ਲਹੂ-ਲੁਹਾਨ ਹੋਇਆ ਸਿਡਨੀ ਦਾ ਬੌਂਡੀ ਬੀਚ : ਅੱਤਵਾਦੀ ਹਮਲੇ ‘ਚ 16 ਮੌਤਾਂ ਤੇ 42 ਜ਼ਖਮੀਂ

ਸਿਡਨੀ ਦੇ ਬੌਂਡੀ ਬੀਚ 'ਤੇ ਅੱਤਵਾਦੀ ਹਮਲੇ ਦੇ ਵਿੱਚ 16 ਮੌਤਾਂ ਅਤੇ 40 ਲੋਕ ਜ਼ਖਮੀਂ ਹੋ ਗਏ ਹਨ।

ਆਸਟ੍ਰੇਲੀਆ ਵਿੱਚ ਸਿਡਨੀ ਦੇ ਬਹੁਤ ਹੀ ਮਸ਼ਹੂਰ ਬੌਂਡੀ ਬੀਚ ‘ਤੇ ਐਤਵਾਰ ਸ਼ਾਮ 14 ਦਸੰਬਰ 2025 ਨੂੰ ਯਹੂਦੀ ਭਾਈਚਾਰੇ ਦੇ ਸਾਲਾਨਾ ਮਸ਼ਹੂਰ, ਹਾਨੂਕਾ ਫੈਸਟੀਵਲ ਦੇ ਦੌਰਾਨ ਬੋਂਡੀ ਬੀਚ ‘ਤੇ ਦੋ ਬੰਦੂਕਧਾਰੀ ਬਾਪ-ਬੇਟੇ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਕਾਰਣ 16 ਲੋਕ ਮਾਰੇ ਗਏ ਅਤੇ 42 ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਇੱਕ ਇਜ਼ਰਾਈਲੀ ਨਾਗਰਿਕ ਅਤੇ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਦੋਵਾਂ ਹਮਲਾਵਰਾਂ ਨੂੰ ਗੋਲੀ ਮਾਰ ਦਿੱਤੀ। ਇਸ ਹਮਲੇ ਦੇ ਵਿੱਚ ਹਮਲਾਵਰ 50 ਸਾਲਾ ਬਾਪ, ਸਾਜਿਦ ਅਕਰਮ ਦੀ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ ਜਦਕਿ 24 ਸਾਲਾ ਜ਼ਖਮੀਂ ਬੇਟਾ ਨਵੀਦ ਅਕਰਮ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਵਿੱਚ ਭਰਤੀ ਹੈ। ਨਿਊ ਸਾਊਥ ਵੇਲਜ਼ ਪੁਲਿਸ ਦਾ ਕਹਿਣਾ ਹੈ ਕਿ, ਸਾਜਿਦ ਅਕਰਮ ਕੋਲ ਪਿਛਲੇ 10 ਸਾਲਾਂ ਤੋਂ ਲਾਇਸੈਂਸ ਗੰਨ ਸੀ। ਉਸ ਕੋਲ ਲਾਇਸੈਂਸ ਵਾਲੇ ਛੇ ਹਥਿਆਰ ਹਨ ਜੋ ਕੱਲ੍ਹ ਘਟਨਾ ਸਥਾਨ ਤੋਂ ਬਰਾਮਦ ਕਰ ਲਏ ਗਏ। ਇਸ ਹਮਲੇ ਵਿੱਚ ਪ੍ਰਮੁੱਖ ਯਹੂਦੀ ਨੇਤਾ ਆਰਸਨ ਓਸਟ੍ਰੋਵਸਕੀ ਇਸ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਹੈ, ਉਹ ਇਸ ਤੋਂ ਪਹਿਲਾਂ 7 ਅਕਤੂਬ 2023 ਦੇ ਫਲਸਤੀਨੀ ਹਮਲੇ ਦੇ ਵਿੱਚੋਂ ਬਚ ਗਿਆ ਸੀ।

