ਨਵੀਂ ਦਿੱਲੀ – ਸੋਮਵਾਰ ਨੂੰ ਜਿਵੇਂ ਹੀ ਬੀਸੀਸੀਆਈ ਨੇ ਇਸ ਗੱਲ ’ਤੇ ਮੋਹਰ ਲਗਾਈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਗਾਮੀ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ ਤਾਂ ਉਦੋਂ ਹੀ ਪ੍ਰਸ਼ੰਸਕਾਂ ਦੀ ਉਮੀਦ ਟੱੁਟ ਗਈ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਦੀ ਪ੍ਰਤੀਕਿਰਿਆ ਤੋਂ ਬਾਅਦ ਥੋੜ੍ਹੀ ਉਮੀਦ ਸੀ। ਹਾਲਾਂਕਿ ਉਸ ਦੀ ਰਿਪਲੇਸਮੈਂਟ ਨੂੰ ਲੈ ਕੇ ਕੋਈ ਅਧਿਕਾਰਤ ਨਾਂ ਸਾਹਮਣੇ ਨਹੀਂ ਆਇਆ ਹੈ ਪਰ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੇ ਨਾਂ ਸਭ ਤੋਂ ਅੱਗੇ ਹਨ, ਜੋ ਉਸ ਦੀ ਥਾਂ ਲੈ ਸਕਦੇ ਹਨ।
ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਉਸ ਦੇ ਸਾਥੀ ਖਿਡਾਰੀਆਂ ਨੇ ਉਸ ਦੀ ਵਾਪਸੀ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਦੌਰਾਨ ਪਹਿਲੀ ਵਾਰ ਜਸਪ੍ਰੀਤ ਬੁਮਰਾਹ ਦੀ ਪ੍ਰਤੀਕਿਰਿਆ ਵੀ ਆਈ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਮੈਂ ਇਲ ਗੱਲ ਤੋਂ ਬਹੁਤ ਨਿਰਾਸ਼ ਹਾਂ ਕਿ ਮੈਂ ਇਸ ਵਿਸ਼ਵ ਕੱਪ ’ਚ ਹਿੱਸਾ ਨਹੀਂ ਲੈ ਸਕਾਂਗਾ ਪਰ ਮੇਰੇ ਚਾਹੁਣ ਵਾਲਿਆਂ ਨੇ ਇਸ ਦੌਰਾਨ ਜੋ ਸਮਰਥਨ ਦਿੱਤਾ ਹੈ ਅਤੇ ਸਾਡੇ ਲਈ ਪ੍ਰਾਰਥਨਾ ਕੀਤੀ ਹੈ, ਉਸ ਲਈਉਨ੍ਹਾਂ ਦਾ ਧੰਨਵਾਦ। ਮੈਂ ਆਸਟ੍ਰੇਲੀਆ ’ਚ ਟੀਮ ਦੀ ਮੁਹਿੰਮ ਦਾ ਸਮਰਥਨ ਕਰਾਂਗਾ।