ਆਸਟ੍ਰੇਲੀਆ ਦੇ ਫੌਜੀ ਪਿਛੋਕੜ ਵਾਲੀ ਐਮੀ ਵਿਕਰਸ, ਜੋ ਕਿ ‘Well Beyond Service’ ਦੀ ਸੰਸਥਾਪਕ ਹੈ ਜਿਸ ਨੂੰ ‘ਟਾਸਮੇਨੀਅਨ ਐਗਰੀਫਿਊਚਰਜ਼ ਰੂਰਲ ਵੋਮੈਨਜ਼ ਐਵਾਰਡ 2026’ ਦਿੱਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਡਿਫੈਂਸ ਫੋਰਸ, ਐਮਰਜੈਂਸੀ ਸੇਵਾਵਾਂ ਅਤੇ ਵਲੰਟੀਅਰ ਭੂਮਿਕਾਵਾਂ ਤੋਂ ਵਾਪਸ ਨਾਗਰਿਕ ਜੀਵਨ ਵਿੱਚ ਆਉਣ ਵਾਲੀਆਂ ਔਰਤਾਂ ਦੀ ਮੱਦਦ ਕਰਨ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਦਿੱਤਾ ਗਿਆ ਹੈ।
26 ਸਾਲ ਫੌਜੀ ਸੇਵਾਵਾਂ ਨਿਭਾਉਣ ਵਾਲੀ ਐਮੀ ਵਿਕਰਸ ਨੇ ਰੌਇਲ ਆਸਟ੍ਰੇਲੀਅਨ ਨੇਵੀ ਵਿੱਚ ਐਵੀਏਸ਼ਨ ਟੈਕਨੀਸ਼ੀਅਨ ਅਤੇ ਬਾਅਦ ਵਿੱਚ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਵਜੋਂ ਸੇਵਾ ਨਿਭਾਈ ਹੈ। ਆਪਣੇ ਇਸ ਅਨੁਭਵ ਦੇ ਆਧਾਰ ‘ਤੇ ਉਸ ਨੇ ‘Well Beyond Service’ ਦੀ ਸਥਾਪਨਾ ਕੀਤੀ, ਜੋ ਸੇਵਾ ਤੋਂ ਬਾਹਰ ਆ ਰਹੀਆਂ ਔਰਤਾਂ ਲਈ ਵਿਸ਼ੇਸ਼ ਅਤੇ ਸੰਵੇਦਨਸ਼ੀਲ ਸਹਾਇਤਾ ਪ੍ਰਦਾਨ ਕਰਦੀ ਹੈ। ਰੂਰਲ ਟਾਸਮੇਨੀਆ ਵਿੱਚ ਅਧਾਰਿਤ ਇਹ ਸੰਸਥਾ ਪੰਜ ਦਿਨਾਂ ਦੇ ਪੇਡੂ-ਰਿਟਰੀਟ ਪ੍ਰੋਗਰਾਮ ਚਲਾਉਂਦੀ ਹੈ, ਜੋ ਪ੍ਰਕਿਰਤੀ ਦੇ ਚੰਗਿਆਈ ਭਰੇ ਪ੍ਰਭਾਵਾਂ ਦੀ ਵਰਤੋਂ ਕਰਕੇ ਮਹਿਲਾਵਾਂ ਨੂੰ ਆਤਮ-ਚਿੰਤਨ, ਸੰਪਰਕ ਅਤੇ ਨਵੀਂ ਸ਼ੁਰੂਆਤ ਲਈ ਮੌਕਾ ਦਿੰਦੀ ਹੈ, ਜੋ ਸ਼ਹਿਰੀ ਮਾਹੌਲ ਵਿੱਚ ਅਕਸਰ ਸੰਭਵ ਨਹੀਂ ਹੁੰਦਾ। ਇਨ੍ਹਾਂ ਰਿਟਰੀਟਾਂ ਵਿੱਚ ਘੋੜਸਵਾਰ ਪ੍ਰਸਪਰ ਕਿਰਿਆ, ਕਲਾ ਅਤੇ ਯੋਗਾ ਦੇ ਨਾਲ-ਨਾਲ ਢਾਂਚਾਗਤ ਥੈਰੇਪੀ ਸਹਾਇਤਾ ਵੀ ਸ਼ਾਮਲ ਹੈ, ਜਿਸ ਨਾਲ ਮਹਿਲਾਵਾਂ ਨੂੰ ਆਪਣਾ ਵਿਸ਼ਵਾਸ ਦੁਬਾਰਾ ਬਣਾਉਣ, ਮਨੋਬਲ ਮਜ਼ਬੂਤ ਕਰਨ ਅਤੇ ਜੀਵਨ ਵਿੱਚ ਨਵਾਂ ਮਕਸਦ ਲੱਭਣ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਇਹ ਗਤੀਵਿਧੀਆਂ ਖੇਤੀਬਾੜੀ ਅਧਾਰਿਤ ਕੰਮਾਂ ਰਾਹੀਂ ਪੇਂਡੂ ਕਮਿਊਨਿਟੀਆਂ ਨਾਲ ਮਜ਼ਬੂਤ ਸੰਬੰਧ ਬਣਾਉਂਦੀਆਂ ਹਨ।
ਇੱਕ ਪ੍ਰਭਾਵਸ਼ਾਲੀ ਕਰਵਾਏ ਗਏ ਸਮਾਗਮ ਦੇ ਦੌਰਾਨ ਟਾਸਮੇਨੀਆ ਦੇ ਪ੍ਰਾਇਮਰੀ ਇੰਡਸਟਰੀਜ਼ ਅਤੇ ਵਾਟਰ ਮੰਤਰੀ ਗੈਵਿਨ ਪੀਅਰਸ ਵੱਲੋਂ ਬੀਤੇ ਦਿਨ ਐਮੀ ਵਿਕਰਸ ਨੂੰ ਇਹ ਐਵਾਰਡ ਦਿੱਤਾ ਗਿਆ। ਐਗਰੀਫਿਊਚਰਜ਼ ਰੂਰਲ ਵੋਮੈਨਜ਼ ਐਵਾਰਡ, ਜਿਸ ਨੂੰ ਵੈਸਟਪੈਕ ਬੈਂਕ ਦਾ ਸਮਰਥਨ ਹਾਸਲ ਹੈ, ਆਸਟ੍ਰੇਲੀਆ ਦਾ ਪ੍ਰਮੁੱਖ ਸਨਮਾਨ ਹੈ ਜੋ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਮਹਿਲਾਵਾਂ ਦੀ ਨਵੀਨਤਾ, ਅਗਵਾਈ ਅਤੇ ਪ੍ਰਭਾਵ ਨੂੰ ਮਾਨਤਾ ਦਿੰਦਾ ਹੈ। ਇਸ ਜਿੱਤ ਦੇ ਤਹਿਤ, ਐਮੀ ਵਿਕਰਸ ਨੂੰ ਵੈਸਟਪੈਕ ਵੱਲੋਂ 15,000 ਡਾਲਰ ਦੀ ਗ੍ਰਾਂਟ ਮਿਲੇਗੀ, ਜਿਸ ਨਾਲ ਉਹ ‘Well Beyond Service’ ਦੇ ਕੰਮ ਨੂੰ ਹੋਰ ਖੇਤਰਾਂ ਤੱਕ ਵਧਾਉਣ ਅਤੇ ਹੋਰ ਮਹਿਲਾਵਾਂ ਦੀ ਮਦਦ ਕਰਨ ਲਈ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਉਹ ਆਪਣੀ ਪਸੰਦ ਦਾ ਇੱਕ ਪ੍ਰੋਫੈਸ਼ਨਲ ਡਿਵੈਲਪਮੈਂਟ ਕੋਰਸ ਵੀ ਕਰਨਗੀਆਂ। ਇਸ ਸਾਲ ਦੇ ਅੰਤ ਵਿੱਚ, ਉਹ 8 ਸਤੰਬਰ 2026 ਨੂੰ ਕੈਨਬਰਾ ਵਿੱਚ ਹੋਣ ਵਾਲੇ ਨੈਸ਼ਨਲ ਐਵਾਰਡ ਸਮਾਰੋਹ ਵਿੱਚ ਟਾਸਮੇਨੀਆ ਦੀ ਨੁਮਾਇੰਦਗੀ ਕਰਨਗੀਆਂ। ਰਾਸ਼ਟਰੀ ਜੇਤੂ ਨੂੰ ਵਾਧੂ 20,000 ਡਾਲਰ ਅਤੇ ਰਨਰ-ਅੱਪ ਨੂੰ 15,000 ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ।