ਨਿਊ ਸਾਊਥ ਵੇਲਜ਼ ਪੁਲਿਸ ਦੇ ਅਨੁਸਾਰ ਇਸ ਟੈਕ ਦੇ ਵਿੱਚ ਮਰਨ ਵਾਲਿਆਂ ਦੀ ਉਮਰ 10 ਤੋਂ 87 ਸਾਲ ਦੇ ਵਿਚਕਾਰ ਹੈ। 42 ਜ਼ਖਮੀਆਂ ਦੇ ਵਿੱਚੋਂ 27 ਲੋਕਾਂ ਦਾ ਸਿਡਨੀ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ, ਇਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ। ਇਸ ਹਮਲੇ ਦੇ ਵਿੱਚ 2 ਜ਼ਖਮੀ ਪੁਲਿਸ ਅਧਿਕਾਰੀਆਂ ਦੀ ਹਾਲਤ ਗੰਭੀਰ ਪਰ ਸਥਿਰ ਹੈ। ਐਨਐਸਡਬਲਯੂ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਕੈਂਬੈਲ ਪਰੇਡ, ਜਿੱਥੇ ਗੋਲੀਬਾਰੀ ਹੋਈ ਸੀ, ‘ਤੇ ਇੱਕ ਗੱਡੀ ਦੇ ਵਿੱਚ ਵਿਸਫੋਟਕ ਮਿਲੇ ਹਨ ਜਿਸਨੂੰ ਬਾਅਦ ਵਿੱਚ ਸੁਰੱਖਿਅਤ ਕਰਕੇ ਹਟਾ ਦਿੱਤਾ ਗਿਆ ਹੈ। ਇਸ ਘਟਨਾ ਨੂੰ ਅੱਤਵਾਦੀ ਘਟਨਾ ਐਲਾਨ ਕੀਤਾ ਗਿਆ ਹੈ। ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਿਯਨ ਨੇ ਕਿਹਾ ਹੈ ਕਿ, “ਪੁਲਿਸ ਜਾਂਚ ਵਿੱਚ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਕੋਈ ਬਦਲਾ ਨਾ ਲਿਆ ਜਾਵੇ। ਲੋਕਾਂ ਨੂੰ ਸ਼ਾਂਤ ਰਹਿਣ ਅਤੇ ਹਮਲੇ ਦੇ ਪੀੜਤਾਂ ਅਤੇ ਦੋਸ਼ੀਆਂ ਬਾਰੇ ਅਟਕਲਾਂ ਸਮੇਤ ਔਨਲਾਈਨ ਗਲਤ ਜਾਣਕਾਰੀ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ।”

ਚਸ਼ਮਦੀਦਾਂ ਦੇ ਅਨੁਸਾਰ ਐਤਵਾਰ ਸ਼ਾਮ 6:40 ਵਜੇ ਦੇ ਕਰੀਬ ਦੋ ਹਮਲਾਵਰ ਇੱਕ ਵਾਹਨ ਵਿੱਚੋਂ ਉਤਰੇ ਅਤੇ ਬੋਂਡੀ ਪਵੇਲੀਅਨ ਦੇ ਨੇੜੇ ਗੋਲੀਬਾਰੀ ਕੀਤੀ। ਗੋਲੀਬਾਰੀ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਲੋਕ ਛੁਪਣ ਲਈ ਭੱਜੇ ਅਤੇ ਬੀਚ ਚੀਕ-ਚਿਹਾੜੈ ਦੀ ਦਹਿਸ਼ਤ ਦੇ ਨਾਲ ਗੂੰਜ ਉੱਠਿਆ।

ਇਸੇ ਦੌਰਾਨ ਬੌਂਡੀ ਬੀਚ ਗੋਲੀਬਾਰੀ ਵਿੱਚ ਇੱਕ ਹਮਲਾਵਰ ਨੂੰ ਨਿਹੱਥਾ ਕਰਨ ਵਾਲੇ ਵਿਅਕਤੀ ਦੀ ਪਛਾਣ ਅਹਿਮਦ ਅਲ ਅਹਿਮਦ ਵਜੋਂ ਹੋਈ ਹੈ। ਦੋ ਬੱਚਿਆਂ ਦੇ ਪਿਤਾ ਅਹਿਮਦ ਨੂੰ ਉਸਦੀ ਬਹਾਦਰੀ ਲਈ ਹੀਰੋ ਵਜੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਉਸਨੇ ਇੱਕ ਬੰਦੂਕਧਾਰੀ ‘ਤੇ ਹਮਲਾ ਕਰਕੇ ਉਸਦੇ ਹੱਥ ਵਿੱਚੋਂ ਰਾਈਫਲ ਖੋਹ ਲਈ ਸੀ। ਪਰ ਇਸ ਦੌਰਾਨ ਨੇੜਲੇ ਪੁਲ ‘ਤੇ ਇੱਕ ਹੋਰ ਹਮਲਾਵਰ ਨੇ ਅਹਿਮਦ ‘ਤੇ ਗੋਲੀਬਾਰੀ ਕੀਤੀ ਜਿਸ ਵਿੱਚ ਅਹਿਮਦ ਜ਼ਖਮੀਂ ਹੋ ਗਿਆ। ਅਹਿਮਦ ਦੇ ਚਚੇਰੇ ਭਰਾ ਮੁਸਤਫਾ ਨੇ ਦੱਸਿਆ ਕਿ, “ਅਹਿਮਦ ਨੂੰ ਬੰਦੂਕ ਦੀ ਵਰਤੋਂ ਕਰਨੀ ਨਹੀਂ ਆਉਂਦੀ ਸੀ, ਇਸ ਲਈ ਉਹ ਸ਼ਾਇਦ ਹਮਲਾਵਰ ‘ਤੇ ਗੋਲੀ ਨਹੀਂ ਚਲਾ ਸਕਦਾ ਸੀ। ਉਸਨੇ ਸਿਰਫ਼ ਅੱਤਵਾਦੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਹੋਰ ਹਮਲਾਵਰ ਨੇ ਉਸਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ। ਸਾਨੂੰ ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ, ਉਹ 100% ਹੀਰੋ ਹੈ।”

