ਮੰਤਰੀਆਂ ਵੱਲੋਂ ਮੋਦੀ ਖ਼ਿਲਾਫ਼ ਟਿੱਪਣੀਆਂ ਦਾ ਮਾਮਲਾ ਭਾਰਤ ਵੱਲੋਂ ਮਾਲਦੀਵ ਦਾ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ – ਭਾਰਤ ’ਚ ਮਾਲਦੀਵ ਦੇ ਰਾਜਦੂਤ ਨੂੰ ਸੋਮਵਾਰ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਾਲਦੀਵ ਦੇ ਕਈ ਮੰਤਰੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਗਈਆਂ ਟਿੱਪਣੀਆਂ ’ਤੇ ਸਖਤ ਚਿੰਤਾ ਜ਼ਾਹਰ ਕੀਤੀ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਮਾਲਦੀਵ ਸਰਕਾਰ ਨੇ ਐਤਵਾਰ ਨੂੰ ਮੋਦੀ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਪੋਸਟਾਂ ਨੂੰ ਲੈ ਕੇ ਤਿੰਨ ਉਪ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ।
ਤਿੰਨ ਉਪ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੀ ਲਕਸ਼ਦੀਪ ਫੇਰੀ ਤੋਂ ਬਾਅਦ ’ਐਕਸ’ ’ਤੇ ਉਨ੍ਹਾਂ ਦੀ ਪੋਸਟ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਹ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਮਾਲਦੀਵ ਲਈ ਇੱਕ ਵਿਕਲਪਿਕ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਹੈ। ਮਾਲਦੀਵ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਯੁਵਾ ਮੰਤਰਾਲੇ ਦੇ ਉਪ ਮੰਤਰੀਆਂ – ਮਾਲਸ਼ਾ ਸ਼ਰੀਫ, ਮਰੀਅਮ ਸ਼ੀਆਨਾ ਅਤੇ ਅਬਦੁੱਲਾ ਮਹਿਜ਼ੂਮ ਮਜੀਦ – ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ ਵਿੱਚ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮਾਲੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਹ ਮਾਮਲਾ ਮਾਲਦੀਵ ਦੇ ਵਿਦੇਸ਼ ਮੰਤਰਾਲੇ ਕੋਲ ਉਠਾਇਆ। ਮੰਤਰੀਆਂ ਦੀ ਅਪਮਾਨਜਨਕ ਟਿੱਪਣੀਆਂ ਦੀ ਭਾਰਤ ਵਿਚ ਆਲੋਚਨਾ ਹੋਈ ਹੈ।
’ਐਕਸ’ ’ਤੇ ਕਈ ਮਸ਼ਹੂਰ ਹਸਤੀਆਂ ਨੇ ਲੋਕਾਂ ਨੂੰ ਮਾਲਦੀਵ ਜਾਣ ਦੀ ਬਜਾਏ ਘਰੇਲੂ ਸੈਰ-ਸਪਾਟਾ ਸਥਾਨਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਪੋਸਟਾਂ ਵੀ ਆਈਆਂ ਸਨ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਵਿਵਾਦ ਦੇ ਮੱਦੇਨਜ਼ਰ ਕੁਝ ਭਾਰਤੀ ਮਾਲਦੀਵ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਰਹੇ ਹਨ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਵਿਦੇਸ਼ੀ ਨੇਤਾਵਾਂ ਦੇ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ “ਅਪਮਾਨਜਨਕ ਟਿੱਪਣੀਆਂ” ਤੋਂ ਜਾਣੂ ਹਨ ਅਤੇ ਇਨ੍ਹਾਂ ਨੇਤਾਵਾਂ ਦੇ ਨਿੱਜੀ ਵਿਚਾਰ ਦੇਸ਼ ਦੀ ਪ੍ਰਤੀਨਿਧਤਾ ਨੂੰ ਨਹੀਂ ਦਰਸਾਉਂਦੇ ਹਨ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