾ ਜ਼ਿਕਰ ਵੀ ਕੀਤਾ ਸੀ।
ਮਾਰਖੰਡੇ ਸਾਹਨ ਨੂੰ ਜੇ ਅੱਗਿਉਂ ਹੋ ਕੇ ਨਾ ਪਿਆ ਜਾਵੇ ਤਾਂ ਉਹ ਤੁਹਾਨੂੰ ਛੱਡੇਗਾ ਨਹੀਂ! ਬਚਪਨ ‘ਚ ਡੰਗਰ ਚਾਰਦਿਆਂ ਜਦ ਇੱਕ ਬਲਦ ਦੂਸਰੇ ਦੇ ਖੇਤਾਂ ਦੀ ਫਸਲ ਨੂੰ ਮੁੰੂਹ ਮਾਰਨ ਲੱਗਦਾ ਤਾਂ ਸਾਡੇ ਮੋੜਨ ‘ਤੇ ਸਾਨੂੰ ਮਾਰਨ ਪੈ ਜਾਂਦਾ। ਅਸੀਂ ਡਰ ਕੇ ਦੌੜਦੇ ਤਾਂ ਉਹ ਮਾਰਨ ਲਈ ਪਿੱਛੇ-ਪਿੱਛੇ ਦੌੜਦਾ। ਇੱਕ ਦਿਨ ਅਸੀਂ ਅੱਗੇ ਦੌੜਨ ਦੀ ਬਜਾਏ ਆਹਮੋ-ਸਾਹਮਣੇ ਹੋ ਗਏ ਤੇ ਮਾਰਖੰਡੇ ਬੌਲਦ ਦੇ ਦੋ ਸਿੰਗਾਂ ਵਿਚਾਲੇ ਸਿਰ ਉਪਰ Eਨੀ ਦੇਰ ਡੰਡੇ ਮਾਰਦੇ ਰਹੇ ਜਿੰਨੀ ਦੇਰ ਉਹ ਪਿਛਾਂਹ ਨਹੀਂ ਮੁੜਿਆ!
ਡੋੋਨਾਲਡ ਟਰੰਪ ਵੀ ਮਾਰਖੰਡਾ ਸਾਹਨ ਹੈ। ਇਸ ਦੇ ਅੱਗੇ ਖੜ੍ਹਿਆਂ ਹੀ ਇਹ ਪਿੱਛੇ ਮੁੜੇਗਾ, ਵਰਨਾਂ ਦੌੜਦਿਆਂ ਦੇ ਪਿੱਛੇ ਮਾਰਨ ਲਈ ਮਗਰ ਹੀ ਦੌੜੇਗਾ!