ਇਸ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ਦਾ ਦਾ ਦਾਇਰਾ ਵਧਾਉਂਦਿਆਂ ਬੋਨੀਰਿਗ ਖੇਤਰ ਵਿੱਚ ਇੱਕ ਛੁਪਣਗਾਹ ‘ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਇੱਕ ਆਦਮੀ ਅਤੇ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦੋਵਾਂ ਆਦਮੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਹਮਲਾਵਰਾਂ ਨੂੰ ਪਨਾਹ ਦੇਣ ਵਿੱਚ ਸ਼ਾਮਲ ਸਨ ਜਾਂ ਹਮਲੇ ਵਿੱਚ ਕੋਈ ਹੋਰ ਭੂਮਿਕਾ ਵੀ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਮੋਬਾਈਲ ਫੋਨ, ਦਸਤਾਵੇਜ਼ਾਂ ਅਤੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਸ ਹਮਲੇ ਦੇ ਵਿੱਚ ਜ਼ਖਮੀਂ ਯਹੂਦੀ ਨੇਤਾ ਆਰਸਨ ਓਸਟ੍ਰੋਵਸਕੀ ਨੇ ਕਿਹਾ ਹੈ ਕਿ, “ਉਹ ਸਿਰਫ਼ ਦੋ ਹਫ਼ਤੇ ਪਹਿਲਾਂ ਆਸਟ੍ਰੇਲੀਆ ਪਹੁੰਚਿਆ ਸੀ ਅਤੇ ਯਹੂਦੀ ਭਾਈਚਾਰੇ ਨਾਲ ਯਹੂਦੀ ਵਿਰੋਧਵਾਦ ਵਿਰੁੱਧ ਕੰਮ ਕਰ ਰਿਹਾ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਆਸਟ੍ਰੇਲੀਆ ਵਿੱਚ ਇਹ ਦੇਖਣਾ ਪਵੇਗਾ।”