ਐਮੀ ਵਿਕਰਸ ਨੇ ਇਸ ਮੌਕੇ ਦੱਸਿਆ ਕਿ, “ਇਹ ਪ੍ਰੋਗਰਾਮ ਮਹਿਲਾਵਾਂ ਨੂੰ ਚੰਗਾ ਮਹਿਸੂਸ ਕਰਨ, ਦੁਬਾਰਾ ਜੁੜਨ ਅਤੇ ਆਪਣੀ ਪਹਿਚਾਣ ਖੋਜਣ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕਰਦਾ ਹੈ। ਲੰਬੇ ਸਮੇਂ ਦੀ ਸੇਵਾ ਤੋਂ ਬਾਅਦ ਬਹੁਤ ਸਾਰੀਆਂ ਮਹਿਲਾਵਾਂ ਲਈ ਆਪਣੇ ਆਪ ਨਾਲ ਮੁੜ ਜੁੜਨਾ ਅਤੇ ਨਵੀਂ ਪਹਿਚਾਣ ਬਣਾਉਣਾ ਮੁਸ਼ਕਲ ਹੁੰਦਾ ਹੈ। ‘Well Beyond Service’ ਉਨ੍ਹਾਂ ਨੂੰ ਵਿਸ਼ਵਾਸ ਮੁੜ ਬਣਾਉਣ ਅਤੇ ਕਮਿਊਨਿਟੀ ਨਾਲ ਜੁੜਨ ਲਈ ਮੌਕਾ ਦਿੰਦਾ ਹੈ ਤਾਂ ਜੋ ਉਹ ਹਿੰਮਤ ਅਤੇ ਮਕਸਦ ਨਾਲ ਅੱਗੇ ਵਧ ਸਕਣ।”
ਐਗਰੀਫਿਊਚਰਜ਼ ਆਸਟ੍ਰੇਲੀਆ ਦੀ ਮੈਨੇਜਿੰਗ ਡਾਇਰੈਕਟਰ ਬ੍ਰਿਆਨਾ ਕੇਸੀ ਏਐਮ ਨੇ ਕਿਹਾ ਕਿ, “ਇਹ ਐਵਾਰਡ ਹਮੇਸ਼ਾਂ ਉਹਨਾਂ ਮਹਿਲਾਵਾਂ ਦਾ ਸਮਰਥਨ ਕਰਦਾ ਹੈ ਜੋ ਪੇਂਡੂ ਆਸਟ੍ਰੇਲੀਆ ਵਿੱਚ ਸੱਚੀਮੁਚੀਂ ਹੱਲ ਲਿਆ ਰਹੀਆਂ ਹਨ। ਇਹ ਐਵਾਰਡ ਉਹਨਾਂ ਮਹਿਲਾਵਾਂ ਨੂੰ ਮਾਨਤਾ ਦਿੰਦਾ ਹੈ ਜੋ ਨਵੀਨਤਾ ਅਤੇ ਨੇਤ੍ਰਿਤਵ ਰਾਹੀਂ ਗ੍ਰਾਮੀਣ ਆਸਟ੍ਰੇਲੀਆ ਦਾ ਭਵਿੱਖ ਤਿਆਰ ਕਰ ਰਹੀਆਂ ਹਨ। ਐਮੀ ਦਾ ਕੰਮ ਇਸ ਗੱਲ ਦੀ ਸ਼ਾਨਦਾਰ ਉਦਾਹਰਨ ਹੈ ਕਿ ਜੀਵਨ ਅਨੁਭਵ ਕਿਵੇਂ ਕਮਿਊਨਿਟੀ ਅਧਾਰਿਤ ਹੱਲਾਂ ਨੂੰ ਜਨਮ ਦੇ ਸਕਦਾ ਹੈ।”
ਵੈਸਟਪੈਕ ਦੇ ਰੀਜਨਲ ਜਨਰਲ ਮੈਨੇਜਰ ਡੇਵ ਮਿਲਨਰ ਨੇ ਵੀ, “ਕਿਹਾ ਕਿ ਐਮੀ ਵਿਕਰਸ ਦਾ ਕੰਮ ਹਕੀਕਤ ਵਿੱਚ ਮਹਿਲਾਵਾਂ ਦੀ ਜ਼ਿੰਦਗੀ ‘ਚ ਵੱਡਾ ਬਦਲਾਅ ਲਿਆ ਰਿਹਾ ਹੈ। ‘Well Beyond Service’ ਰਾਹੀਂ ਐਮੀ ਜ਼ਮੀਨੀ ਪੱਧਰ ‘ਤੇ ਅਜਿਹਾ ਕੰਮ ਕਰ ਰਹੀ ਹੈ ਜੋ ਖੇਤਰੀ ਕਮਿਊਨਿਟੀਆਂ ਵਿੱਚ ਮਹਿਲਾਵਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਰਿਹਾ ਹੈ। ਸਾਨੂੰ ਮਾਣ ਹੈ ਕਿ ਅਸੀਂ ਉਨ੍ਹਾਂ ਦਾ ਸਮਰਥਨ ਕਰ ਰਹੇ ਹਾਂ।”