ਚੰਡੀਗੜ੍ਹ – ਰੂਸ ਅਤੇ ਯੂਕਰੇਨ ਵਿਚਾਲੇ ਸ਼ੁਰੂ ਹੋਈ ਜੰਗ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੜ੍ਹਨ ਲਈ ਗਏ ਪੰਜਾਬ ਦੇ ਬੱਚੇ ਰੂਸ ਅਤੇ ਯੂਕਰੇਨ ਵਿੱਚ ਫਸੇ ਹੋਣ ਕਾਰਨ ਮਾਪੇ ਚਿੰਤਤ ਹਨ। ਇਸ ਦੇ ਨਾਲ ਹੀ ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋਣ ਜਾਂ ਖਤਮ ਹੋਣ ਦੀਆਂ ਅਫਵਾਹਾਂ ਕਾਰਨ ਕਿਸਾਨਾਂ ‘ਚ ਰੋਸ ਹੈ।
ਤੇਲ ਸਟੋਰ ਕਰਨ ਲਈ ਕਿਸਾਨ ਆਪਣੇ ਆੜ੍ਹਤੀਆਂ ਤੋਂ ਵੱਡੇ ਪੱਧਰ ‘ਤੇ ਕਰਜ਼ੇ ਵੀ ਚੁੱਕ ਰਹੇ ਹਨ। ਪਿੰਡ ਖੇੜੀਕਲਾਂ ਦੇ ਕਿਸਾਨ ਜੱਗੀ ਮੈਂਬਰ ਅਤੇ ਪਰਮਿੰਦਰ ਸਿੰਘ ਗਰੇਵਾਲ ਆਦਿ ਨੇ ਦੱਸਿਆ ਕਿ ਉਹ ਡੀਜ਼ਲ ਦੀ ਕਿੱਲਤ ਦੇ ਡਰੋਂ ਤੇਲ ਸਟੋਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਡੀਜ਼ਲ ਦਾ ਰੇਟ 19 ਹਜ਼ਾਰ ਰੁਪਏ ਪ੍ਰਤੀ ਡਰੰਮ ਦੇ ਕਰੀਬ ਹੈ, ਜੇਕਰ ਤੇਲ ਮਹਿੰਗਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਤੇਲ ਦੀਆਂ ਕੀਮਤਾਂ ਵਧਣ ਦਾ ਡਰ ਬਣਿਆ ਹੋਇਆ ਹੈ ਅਤੇ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਦੁਨੀਆ ਭਰ ਵਿੱਚ ਰੂਸ ਅਤੇ ਯੂਕਰੇਨ ਵਿੱਚ ਛਿੜੀ ਜੰਗ ਦਾ ਕੀ ਅਸਰ ਪੈਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰੋਬਾਰੀ ਸਥਿਤੀ ਕੀ ਹੋਵੇਗੀ ਪਰ ਅੱਜ ਕਿਸਾਨਾਂ ਵਿੱਚ ਤੇਲ ਦੀ ਕਿੱਲਤ ਹੋਣ ‘ਤੇ ਮਚੇ ਹੜਕੰਪ ਕਰਕੇ ਪੈਟਰੋਲ ਪੰਪ ਮਾਲਕਾਂ ਦੀ ਚਾਂਦੀ ਬਣੀ ਹੋਈ ਹੈ।