ਵਰਨਣਯੋਗ ਹੈ ਕਿ ਬੌਂਡੀ ਬੀਚ ਆਸਟ੍ਰੇਲੀਆ ਦੇ ਸਭ ਤੋਂ ਮਸ਼ਹੂਰ ਰਮਣੀਕ ਸਮੁੰਦਰੀ ਕਿਨਾਰਿਆ ਵਿੱਚੋਂ ਇੱਕ ਹੈ। ਇਹ ਸਿਡਨੀ ਦੇ ਪੂਰਬੀ ਇਲਾਕੇ ਵਿੱਚ ਸਥਿਤ ਹੈ ਅਤੇ ਇਹ ਇਲਾਕਾ ਸਿਡਨੀ ਦੇ ਯਹੂਦੀ ਭਾਈਚਾਰੇ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਮੈਲਬੌਰਨ ਤੋਂ ਬਾਅਦ ਸਿਡਨੀ ਦੇ ਬੌਂਡੀ ਖੇਤਰ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਯਹੂਦੀ ਕਮਿਊਨਿਟੀ ਰਹਿੰਦੀ ਹੈ। ਸਿਡਨੀ ਦੇ ਬੌਂਡੀ ਖੇਤਰ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਹਾਲ ਹੀ ਵਿੱਚ ਅਪ੍ਰੈਲ 2024 ਵਿੱਚ ਬੌਂਡੀ ਜੰਕਸ਼ਨ ‘ਤੇ ਇੱਕ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਜ਼ਾਹਿਰ ਕੀਤੀਆਂ ਗਈਆਂ ਸਨ। ਅਕਤੂਬਰ 2023 ਵਿੱਚ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਭਾਈਚਾਰਿਆਂ ਅਤੇ ਵਿਅਕਤੀਆਂ ‘ਤੇ ਹਮਲੇ ਵਧ ਗਏ ਹਨ। ਅਗਸਤ 2024 ਵਿੱਚ ਆਸਟ੍ਰੇਲੀਅਨ ਸਕਿਊਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ ਨੇ ਗਾਜ਼ਾ ਯੁੱਧ ਨਾਲ ਜੁੜੇ ਭਾਈਚਾਰਕ ਤਣਾਅ ਅਤੇ ਰਾਜਨੀਤਕ ਹਿੰਸਾ ਦੇ ਖਤਰੇ ਨੂੰ ਇੱਕ ਕਾਰਣ ਦੱਸਦਿਆਂ ਆਸਟ੍ਰੇਲੀਆ ਦੇ ਰਾਸ਼ਟਰੀ ਅੱਤਵਾਦੀ ਖ਼ਤਰੇ ਦੇ ਪੱਧਰ ਨੂੰ “ਸੰਭਾਵਿਤ” ਤੋਂ “ਜਰੂਰ ਹੋਵੇਗਾ” ਤੱਕ ਵਧਾ ਦਿੱਤਾ ਸੀ। ਇਹ ਗੋਲੀਬਾਰੀ ਆਸਟ੍ਰੇਲੀਆ ਦੁਆਰਾ ਈਰਾਨੀ ਸਰਕਾਰ ‘ਤੇ ਆਸਟ੍ਰੇਲੀਆ ਵਿੱਚ ਹਮਲਿਆਂ ਦੀ ਯੋਜਨਾ ਬਨਾਉਣ ਦਾ ਦੋਸ਼ ਲਾਉਣ ਦੇ ਕਈ ਮਹੀਨਿਆਂ ਬਾਅਦ ਹੋਈ, ਜਿਸ ਵਿੱਚ ਸਾਲ 2024 ਦੇ ਮੈਲਬੌਰਨ ਦੀ ਯਹੂਦੀ ਮਸਜਿਦ ‘ਤੇ ਹਮਲਾ ਵੀ ਸ਼ਾਮਿਲ ਸੀ ਅਤੇ ਆਸਟ੍ਰੇਲੀਆ ਨੇ ਈਰਾਨੀ ਰਾਜਦੂਤ ਨੂੰ ਕੱਢ ਦਿੱਤਾ ਸੀ।

ਇਥੇ ਇਹ ਵੀ ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਵਿੱਚ 29 ਸਾਲਾਂ ਬਾਅਦ ਵਾਪਰੀ ਸਿਡਨੀ ਦੇ ਬੌਂਡੀ ਬੀਚ ਦੇ ਉਪਰ ਸਮੂਹਿਕ ਗੋਲੀਕਾਂਡ ਦੀ ਘਟਨਾ, ਕੋਈ ਆਮ ਨਹੀਂ ਹੈ। ਆਸਟ੍ਰੇਲੀਆ ਨੂੰ ਬਹੁਤ ਹੀ ਸ਼ਾਂਤਮਈ ਇਲਾਕਾ ਮੰਨਿਆ ਜਾਂਦਾ ਹੈ ਅਤੇ ਸਮੂਹਿਕ ਗੋਲੀਬਾਰੀ ਬਹੁਤ ਘੱਟ ਹੁੰਦੀ ਹੈ। ਇਸ ਤੋਂ ਪਹਿਲਾਂ ਟਸਮਾਨੀਆ ਸੂਬੇ ਦੇ ਵਿੱਚ ਸਾਲ 28 ਅਪ੍ਰੈਲ 1996 ਵਿੱਚ ਪੋਰਟ ਆਰਥਰ ਵਿਖੇ ਹੋਏ ਇੱਕ ਭਿਆਨਕ ਗੋਲੀਕਾਂਡ ਵਾਪਰਿਆ ਸੀ ਜਿਸ ਵਿੱਚ 35 ਲੋਕ ਮਾਰੇ ਗਏ ਸਨ ਅਤੇ 23 ਗੰਭੀਰ ਜ਼ਖਮੀਂ ਹੋ ਗਏ ਸਨ। ਇਸ ਖੂਨੀਕਾਂਡ ਤੋਂ ਬਾਅਦ ਆਰਮਜ਼ ਐਕਟ ਹੋਂਦ ਵਿੱਚ ਲਿਆਂਦਾ ਗਿਆ ਅਤੇ ਸਖ਼ਤ ਕਾਨੂੰਨ ਲਾਗੂ ਕੀਤਾ ਗਿਆ ਸੀ। ਇੱਕ ਸਭ ਤੋਂ ਤਾਜ਼ਾ ਘਟਨਾ ਦੇ ਵਿੱਚ ਅਪ੍ਰੈਲ 2024 ਨੂੰ ਵੀ ਇੱਕ ਹਮਲਾਵਰ ਨੇ ਬੌਂਡੀ ਜੰਕਸ਼ਨ ਦੇ ਵੈਸਟਫੀਲਡ ਸ਼ਾਪਿੰਗ ਸੈਂਟਰ ਵਿੱਚ ਛੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਹਮਲਾਵਰ ਨੂੰ ਮੌਕੇ ‘ਤੇ ਹੀ ਗੋਲੀ ਮਾਰ ਦਿੱਤੀ ਗਈ ਸੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਘਟਨਾ ਨੂੰ ਹੈਰਾਨ-ਪ੍ਰੇਸ਼ਾਨ ਕਰਨ ਵਾਲਾ, ਬਹੁਤ ਦੁਖਦਾਈ ਅਤੇ ਸਿਡਨੀ ਵਿੱਚ ਯਹੂਦੀ ਭਾਈਚਾਰੇ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਹੈ।

ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਲੇ ਸੰਬੰਧੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ, “ਉਨ੍ਹਾਂ ਨੇ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਯਹੂਦੀ ਵਿਰੋਧੀ ਘਟਨਾਵਾਂ ਬਾਰੇ ਚੇਤਾਵਨੀ ਦਿੱਤੀ ਸੀ।” ਨੇਤਨਯਾਹੂ ਦੇ ਅਨੁਸਾਰ ਪਿਛਲੇ ਮਹੀਨੇ ਦੀ 17 ਅਗਸਤ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਆਸਟ੍ਰੇਲੀਅਨ ਸਰਕਾਰ ਦੀਆਂ ਨੀਤੀਆਂ ਦੇਸ਼ ਵਿੱਚ ਯਹੂਦੀ ਵਿਰੋਧੀ ਭਾਵਨਾ ਨੂੰ ਵਧਾ ਰਹੀਆਂ ਹਨ। ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਆਸਟ੍ਰੇਲੀਅਨ ਯਹੂਦੀ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਬ੍ਰਿਟਿਸ਼ ਕਿੰਗ ਚਾਰਲਸ ਨੇ ਅੱਤਵਾਦੀ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ, “ਉਹ ਅਤੇ ਉਨ੍ਹਾਂ ਦੀ ਪਤਨੀ ਇਸ ਭਿਆਨਕ ਹਮਲੇ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੇ ਹਨੁੱਕਾ ਜਸ਼ਨਾਂ ਦੌਰਾਨ ਯਹੂਦੀ ਭਾਈਚਾਰੇ ‘ਤੇ ਹੋਏ ਹਮਲੇ ਨੂੰ ਬਹੁਤ ਦੁਖਦਾਈ ਦੱਸਿਆ ਹੈ। ਕਿੰਗ ਚਾਰਲਸ ਨੇ ਹਮਲੇ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ-ਨਾਲ ਡਿਊਟੀ ਦੌਰਾਨ ਜ਼ਖਮੀ ਹੋਏ ਪੁਲਿਸ ਅਧਿਕਾਰੀਆਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਪੁਲਿਸ, ਐਮਰਜੈਂਸੀ ਸੇਵਾਵਾਂ ਅਤੇ ਨਾਗਰਿਕਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤੇਜ਼ ਕਾਰਵਾਈ ਨੇ ਇੱਕ ਹੋਰ ਵੀ ਵੱਡੀ ਦੁਖਾਂਤ ਨੂੰ ਟਾਲ ਦਿੱਤਾ ਹੈ। ਆਸਟ੍ਰੇਲੀਆ ਦੀ ਏਕਤਾ ਅਤੇ ਭਾਈਚਾਰਕ ਭਾਵਨਾ ਹਮੇਸ਼ਾ ਅਜਿਹੇ ਨਫ਼ਰਤ ਭਰੇ ਹਮਲਿਆਂ ‘ਤੇ ਜਿੱਤ ਪ੍ਰਾਪਤ ਕਰੇਗੀ।”

