2 ਦਸੰਬਰ ਨੂੰ ਪੁਨਰ ਸੁਰਜੀਤ ਹੋਏ ਅਕਾਲੀ ਦਲ ਦਾ ਇਹ ਐਲਾਨਨਾਮਾ ਪੰਜਾਬ ਨੂੰ ਪੁਨਰ ਸੁਰਜੀਤ ਕਰੇਗਾ – ਗਿਆਨੀ ਹਰਪ੍ਰੀਤ ਸਿੰਘ।

ਗਿਆਨੀ ਹਰਪ੍ਰੀਤ ਸਿੰਘ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਚੰਡੀਗੜ੍ਹ – ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਸੀ। ਜਿਸਨੇ ਉਹਨਾਂ ਆਦੇਸ਼ਾਂ ਅਨੁਸਾਰ ਨਵੀਂ ਭਰਤੀ ਕਰਕੇ ਡੈਲੀਗੇਟ ਇਜਲਾਸ ਰਾਹੀਂ ਲੀਡਰਸ਼ਿਪ ਉਭਾਰਨ ਦਾ ਉਪਰਾਲਾ ਕੀਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਉਸ ਡੈਲੀਗੇਟ ਇਜਲਾਸ ਵਿੱਚ ਹੀ ਸਾਰੇ ਸੀਨੀਅਰ ਲੀਡਰਾਂ ਦੀ ਸਲਾਹ ਨਾਲ ਨਵੀਂ ਲੀਡਰਸ਼ਿਪ ਲਈ ਨਵਾਂ ਪੰਥ-ਪੰਜਾਬ ਪੱਖੀ ਏਜੰਡਾ ਨਿਰਧਾਰਿਤ ਕਰਨ ਲਈ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ। ਸ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਬਣੀ ਉਸ ਕਮੇਟੀ ਨੇ ਪੈਂਤੀ ਤੋਂ ਵੱਧ ਮੀਟਿੰਗਾਂ ਕਰਕੇ, ਡੂੰਘੀ ਵਿਚਾਰ ਚਰਚਾ ਤੋਂ ਬਾਅਦ ਇਹ ਦਸਤਾਵੇਜ਼ ਤਿਆਰ ਕੀਤਾ ਹੈ। ਜਿਸ ਨੂੰ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਪੱਧਰ ‘ਤੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਪ੍ਰੈੱਸ ਰਾਹੀਂ ਪੰਜਾਬ ਦੇ ਨਾਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦਸਤਾਵੇਜ ਵਿੱਚ ਪੰਥ ਦੀ ਚੜ੍ਹਦੀ ਕਲਾ ਅਤੇ ਪੰਥ ਦੇ ਬੋਲ ਬਾਲੇ ਦੀ ਗੱਲ ਕਰਦਿਆਂ ਪੰਜਾਬ ਦੀ ਨੁਹਾਰ ਬਦਲਣ ਲਈ ਹਰ ਵਿਸ਼ੇ ਨੂੰ ਛੋਹਿਆ ਗਿਆ ਹੈ।
ਇਸ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਸ ਐਲਾਨਨਾਮੇ ਅਨੁਸਾਰ ਪਾਰਟੀ ਵਿੱਚ ਇਕ ਆਗੂ ਇਕ ਅਹੁਦਾ ਅਤੇ ਪਰਿਵਾਰ ਵਿੱਚ ਇਕ ਹੀ ਟਿਕਟ ਦਾ ਸਿਧਾਂਤ ਲਾਗੂ ਹੋਵੇਗਾ। ਪਾਰਟੀ ਪ੍ਰਧਾਨ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ ਅਤੇ ਉਹ ਲਗਾਤਾਰ ਦੋ ਵਾਰ ਹੀ ਪ੍ਰਧਾਨ ਰਹਿ ਸਕੇਗਾ। ਪਾਰਟੀ ਪ੍ਰਧਾਨ ਕੋਈ ਚੋਣ ਨਹੀਂ ਲੜਨਗੇ ਅਤੇ ਜੇਕਰ ਚੋਣ ਲੜਨਾ ਚਾਹੁਣ ਤਾਂ ਪ੍ਰਧਾਨਗੀ ਤੋਂ ਇਕ ਸਾਲ ਪਹਿਲਾਂ ਅਸਤੀਫਾ ਦੇਣਾ ਹੋਵੇਗਾ। ਪਾਰਟੀ ਵਿੱਚ ਯੂਥ ਵਿੰਗ ਦੀ ਉਮਰ ਹੱਦ 37 ਸਾਲ ਹੋਵੇਗੀ। ਇਸ ਦਸਤਾਵੇਜ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪੁਨਰ-ਸੁਰਜੀਤ ਕਰਕੇ ਸਾਰੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਯੂਨਿਟ ਬਣਾਉਣ ਦੀ ਗੱਲ ਕਹੀ ਗਈ ਹੈ। ਇਸ ਐਲਾਨ ਨਾਮੇ ਅਨੁਸਾਰ ਪੰਥਕ ਦ੍ਰਿਸ਼ਟੀਕੋਣ ਵਿੱਚ ਦਸ ਗੁਰੂ ਸਹਿਬਾਨ ਅਤੇ ਗੁਰੂ ਗ੍ਰੰਥ ਸਹਿਬ ਜੀ ਦੇ ਫਲਸਫੇ ਦੇ ਪ੍ਰਸਾਰ ਅਤੇ ਪ੍ਰਚਾਰ ਕਰਨ ਦੀ ਗੱਲ ਕੀਤੀ ਗਈ ਹੈ ਜੋ ਅਕਾਲੀ ਦਲ ਦੇ ਪੁਰਾਣੇ ਸਰੂਪ ਨੂੰ ਪੁਨਰ ਜੀਵਤ ਕਰੇਗਾ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਅਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਵਿਧੀ ਵਿਧਾਨ ਬਣਾਉਣ ਬਾਰੇ ਉਪਰਾਲੇ ਕੀਤੇ ਜਾਣਗੇ।  ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਸ ਦਸਤਾਵੇਜ ਵਿੱਚ ਗੰਭੀਰਤਾ ਨਾਲ ਗੱਲ ਕੀਤੀ ਗਈ ਹੈ। ਤਾਂ ਜੋ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਪੰਜਾਬ ਦੀ ਪੁਨਰ ਉਸਾਰੀ ਕੀਤੀ ਜਾ ਸਕੇ। ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਅਸਲ ਮਕਸਦ ਇਹੋ ਹੈ। ਉਹਨਾਂ ਕਿਹਾ ਕਿ ਇਸ ਐਲਾਨਨਾਮੇ ਨੂੰ ਲਾਗੂ ਕਰਨ ਲਈ   ਅੱਜ ਤੋਂ ਯਤਨ ਸ਼ੁਰੂ ਕਰ ਦਿੱਤੇ ਜਾਣਗੇ। ਹੋਰਨਾਂ ਰਾਜਨੀਤਿਕ ਪਾਰਟੀਆਂ ਵਾਂਗ ਇਹ ਸਿਰਫ਼ ਵਿਖਾਵੇ ਲਈ ਨਹੀਂ ਹੋਵੇਗਾ।
ਅੱਜ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾ ਸਿੰਘ ਛੋਟੇਪੁਰ, ਸ ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਸਤਵਿੰਦਰ ਸਿੰਘ ਟੌਹੜਾ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਜਗਜੀਤ ਸਿੰਘ ਕੋਹਲੀ ਸਮੇਤ ਕਈ ਵੱਡੇ ਆਗੂ ਮੌਜੂਦ ਸਨ। ਪ੍ਰੈਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।

Related posts

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਨਸ਼ਾ-ਤਸਕਰੀ ਨੈੱਟਵਰਕਾਂ ਨੂੰ ਵੱਡੇ ਪੱਧਰ ‘ਤੇ ਬੇਅਸਰ ਕੀਤਾ

ਧਾਰਮਿਕ ਸਖ਼ਤ ਕਾਨੂੰਨ ਕਾਰਣ ਹੁਣ ਕੋਈ ਵੀ ਘਿਨਾਉਣਾ ਅਪਰਾਧ ਨੂੰ ਕਰਨ ਤੋਂ ਪਰਹੇਜ਼ ਕਰੇਗਾ – ਸੰਧਵਾਂ

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ‘ਤੇ ਤੁਰੰਤ ਪਾਬੰਦੀ ਲਾਈ ਜਾਵੇ – ਰਾਜਾ ਵੜਿੰਗ