ਇੰਦੌਰ – ਅਦਾਕਾਰਾ ਵੈਸ਼ਾਲੀ ਟੱਕਰ ਦੀ ਖੁਦਕੁਸ਼ੀ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 29 ਸਾਲਾ ਵੈਸ਼ਾਲੀ ਦੀ ਲਾਸ਼ ਇੰਦੌਰ ‘ਚ ਉਸ ਦੇ ਘਰ ‘ਚ ਲਟਕਦੀ ਮਿਲੀ। ਯੇ ਰਿਸ਼ਤਾ ਕਯਾ ਕਹਿਲਾਤਾ ਹੈ ਸਮੇਤ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕਰ ਚੁੱਕੀ ਵੈਸ਼ਾਲੀ ਟੱਕਰ ਨੇ ਇੰਦੌਰ ਵਿੱਚ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵੈਸ਼ਾਲੀ ਨੇੜੇ ਇਕ ਡਾਇਰੀ ਵਿਚ ਪੰਜ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਵੱਡਾ ਖੁਲਾਸਾ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਗੁਆਂਢ ਵਿਚ ਰਹਿਣ ਵਾਲਾ ਰਾਹੁਲ ਨਵਲਾਨੀ ਉਸ ਦਾ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕਰਦਾ ਸੀ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਅਖੀਰ ਵਿੱਚ ਉਸ ਨੇ ‘Im Quiet’ ਲਿਖਿਆ। ਰਾਹੁਲ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਿਸ ਨੇ ਰਾਹੁਲ ਅਤੇ ਉਸ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਵੈਸ਼ਾਲੀ ਟੱਕਰ ਦੀ ਮੰਗਣੀ ਹੋ ਗਈ ਸੀ ਤੇ ਕੁਝ ਹੀ ਦਿਨਾਂ ਵਿਚ ਉਸ ਦਾ ਵਿਆਹ ਹੋਣ ਵਾਲਾ ਸੀ। ਰਾਹੁਲ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਇਸ ਲਈ ਉਹ ਉਸ ‘ਤੇ ਤਸ਼ੱਦਦ ਕਰ ਰਿਹਾ ਸੀ। ਇਸ ਦੌਰਾਨ ਵੈਸ਼ਾਲੀ ਦੀ ਮੰਗਣੀ ਵੀ ਟੁੱਟ ਗਈ, ਜਿਸ ਕਾਰਨ ਉਹ ਕਾਫੀ ਦੁਖੀ ਸੀ।