ਮੈਲਬੌਰਨ – ਦੁਨੀਆਂ ਵਿਚ ਰਹਿਣ ਦੇ ਲਈ ਬਿਹਤਰੀਨ ਮੰਨੇ ਜਾਂਦੇ 10 ਸ਼ਹਿਰਾਂ ਵਿਚ ਮੈਲਬੌਰਨ ਨੇ ਆਪਣਾ ਦਰਜਾ ਕਾਇਮ ਕੀਤਾ ਹੈ, ਪਰ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਨੇ ਇਸ ਦਿਸ਼ਾ ਵਿਚ ਆਪਣਾ ਸਥਾਨ ਕੁੱਝ ਹੇਠਾਂ ਕੀਤਾ ਹੈ। ਆਸਟ੍ਰੇਲੀਆ ਦੀ ਬਾਕੀ ਸੂਬਿਆਂ ਦੀਆਂ ਰਾਜਧਾਨੀਆਂ ਨੇ ਵੀ ਇਸ ਦਿਸ਼ਾ ਵਿਚ ਆਪਣਾ ਸਥਾਨ ਕੁਝ ਹੱਦ ਤੱਕ ਗੁਆਇਆ ਹੈ।
ਯੂਰਪ ਦੇ ਸ਼ਹਿਰ ਵਿਆਨਾ, ਕੋਪਨਹੇਗਨ ਅਤੇ ਜਿਊਰਿਖ ਹਾਲੇ ਵੀ ਸਭ ਤੋਂ ਉਪਰ ਹਨ। ਬ੍ਰਿਸਬੇਨ, ਐਡੀਲੇਡ ਅਤੇ ਪਰਥ 2021 ਦੇ ਟੌਪ 10 ਵਿਚੋਂ ਨਿਕਲ ਗਏ ਅਤੇ ਇਹਨਾਂ ਦਾ ਦਰਜਾ 27ਵਾਂ, 30ਵਾਂ ਅਤੇ 32ਵਾਂ ਦਰਜ ਕੀਤਾ ਗਿਆ ਹੈ। ਮੈਲਬੌਰਨ ਨੇ ਵੀ ਆਪਣੀ 8ਵੀਂ ਪੁਜੀਸ਼ਨ ਗੁਆ ਦਿੱਤੀ ਹੈ ਪਰ ਹਾਲੇ ਵੀ 10ਵੇਂ ਨੰਬਰ ‘ਤੇ ਬਰਕਰਾਰ ਹੈ। ਇਹਨਾਂ ਅੰਕੜਿਆਂ ਦੇ ਲਈ ਹਾਲਾਂਕਿ ਕੋਵਿਡ-19 ਦੇ ਕਾਰਨ ਬਣੀ ਸਥਿਤੀ ਨੂੰ ਵੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। 10 ਸਭ ਤੋਂ ਬਿਹਤਰੀਨ ਸ਼ਹਿਰਾਂ ਵਿਚ ਉਹਨਾਂ ਨੂੰ ਵੀ ਰੱਖਿਆ ਗਿਆ ਹੈ ਜਿੱਥੇ ਪਾਬੰਦੀਆਂ ਘੱਟ ਸਨ। ਹੁਣ ਇਹਨਾਂ ਸ਼ਹਿਰਾਂ ਵਿਚ ਖੇਡਾਂ, ਸਕੂਲ ਅਤੇ ਰੈਸਟੋਰੈਂਟ ਆਦਿ ਖੁੱਲ੍ਹ ਗਏ ਹਨ ਪਰ ਸੈਰ-ਸਪਾਟੇ ਪੱਖੋਂ ਹਾਲੇ ਇੰਨੀ ਖੁੱਲ੍ਹ ਨਹੀਂ ਮਿਲੀ ਹੈ। ਰਿਪੋਰਟ ਮੁਤਾਬਕ ਜਿਹਨਾਂ ਸ਼ਹਿਰਾਂ ਦਾ ਦਰਜਾ ਹੇਠਾਂ ਆਇਆ ਹੈ ਉਹ ਬਿਹਤਰੀਨ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੀ ਬਦੌਲਤ ਜਲਦੀ ਹੀ ਆਪਣਾ ਸਥਾਨ ਮੁੜ ਪ੍ਰਾਪਤ ਕਰ ਸਕਦੇ ਹਨ।
2022 ਦੇ ਇਹਨਾਂ ਅੰਕੜਿਆਂ ਮੁਤਾਬਕ ਡੈਮੇਕਸ, ਲਾਗੋਸ ਅਤੇ ਤ੍ਰਿਪੋਲੀ ਦੁਨੀਆਂ ਦੇ ਸਭ ਤੋਂ ਹੇਠਲੇ ਪੱਧਰ ਦੇ ਰਹਿਣਯੋਗ ਸ਼ਹਿਰ ਪਾਏ ਗਏ ਹਨ। ਯੂਕਰੇਨ ਦੀ ਰਾਜਧਾਨੀ ਕੀਵ ਰੂਸੀ ਹਮਲੇ ਕਾਰਨ ਆਪਣਾ ਦਰਜਾ ਗੁਆ ਚੁੱਕੀ ਹੈ, ਜਦਕਿ ਮਾਸਕੋ ਅਤੇ ਸੇਂਟ ਪੀਟਰਸਬਰਗ ਵੀ 13ਵੇਂ ਅਤੇ 15ਵੇਂ ਨੰਬਰ ‘ਤੇ ਆ ਗਏ ਹਨ। ਮੈਲਬੌਰਨ ਪਿਛਲੇ 7 ਸਾਲ 2011 ਤੋਂ ਲੈ ਕੇ ਸਭ ਤੋਂ ਬਿਹਤਰੀਨ ਸ਼ਹਿਰਾਂ ਦੀ ਲਿਸਟ ਵਿੱਚ ਰਿਹਾ ਹੈ, ਇਸ ਦੀ ਥਾਂ ਫਿਰ 2018 ਵਿਚ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੇ ਲੈ ਲਈ।
ਸਾਲ 2022 ਦੇ ਅੰਕੜਿਆਂ ਮੁਤਾਬਕ ਰਹਿਣਯੋਗ ਸਭ ਤੋਂ ਬਿਹਤਰੀਨ ਸ਼ਹਿਰਾਂ ਵਿਚ ਨੰਬਰ 1 ‘ਤੇ ਵਿਆਨਾ, 2 ‘ਤੇ ਕੋਪਨਹੇਗਨ, 3 ‘ਤੇ ਜਿਊਰਿਕ, 4 ’ਤੇ ਕੈਲਗਰੀ, 5 ‘ਤੇ ਵੈਨਕੂਵਰ, 6 ‘ਤੇ ਜਨੇਵਾ, 7 ‘ਤੇ ਫਰੈਂਕਫਰਟ, 8 ‘ਤੇ ਟੋਰਾਂਟੋ, 9 ‘ਤੇ ਐਮਸਟ੍ਰਡਮ ਅਤੇ 10ਵੇਂ ਸਥਾਨ ਤੇ ਓਸਾਕਾ ਅਤੇ ਮੈਲਬੌਰਨ ਆਏ ਹਨ।