ਨਵੀਂ ਦਿੱਲੀ – ਕੇਂਦਰ ਸਰਕਾਰ ਨਾਲ ਗੱਲਬਾਤ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਤੈਅ ਕਰਨਾ ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਲਈ ਆਸਾਨ ਨਹੀਂ ਸੀ। ਇਸ ਦੇ ਬਾਵਜੂਦ ਮੋਰਚੇ ਨੇ ਪੰਜ ਨਾਵਾਂ ਦਾ ਐਲਾਨ ਸਹਿਮਤੀ ਨਾਲ ਕੀਤਾ ਹੈ।ਮੋਰਚੇ ਦੀ ਇਸ ਵੱਡੀ ਮੀਟਿੰਗ ਦੀ ਪ੍ਰਧਾਨਗੀ ਵੀ ਕਿਸੇ ਇਕ ਆਗੂ ਨੇ ਨਹੀਂ ਸਗੋਂ ਪੰਜ ਆਗੂਆਂ ਨੇ ਸਾਂਝੇ ਤੌਰ ’ਤੇ ਕੀਤੀ। ਇਨ੍ਹਾਂ ਵਿੱਚ ਸ਼ਿਵ ਕੁਮਾਰ ਸ਼ਰਮਾ ਕੱਕਾ ਜੀ, ਡਾ. ਅਸ਼ੋਕ ਧਾਵਲੇ, ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ ਅਤੇ ਜੋਗਿੰਦਰ ਸਿੰਘ ਉਗਰਾਹਾ ਸ਼ਾਮਲ ਹਨ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਕਹਿਣਾ ਹੈ ਕਿ ਪੰਜ ਆਗੂਆਂ ਦੇ ਨਾਂ ਤੈਅ ਕਰਨ ਦਾ ਰਾਹ ਉਸ ਵੇਲੇ ਆਸਾਨ ਹੋ ਗਿਆ ਜਦੋਂ ਰਾਕੇਸ਼ ਟਿਕੈਤ ਨੇ ਆਪਣੀ ਜਥੇਬੰਦੀ ਦੀ ਤਰਫੋਂ ਯੁੱਧਵੀਰ ਸਿੰਘ ਦਾ ਨਾਂ ਲਿਆ।ਇਸ ਦੇ ਨਾਲ ਹੀ ਯੋਗੇਂਦਰ ਯਾਦਵ ਨੇ ਪਹਿਲਾਂ ਵਾਂਗ ਕੇਂਦਰ ਨਾਲ ਗੱਲਬਾਤ ਕਰਨ ਵਾਲੀ ਕਮੇਟੀ ਤੋਂ ਆਪਣਾ ਨਾਂ ਵਾਪਸ ਲੈ ਲਿਆ। ਯੋਗੇਂਦਰ ਯਾਦਵ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਕਮੇਟੀ ਵਿਚ ਪੰਜ ਵਿਅਕਤੀਆਂ ਦੀ ਚੋਣ ਵਿੱਚ ਦੇਸ਼ ਦੇ ਸਾਰੇ ਖੇਤਰਾਂ ਨੂੰ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੀ ਥਾਂ ਹਰਿਆਣਾ ਤੋਂ ਗੁਰਨਾਮ ਸਿੰਘ ਚੜੂਨੀ ਲਿਆ ਗਿਆ। ਖੱਬੇ ਪੱਖੀ ਆਗੂ ਨੂੰ ਵੀ ਨੁਮਾਇੰਦਗੀ ਦਿੱਤੀ ਜਾਣੀ ਸੀ, ਇਸ ਲਈ ਡਾ. ਅਸ਼ੋਕ ਧਾਵਲੇ ਦਾ ਨਾਂ ਲਿਆ ਗਿਆ। ਪੰਜਾਬ ਵਿੱਚੋਂ ਸਿਰਫ਼ ਇੱਕ ਆਗੂ ਨੂੰ ਸ਼ਾਮਲ ਕੀਤਾ ਜਾਣਾ ਸੀ, ਇਸ ਲਈ ਸੀਨੀਆਰਤਾ ਦੇ ਹਿਸਾਬ ਨਾਲ ਜਗਜੀਤ ਸਿੰਘ ਡੱਲੇਵਾਲ ਅਤੇ ਦਰਸ਼ਨ ਪਾਲ ਦੀ ਥਾਂ ਬਲਬੀਰ ਸਿੰਘ ਰਾਜੇਵਾਲ ਨੂੰ ਕਮੇਟੀ ਵਿੱਚ ਰੱਖਿਆ ਗਿਆ। ਜਦੋਂ ਨੈਸ਼ਨਲ ਫਾਰਮਰਜ਼ ਫੈਡਰੇਸ਼ਨ ਦੀਆਂ 180 ਕਿਸਾਨ ਜਥੇਬੰਦੀਆਂ ਨੇ ਅੰਦੋਲਨ ਵਿੱਚ ਸਰਗਰਮੀ ਦਿਖਾਈ ਤਾਂ ਇਸ ਵਿੱਚ ਮੱਧ ਪ੍ਰਦੇਸ਼ ਦੇ ਕਿਸਾਨ ਆਗੂ ਸ਼ਿਵ ਕੁਮਾਰ ਸ਼ਰਮਾ ਕੱਕਾਜੀ ਨੂੰ ਸ਼ਾਮਲ ਕੀਤਾ ਗਿਆ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਈ, ਜਿਸ ‘ਚ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਸਰਕਾਰ ਨਾਲ ਗੱਲਬਾਤ ਕਰਨ ਲਈ ਪੰਜ ਨਾਂ ਤੈਅ ਕੀਤੇ ਗਏ ਹਨ। ਕਿਸਾਨ ਆਗੂਆਂ ਅਨੁਸਾਰ ਇਸ ਵੇਲੇ ਘੱਟੋ-ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਕਿਸਾਨ ਦੁਖੀ ਹਨ। ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਜੇ ਸਰਕਾਰ ਸੱਚਮੁੱਚ ਹੀ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਜਲਦ ਤੋਂ ਜਲਦ ਕਾਨੂੰਨ ਬਣਾ ਕੇ ਆਰਥਿਕ ਸਥਿਤੀ ਨੂੰ ਸੁਧਾਰੇ।