ਕੇਪਟਾਊਨ – ਪਹਿਲੇ ਟੈਸਟ ‘’ਚ ਸ਼ਰਮਨਾਕ ਹਾਰ ਤੋਂ ਬਾਅਦ ਵਾਪਸੀ ਕਰਨ ਲਈ ਭਾਰਤੀ ਗੇਂਦਬਾਜ਼ਾਂ ਨੂੰ ਦੱਖਣੀ ਅਫਰੀਕਾ ਖਿਲਾਫ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ‘’ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਤਾਂ ਜੋ ਵਿਸ਼ਵ ਚੈਂਪੀਅਨਸ਼ਿਪ ਦੇ ਅੰਕ ਸੂਚੀ ‘’ਚ ਚੋਟੀ ‘’ਤੇ ਪਹੁੰਚਣ ਦਾ ਰਸਤਾ ਬਣੇਗਾ । ਵਰਤਮਾਨ ਵਿੱਚ, ਦੱਖਣੀ ਅਫਰੀਕਾ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਚੱਕਰ ਵਿੱਚ ਸਿਖਰ ‘’ਤੇ ਹੈ ਜਦੋਂ ਕਿ ਭਾਰਤ ਛੇਵੇਂ ਸਥਾਨ ‘’ਤੇ ਹੈ।ਹਰਫ਼ਨਮੌਲਾ ਰਵਿੰਦਰ ਜਡੇਜਾ ਦੀ ਵਾਪਸੀ ਨਾਲ ਮੱਧਕ੍ਰਮ ਵਿੱਚ ਸੰਤੁਲਨ ਬਣੇਗਾ ਅਤੇ ਉਹ ਮੱਧ ਓਵਰਾਂ ਵਿੱਚ ਪੁਰਾਣੇ ਕੂਕਾਬੂਰਾ ਖ਼ਿਲਾਫ਼ ਕਾਰਗਰ ਸਾਬਤ ਹੋਵੇਗਾ। ਭਾਰਤ ਲਈ ਤੀਜੇ ਅਤੇ ਚੌਥੇ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਹੋਵੇਗੀ। ਪ੍ਰਸਿਧ ਕ੍ਰਿਸ਼ਨਾ ਅਜੇ ਟੈਸਟ ਕ੍ਰਿਕਟ ਲਈ ਤਿਆਰ ਨਹੀਂ ਹਨ ਅਤੇ ਸ਼ਾਰਦੁਲ ਠਾਕੁਰ ਲਗਾਤਾਰ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਚੋਟੀ ਦੇ ਤਿੰਨ ਬੱਲੇਬਾਜ਼ਾਂ ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੀ ਖਰਾਬ ਫਾਰਮ ਨੇ ਟੀਮ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਦੇ ਬਾਊਂਸਰਾਂ ਦਾ ਸਾਹਮਣਾ ਕਰਨਾ ਪਵੇਗਾ।ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਕੇ. ਐਲ. ਰਾਹੁਲ ਅਤੇ ਦੂਜੀ ਪਾਰੀ ਵਿੱਚ ਵਿਰਾਟ ਕੋਹਲੀ ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਸੈਂਚੁਰੀਅਨ ਵਿੱਚ ਵਾਧੂ ਉਛਾਲ ਦਾ ਸਾਹਮਣਾ ਨਹੀਂ ਕਰ ਸਕਿਆ। ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ‘’ਚ ਭਾਰਤ ਇਕ ਹਾਰ ਅਤੇ ਇਕ ਡਰਾਅ ਤੋਂ ਬਾਅਦ ਜਿੱਤ ਲਈ ਬੇਤਾਬ ਹੋਵੇਗਾ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐਲ. ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਪ੍ਰਸਿਧ ਕ੍ਰਿਸ਼ਨਾ, ਕੇ. ਐਸ. ਭਾਰਤ (ਵਿਕਟਕੀਪਰ), ਅਭਿਮਨਿਊ ਈਸ਼ਵਰਨ।
ਦੱਖਣੀ ਅਫ਼ਰੀਕਾ : ਟੇਂਬਾ ਬਾਵੁਮਾ (ਕਪਤਾਨ), ਏਡਨ ਮਾਰਕਰਮ, ਟੋਨੀ ਡੀ ਜ਼ੋਰਜ਼ੀ, ਡੀਨ ਐਲਗਰ, ਕੀਗਨ ਪੀਟਰਸਨ, ਕਾਈਲ ਵੇਰੇਨ (ਵਿਕਟਕੀਪਰ), ਟਿ੍ਰਸਟਨ ਸਟੱਬਸ (ਵਿਕਟਕੀਪਰ), ਨਾਂਦਰੇ ਬਰਗਰ, ਮਾਰਕੋ ਜੈਨਸਨ, ਵਿਆਨ ਮੁਲਡਰ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਨਗੀਡੀ, ਡੇਵਿਡ ਬੇਡਿੰਗਮ।