‘ਸਪਲਾਈ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ’ : ਪ੍ਰਧਾਨ ਮੰਤਰੀ ਵਲੋਂ ਵੀਵਾ ਰਿਫਾਈਨਰੀ ਦਾ ਦੌਰਾ !

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਆਸਟ੍ਰੇਲੀਆ ਦੇ ਊਰਜਾ ਮੰਤਰੀ ਕ੍ਰਿਸ ਬੋਵੇਨ, ਵੀਵਾ ਐਨਰਜੀ ਦੇ ਕਾਰਜਕਾਰੀ ਜਨਰਲ ਮੈਨੇਜਰ, ਊਰਜਾ ਅਤੇ ਬੁਨਿਆਦੀ ਢਾਂਚਾ ਬਿੱਲ ਪੈਟਰਸਨ ਅਤੇ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਰਿਫਾਇਨਰੀ ਦਾ ਜਾਇਜ਼ਾ ਲੈਂਦੇ ਹੋਏ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਆ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ, “ਸਾਡੀਆਂ ਆਸਟ੍ਰੇਲੀਅਨ ਤੇਲ ਰਿਫਾਈਨਰੀਆਂ ਦਾ ਸਮਰਥਨ ਕਰਨਾ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਵੀਵਾ ਰਿਫਾਈਨਰੀ ਵਿੱਚ ਲੱਗੀ ਅੱਗ ਹੁਣ ਕਾਬੂ ਵਿੱਚ ਹੈ ਅਤੇ ਸਾਰੇ ਲੋਕ ਸੁਰੱਖਿਅਤ ਹਨ। ਇੱਥੇ ਕੰਮ ਕਰਨ ਵਾਲੇ ਮਜ਼ਦੂਰ ਆਸਟ੍ਰੇਲੀਆ ਨੂੰ ਚਲਾਉਂਦੇ ਹਨ ਅਤੇ ਅਸੀਂ ਇਸ ਸਮੇਂ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਜੋ ਵੀ ਲੋੜ ਪਏਗੀ। ਅਸੀਂ ਸਪਲਾਈ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਮਲੇਸ਼ੀਆ, ਬਰੂਨੇਈ ਅਤੇ ਸਿੰਗਾਪੁਰ ਨਾਲ ਨਵੇਂ ਸਮਝੌਤੇ ਕੀਤੇ ਹਨ ਤਾਂ ਜੋ ਤੇਲ ਅਤੇ ਖਾਦ ਦੀ ਸਪਲਾਈ ਲਗਾਤਾਰ ਜਾਰੀ ਰਹੇ। ਅਸੀਂ ਹਮੇਸ਼ਾਂ ਵੀਵਾ ਵਰਗੀਆਂ ਆਸਟ੍ਰੇਲੀਅਨ ਰਿਫਾਈਨਰੀਆਂ ਦਾ ਸਮਰਥਨ ਕਰਾਂਗੇ ਤਾਂ ਜੋ ਸਾਡਾ ਦੇਸ਼ ਚੱਲਦਾ ਰਹੇ, ਕਿਉਂਕਿ ਜਦੋਂ ਦੁਨੀਆਂ ਅਨਿਸ਼ਚਿਤ ਹੁੰਦੀ ਹੈ ਤਾਂ ਸਾਡਾ ਧਿਆਨ ਆਪਣੇ ਦੇਸ਼ ‘ਤੇ ਹੀ ਰਹਿੰਦਾ ਹੈ।”

ਪ੍ਰਧਾਨ ਮੰਤਰੀ ਨੇ ਅੱਜ ਸ਼ੁੱਕਰਵਾਰ 17 ਅਪ੍ਰੈਲ 2026 ਨੂੰ ਸਵੇਰੇ ਵੀਵਾ ਐਨਰਜੀ ਰਿਫਾਈਨਰੀ ਦੇ ਦਾ ਦੌਰਾ ਕਰਦਿਆਂ ਦੱਸਿਆ ਕਿ, “ਇਹ ਫੈਕਟਰੀ ਜੋ ਪਹਿਲਾਂ ਵਿਕਟੋਰੀਆ ਦੇ ਲਗਭਗ ਅੱਧੇ ਤੇਲ ਦੀ ਸਪਲਾਈ ਕਰਦੀ ਸੀ, ਹੁਣ ਡੀਜ਼ਲ ਅਤੇ ਹਵਾਈ ਜਹਾਜ਼ਾਂ ਦੇ ਤੇਲ ਦਾ ਵੀ ਘੱਟ ਉਤਪਾਦਨ ਕਰ ਰਹੀ ਹੈ। ਸਾਨੂੰ ਅੱਜ ਜੋ ਸਲਾਹ ਮਿਲੀ ਹੈ, ਉਸ ਮੁਤਾਬਕ 80 ਫੀਸਦੀ ਡੀਜ਼ਲ ਉਤਪਾਦਨ ਜਾਰੀ ਹੈ ਅਤੇ 80 ਫੀਸਦੀ ਹਵਾਈ ਤੇਲ ਦਾ ਉਤਪਾਦਨ ਵੀ ਚੱਲ ਰਿਹਾ ਹੈ। ਹਾਲਾਤਾਂ ਕਰਕੇ ਇਹ ਕੁੱਝ ਹੱਦ ਤੱਕ ਹੌਲੀ ਹੋਇਆ ਹੈ, ਪਰ ਅੱਜ 60 ਫੀਸਦੀ ਪੈਟਰੋਲ ਉਤਪਾਦਨ ਵੀ ਜਾਰੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵਧੇਗਾ।”

ਇਥੇ ਦੱਸਣਾ ਜਰੂਰੀ ਹੈ ਕਿ ਕੋਰੀਓ ਦੇ ਉਦਯੋਗਿਕ ਇਲਾਕੇ ਵਿੱਚ ਸਥਿਤ ਇਹ ਰਿਫਾਈਨਰੀ ਹਰ ਰੋਜ਼ 1 ਲੱਖ 20 ਹਜ਼ਾਰ ਬੈਰਲ ਉਤਪਾਦਨ ਕਰਦੀ ਹੈ ਅਤੇ ਵਿਕਟੋਰੀਆ ਨੂੰ ਲਗਭਗ 50 ਫੀਸਦੀ ਤੇਲ ਅਤੇ ਆਸਟ੍ਰੇਲੀਆ ਨੂੰ 10 ਫੀਸਦੀ ਸਪਲਾਈ ਪ੍ਰਦਾਨ ਕਰਦੀ ਹੈ। ਜੀਲੋਂਗ ਦੀ ਇਹ ਰਿਫਾਈਨਰੀ ਆਸਟ੍ਰੇਲੀਆ ਵਿੱਚ ਹਵਾਈ ਜਹਾਜ਼ਾਂ ਦੇ ਲਈ ਤੇਲ ਬਣਾਉਣ ਵਾਲੀ ਇਕੱਲੀ ਰਿਫਾਈਨਰੀ ਹੈ। ਜੀਲੋਂਗ ਵਿੱਚ ਵੀਵਾ ਆਇਲ ਰਿਫਾਈਨਰੀ ਦੇ ਵਿੱਚ ਅੱਗ ਦੇ ਭਾਂਬੜ ਅਤੇ ਧਮਾਕਿਆਂ ਦੀਆਂ ਖਬਰਾਂ ਤੋਂ ਬਾਅਦ ਇਹ ਘਟਨਾ ਬੱੁਧਵਾਰ 15 ਅਪ੍ਰੈਲ 2026 ਨੂੰ ਰਾਤ 11:05 ਵਜੇ ਰਿਪੋਰਟ ਕੀਤੀ ਗਈ ਸੀ। ਅੱਗ ਲਗਭਗ 30 ਮੀਟਰ ਬਾਈ 30 ਮੀਟਰ ਦੇ ਇਲਾਕੇ ਵਿੱਚ ਫੈਲੀ ਹੋਈ ਸੀ ਜਿਸ ਨੂੰ ਕਾਬੂ ਕਰਨ ਦੇ ਲਈ 50 ਫਾਇਰਫਾਈਟਰ ਤਾਇਨਾਤ ਕੀਤੇ ਗਏ ਸਨ। ਪਿਛਲੇ 20 ਸਾਲਾਂ ਵਿੱਚ ਆਸਟ੍ਰੇਲੀਆ ਦੀਆਂ 6 ਘਰੇਲੂ ਤੇਲ ਰਿਫਾਈਨਰੀਆਂ ਬੰਦ ਹੋ ਚੁੱਕੀਆਂ ਹਨ। ਹੁਣ ਸਿਰਫ਼ ਬ੍ਰਿਸਬੇਨ ਵਿੱਚ ਐਮਪੋਲ ਲਾਇਟਨ ਰਿਫਾਈਨਰੀ ਅਤੇ ਜੀਲੋਂਗ ਵਿੱਚ ਵੀਵਾ ਐਨਰਜੀ ਦੀ ਰਿਫਾਈਨਰੀਆਂ ਹੀ ਚੱਲ ਰਹੀਆਂ ਹਨ, ਜਿਸ ਕਾਰਣ ਆਸਟ੍ਰੇਲੀਆ ਨੂੰ ਆਪਣੀ 90 ਫੀਸਦੀ ਤਰਲ ਇੰਧਨ ਦੀ ਲੋੜ ਆਯਾਤ ਕਰਨੀ ਪੈਂਦੀ ਹੈ। ਜੀਲੋਂਗ ਨੇੜੇ ਵੀਵਾ ਆਇਲ ਰਿਫਾਈਨਰੀ ਦੇ ਵਿੱਚ ਅੱਗ ਦੀ ਘਟਨਾ ਉਸ ਸਮੇਂ ਹੋਈ ਹੈ ਜਦੋਂ ਸਿਰਫ਼ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰਾ ਵਿਸ਼ਵ ਤੇਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਮੈਲਬੌਰਨ ਦੇ ਜੀਲੌਂਗ ਇਲਾਕੇ ਦੇ ਵਿੱਚ ਸਥਿਤ ਇਹ ਪਲਾਂਟ ਆਸਟ੍ਰੇਲੀਆ ਵਿੱਚ ਚੱਲ ਰਹੀਆਂ ਕੇਵਲ ਦੋ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਹੈ। ਇਹ ਰਿਫਾਈਨਰੀ ਇੱਕ ਲਾਇਸੰਸ ਪ੍ਰਾਪਤ ਵੱਡੀ ਖਤਰਨਾਕ ਸਹੂਲਤ ਹੈ, ਜਿਸਦਾ ਮਤਲਬ ਹੈ ਕਿ ਇਸ ‘ਤੇ ਕੜੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਵਰਕਸੇਫ ਵੱਲੋਂ ਨਿਯਮਿਤ ਜਾਂਚਾਂ ਲਾਗੂ ਹੁੰਦੀਆਂ ਹਨ। ਇੱਕ ਅੰਦਾਜ਼ਾ ਹੈ ਕਿ ਵਰਕਸੇਫ ਨੂੰ ਇਸ ਤਰ੍ਹਾਂ ਦੀ ਵਿਸਥਾਰਪੂਰਵਕ ਜਾਂਚ ਨੂੰ ਪੂਰਾ ਕਰਨ ਦੇ ਵਿੱਚ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਇਸ ਪਲਾਂਟ ਦੇ ਵਿੱਚ ਅੱਗ ਲੱਗਣ ਦੀ ਘਟਨਾਂ ਤੋਂ ਬਾਅਦ ਆਸਟ੍ਰੇਲੀਆ ਦੀ ਤੇਲ ਰਣਨੀਤੀ ਨੂੰ ਹੋਰ ਸੁਚਾਰੂ ਢੰਗ ਨਾਲ ਬਣਾਉਣ ਦੀ ਮੰਗ ਵੀ ਉੱਠ ਰਹੀ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਆਸਟ੍ਰੇਲੀਆ ਦੇ ਊਰਜਾ ਮੰਤਰੀ ਕ੍ਰਿਸ ਬੋਵੇਨ, ਵੀਵਾ ਐਨਰਜੀ ਦੇ ਕਾਰਜਕਾਰੀ ਜਨਰਲ ਮੈਨੇਜਰ, ਊਰਜਾ ਅਤੇ ਬੁਨਿਆਦੀ ਢਾਂਚਾ ਬਿੱਲ ਪੈਟਰਸਨ ਅਤੇ ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਰਿਫਾਇਨਰੀ ਦਾ ਜਾਇਜ਼ਾ ਲੈਂਦੇ ਹੋਏ।

Related posts

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਮੇਰੇ ਕੋਲ ਪਹੁੰਚਣ ‘ਤੇ ਗੰਭੀਰਤਾ ਨਾਲ ਅਧਿਐਨ ਕਰਾਂਗਾ : ਪੰਜਾਬ ਗਵਰਨਰ

ਸਾਬਕਾ ਫੌਜੀ ਅਫ਼ਸਰ ਤੇ ‘ਰੂਰਲ ਵੋਮੈਨਜ਼ ਐਵਾਰਡ 2026’ ਦੀ ਜੇਤੂ ਔਰਤਾਂ ਨੂੰ ਇੱਕ ਨਵਾਂ ਰਸਤਾ ਦਿਖਾ ਰਹੀ !

ਗ੍ਰੇਜ਼ਲੈਂਡ ‘ਚ ਅਨੇਕਤਾ ਪਰ ਏਕਤਾ ਦੇ ਸੰਦੇਸ਼ ਮੁੜ ਗੂੰਜੇ : ਵਿਕਟੋਰੀਅਨ ਮਲਟੀਕਲਚਰਲ ਫੈਸਟੀਵਲ 2026 ਦੌਰਾਨ ਲੱਗੀਆਂ ਰੌਣਕਾਂ !