ਊਧਮ ਸਿੰਘ ਨਗਰ – ਉੱਤਰਾਖੰਡ ’ਚ 28 ਮਾਰਚ ਨੂੰ ਡੇਰਾ ਕਾਰ ਸੇਵਾ ਦੇ ਮੁਖੀ ਤਰਸੇਮ ਸਿੰਘ ਦੀ ਹੱਤਿਆ ਪ੍ਰਮੁੱਖ ਡੇਰਿਆਂ ਦੇ ਪ੍ਰਬੰਧਨ ’ਚ ਗ਼ਲਬੇ ਦੀ ਲੜਾਈ ਲਈ 10 ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਵਾਈ ਗਈ ਸੀ। ਪੰਜਾਬ ਵਾਸੀ ਦੋ ਸ਼ੂਟਰਾਂ ਨੇ ਐਡਵਾਂਸ ’ਚ 1.60 ਲੱਖ ਰੁਪਏ ਲੈ ਲਏ ਸਨ ਤੇ ਪੰਜ ਲੱਖ ਰੁਪਏ ਹੱਤਿਆ ਤੋਂ ਬਾਅਦ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਵਾਰਦਾਤ ਦੇ ਮਾਸਟਰਮਾਈਂਡ ਦਿਲਬਾਗ਼ ਸਿੰਘ, ਅਮਨਦੀਪ ਸਿੰਘ ਉਰਫ਼ ਕਾਲਾ, ਹਰਮਿੰਦਰ ਉਰਫ਼ ਪਿੰਦੀ ਤੇ ਬਲਕਾਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਦੋ ਕਾਰਾਂ ਬਰਾਮਦ ਹੋਈਆਂ ਹਨ। ਪੁਲਿਸ ਸ਼ੂਟਰਾਂ ਦੀ ਭਾਲ ’ਚ ਥਾਂ-ਥਾਂ ਛਾਪੇ ਮਾਰ ਰਹੀ ਹੈ। ਮੁਲਜ਼ਮਾਂ ਨੇ ਉਨ੍ਹਾਂ ਅਹਿਮ ਲੋਕਾਂ ਦਾ ਨਾਂ ਨਹੀਂ ਉਗਲਿਆ, ਜਿਨ੍ਹਾਂ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਰਸੇਮ ਸਿੰਘ ਦੀ ਹੱਤਿਆ ਕਰਨ ਤੋਂ ਬਾਅਦ ਫ਼ਰਾਰ ਦੋਵਾਂ ਸ਼ੂਟਰਾਂ ’ਤੇ ਹੁਣ ਇਕ-ਇਕ ਲੱਖ ਦਾ ਇਨਾਮ ਐਲਾਨਿਆ ਜਾਵੇਗਾ। ਐੱਸ.ਐੱਸ.ਪੀ. ਮੰਜੂਨਾਥ ਟੀ.ਸੀ. ਨੇ ਦੱਸਿਆ ਕਿ 28 ਮਾਰਚ ਨੂੰ ਨਾਨਕਮਤਾ ਡੇਰਾ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੀ ਗੋਲ਼ੀ ਮਾਰ ਕੇ ਬਾਈਕ ਸਵਾਰ ਸ਼ੂਟਰਾਂ ਨੇ ਹੱਤਿਆ ਕਰ ਦਿੱਤੀ ਸੀ। ਪੁਲਿਸ ਜਾਂਚ ’ਚ ਸ਼ੂਟਰਾਂ ਦੀ ਪਛਾਣ ਤਰਨਤਾਰਨ ਵਾਸੀ ਸਰਬਜੀਤ ਸਿੰਘ ਤੇ ਅੰਮ੍ਰਿਤਸਰ ਵਾਸੀ ਅਮਰਜੀਤ ਸਿੰਘ ਉਰਫ਼ ਬਿੱਟੂ ਦੇ ਰੂਪ ’ਚ ਹੋਈ ਸੀ। ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਵਾਸੀ ਅਮਰਜੀਤ ਸਿੰਘ 10 ਸਾਲ ਪਹਿਲਾਂ ਪੰਜਾਬ ਚਲਾ ਗਿਆ ਸੀ। ਜਾਂਚ ’ਚ ਪਤਾ ਲੱਗਿਆ ਕਿ 19 ਮਾਰਚ ਨੂੰ ਸ਼ੂਟਰ ਗੁਰਦੁਆਰਾ ਨਾਨਕਮਤਾ ਸਾਹਿਬ ਆਏ ਸਨ ਤੇ ਇੱਥੋਂ ਦੀ ਸਰਾਂ ’ਚ ਰੁਕੇ ਹੋਏ ਸਨ। ਇਸ ਲਈ ਸਰਬਜੀਤ ਸਿੰਘ ਨੇ ਆਪਣੀ ਆਈ.ਡੀ., ਆਧਾਰ ਕਾਰਡ ਨੰਬਰ ਤੇ ਮੋਬਾਈਲ ਨੰਬਰ ਸਰਾਂ ਦੇ ਰਜਿਸਟਰ ’ਚ ਦਰਜ ਕਰਵਾਇਆਸੀ। ਸਰਬਜੀਤ ਦੇ ਮੋਬਾਈਲ ਦੀ ਕਾਲ ਡਿਟੇਲ ਚੈੱਕ ਕੀਤੀ ਗਈ ਤਾਂ 19 ਮਾਰਚ ਤੋਂ 27 ਮਾਰਚ ਤਕ ਉਸ ਦੀ ਲੋਕੇਸ਼ਨ ਰਾਮਪੁਰ, ਬਾਜਪੁਰ, ਕਿੱਛਾ, ਸ਼ਾਹਜਹਾਂਪੁਰ (ਯੂ.ਪੀ.) ’ਚ ਮਿਲੀ। ਜਾਂਚ ’ਚ ਪਤਾ ਲੱਗਿਆ ਕਿ ਮੋਬਾਈਲ ਸਿੰਮ ਤੇ ਫੋਨ 14 ਮਾਰਚ ਨੂੰ ਸ਼ਾਹਜਹਾਂਪੁਰ ਦੇ ਤਿਲਹਰ ਤੋਂ ਖ਼ਰੀਦੇ ਗਏ ਸਨ। ਮੋਬਾਈਲ ਨੰਬਰਾਂ ਰਾਹੀਂ ਹੱਤਿਆ ਦੇ ਮੁਲਜ਼ਮ ਸ਼ੂਟਰਾਂ ਦੇ ਪੁਰਾਣੇ ਨੰਬਰ ਹਾਸਲ ਹੋਏ। ਇਨ੍ਹਾਂ ਦੀ ਜਾਂਚ ’ਚ ਪਤਾ ਲੱਗਿਆ ਕਿ ਹੱਤਿਆ ਦੇ ਮੁਲਜ਼ਮ ਸ਼ਾਹਜਹਾਂਪੁਰ ’ਚ ਹੀ ਤਹਿਸੀਲ ਪੁਵਾਇਆਂ ਦੇ ਪਿੰਡ ਕਬੀਰਪੁਰ ਵਾਸੀ ਦਿਲਬਾਗ ਸਿੰਘ ਤੇ ਬਲਕਾਰ ਸਿੰਘ, ਸਤਨਾਮ ਸਿੰਘ, ਪਰਗਟ ਸਿੰਘ, ਹਰਵਿੰਦਰ ਸਿੰਘ ਉਰਫ਼ ਪਿੰਦੀ ਦੇ ਸੰਪਰਕ ’ਚ ਫਰਵਰੀ ਤੋਂ ਸਨ। ਉਨ੍ਹਾਂ ਨੂੰ ਕੁਝ ਅਹਿਮ ਲੋਕਾਂ ਦੇ ਕਹਿਣ ’ਤੇ ਗੁਰਦੁਆਰਾ ਨਾਨਕਮਤਾ ਸਾਹਿਬ ਸਥਿਤ ਡੇਰਾ ਕਾਰਸੇਵਾ ਤੇ ਤਰਾਈ ਖੇਤਰ ਦੇ ਹੋਰ ਅਹਿਮ ਡੇਰਿਆਂ ਦਾ ਪ੍ਰਬੰਧਨ ਆਪਣੇ ਕਬਜ਼ੇ ’ਚ ਲੈਣ ਲਈ ਤਰਸੇਮ ਸਿੰਘ ਦੀ ਹੱਤਿਆ ਦੀ ਯੋਜਨਾ ਬਣਾਈ।