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਹਿਮਦ ਦੀ ਬਹਾਦਰੀ ਨੇ ਅੱਜ ਰਾਤ ਬਹੁਤ ਸਾਰੀਆਂ ਜਾਨਾਂ ਬਚਾਈਆਂ।”

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਵਿਕਟੋਰੀਆ ਦੀ ਮਲਟੀਕਲਚਰਲ ਮਨਿਸਟਰ ਇੰਗ੍ਰਿਡ ਸਟੱਟ ਨੇ ਵੀ ਸਿਡਨੀ ਦੇ ਬੌਂਡੀ ਬੀਚ ਉਪਰ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੌਂਡੀ ਬੀਚ ‘ਤੇ ਹੋਈ ਗੋਲੀਬਾਰੀ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ, “ਭਾਰਤ ਦੇ ਲੋਕਾਂ ਵੱਲੋਂ ਉਹ ਇਸ ਹਮਲੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਸਾਰੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਭਾਰਤ ਇਸ ਦੁੱਖ ਦੀ ਘੜੀ ਵਿੱਚ ਆਸਟ੍ਰੇਲੀਆ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।”

ਕਤਰ ਨੇ ਆਸਟ੍ਰੇਲੀਆ ਦੇ ਸਿਡਨੀ ਨੇੜੇ ਬੌਂਡੀ ਬੀਚ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ, “ਉਹ ਇਸ ਹਿੰਸਕ ਘਟਨਾ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਅਤੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ।”

ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਆਸਟ੍ਰੇਲੀਆ ਦੇ ਬੌਂਡੀ ਬੀਚ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ, “ਬੌਂਡੀ ਵਿੱਚ ਵਾਪਰੇ ਦ੍ਰਿਸ਼ ਭਿਆਨਕ ਅਤੇ ਪਰੇਸ਼ਾਨ ਕਰਨ ਵਾਲੇ ਹਨ।

ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸਿਡਨੀ ਵਿੱਚ ਹੋਈ ਦੁਖਦਾਈ ਗੋਲੀਬਾਰੀ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਆਸਟ੍ਰੇਲੀਆ ਦੇ ਮੁਸਲਿਮ ਸੰਗਠਨਾਂ ਨੇ ਬੌਂਡੀ ਬੀਚ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਆਸਟ੍ਰੇਲੀਅਨ ਨੈਸ਼ਨਲ ਇਮਾਮ ਕੌਂਸਲ ਅਤੇ ਕੌਂਸਲ ਆਫ਼ ਇਮਾਮਜ਼ ਐਨਐਸਡਬਲਯੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ, “ਉਹ ਬੌਂਡੀ ਵਿੱਚ ਹੋਈ ਭਿਆਨਕ ਗੋਲੀਬਾਰੀ ਦੀ ਨਿੰਦਾ ਕਰਨ ਵਿੱਚ ਆਸਟ੍ਰੇਲੀਅਨ ਮੁਸਲਿਮ ਭਾਈਚਾਰੇ ਨਾਲ ਸ਼ਾਮਲ ਹਨ। ਅਜਿਹੀ ਹਿੰਸਾ ਅਤੇ ਅਪਰਾਧਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੁਸਲਿਮ ਸੰਗਠਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਇਸ ਹਮਲੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਹਨ। ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਪੀਲ ਹੈ ਕਿ ਇਹ ਏਕਤਾ, ਹਮਦਰਦੀ ਅਤੇ ਏਕਤਾ ਵਿੱਚ ਖੜ੍ਹੇ ਹੋਣ ਅਤੇ ਹਰ ਤਰ੍ਹਾਂ ਦੀ ਹਿੰਸਾ ਨੂੰ ਰੱਦ ਕਰਨ ਦਾ ਸਮਾਂ ਹੈ।”

ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਦੁੱਖ ਵਿੱਚ ਮਦਦ ਦੀ ਲੋੜ ਹੈ ਤਾਂ ਸੰਪਰਕ ਕਰੋ:

  • Griefline: Phone support for all Australians Monday to Friday and 24/7 online forums. Call 1300 845 745 from 8:00am to 8:00pm AEDT
  • Kids Helpline: 24/7 phone support and WebChat for young people aged between five and 25. Call 1800 551 800
  • Headspace: Centres for young people in each state and territory or check out headspace for online or phone support
  • Lifeline: 24-hour support for all Australians on 13 11 14

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !