ਤੇਲ ਟੈਕਸ ਅੱਧਾ : ਲੋਕਾਂ ਨੂੰ ਰਾਹਤ ਲਈ ਆਸਟ੍ਰੇਲੀਅਨ ਸਰਕਾਰ ਨੇ ਵੱਡੇ ਫੈਸਲੇ ਲਏ !

ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵਲੋਂ 3 ਮਹੀਨਿਆਂ (1 ਅਪ੍ਰੈਲ ਤੋਂ 30 ਜੂਨ ਤੱਕ) ਦੇੇ ਲਈ ਪੈਟਰੋਲ ਅਤੇ ਡੀਜ਼ਲ ‘ਤੇ ਫਿਊਲ ਐਕਸਾਈਜ਼ ਅੱਧਾ ਕਰ ਦਿੱਤਾ ਜਾਵੇਗਾ। ਇਸ ਨਾਲ ਜਿਥੇ ਤੇਲ ਦੀਆਂ ਕੀਮਤਾਂ ਘਟਣਗੀਆਂ ਅਤੇ ਬੱਚਤ ਹੋਵੇਗੀ, ਉਥੇ ਹੀ ਸਿਖਰਾਂ ਨੂੰ ਛੋਹ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇਗੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼਼, ਖ਼ਜ਼ਾਨਾ ਮੰਤਰੀ ਜਿਮ ਚਾਲਮਰਸ, ਕਲਾਈਮੇਟ ਚੇਂਜ ਤੇ ਊਰਜਾ ਮੰਤਰੀ ਕ੍ਰਿਸ ਬੋਵਨ ਅਤੇ ਇੰਫਰਾਸਟਰਕਚਰ, ਟਰਾਂਸਪੋਰਟ, ਰੀਜਨਲ ਡਿਵੈਲਪਮੈਂਟ ਤੇ ਲੋਕਲ ਗਵਰਨਮੈਂਟ ਮੰਤਰੀ ਕੈਥਰੀਨ ਕਿੰਗ ਨੇ ਨੈਸ਼ਨਲ ਕੈਬਿਨੇਟ ਦੀ ਮੀਟਿੰਗ ਦੇ ਦੌਰਾਨ ਲਏ ਗਏ ਇਸ ਵੱਡੇ ਫੈਸਲੇ ਦੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਸਰਕਾਰ ਨੇ ਫੈਸਲਾ ਕੀਤਾ ਹੈ ਕਿ ਤਿੰਨ ਮਹੀਨੇ ਲਈ ਪੈਟਰੋਲ ਅਤੇ ਡੀਜ਼ਲ ‘ਤੇ ਫਿਊਲ ਐਕਸਾਈਜ਼ ਅੱਧਾ ਕਰ ਦਿੱਤਾ ਜਾਵੇਗਾ। ਇਸ ਨਾਲ ਫਿਊਲ ਦੀ ਕੀਮਤ ਲਗਭਗ 26.3 ਸੈਂਟ ਪ੍ਰਤੀ ਲੀਟਰ ਘਟੇਗੀ ਅਤੇ ਇਸ ਨਾਲ 65 ਲੀਟਰ ਦੇ ਟੈਂਕ ‘ਤੇ ਲਗਭਗ 19 ਡਾਲਰ ਦੀ ਬੱਚਤ ਹੋਵੇਗੀ। ਇਹ ਅੱਧੀ ਕਟੌਤੀ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 30 ਜੂਨ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ, ਸਰਕਾਰ ਟਰੱਕ ਡਰਾਈਵਰਾਂ ਦੀ ਮਦਦ ਲਈ 3 ਮਹੀਨੇ ਲਈ ਹੈਵੀ ਵਾਹਨ ਰੋਡ ਯੂਜ਼ਰ ਚਾਰਜ ਨੂੰ ਜ਼ੀਰੋ ਕਰਨ ਜਾ ਰਹੀ ਹੈ। ਇਸਦੇ ਨਾਲ-ਨਾਲ, ਹੈਵੀ ਵਾਹਨ ਰੋਡ ਯੂਜ਼ਰ ਚਾਰਜ ਵਿੱਚ ਹੋਣ ਵਾਲੇ ਅਗਲੇ ਵਾਧੇ ਨੂੰ ਵੀ 6ੇ ਮਹੀਨੇ ਲਈ ਟਾਲਿਆ ਜਾਵੇਗਾ। ਮਿਡਲ ਈਸਟ ਵਿੱਚ ਚੱਲ ਰਹੇ ਯੁੱਧ ਕਾਰਨ ਫਿਊਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਨਾਲ ਆਸਟ੍ਰੇਲੀਆ ਦੇ ਲੋਕਾਂ ਨੂੰ ਆਰਥਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਕਦਮ ਕੁੱਝ ਰਾਹਤ ਦੇਵੇਗਾ।”

ਫੈਡਰਲ ਸਰਕਾਰ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਜਿੱਥੇ ਸੰਭਵ ਹੋਵੇ, ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਨ, ਤਾਂ ਜੋ ਫਿਊਲ ਦੀ ਬਚਤ ਹੋ ਸਕੇ। ਸੂਬਾ ਅਤੇ ਰਾਜ ਸਰਕਾਰਾਂ ਦੇ ਦੁਆਰਾ ਪਬਲਿਕ ਟਰਾਂਸਪੋਰਟ ਨੂੰ ਸਸਤਾ ਕਰਨ ਲਈ ਕੀਤੇ ਜਾ ਰਹੇ ਕਦਮਾਂ ਦਾ ਵੀ ਫੈਡਰਲ ਸਰਕਾਰ ਨੇ ਸਵਾਗਤ ਕੀਤਾ ਹੈ।

ਫੈਡਰਲ ਸਰਕਾਰ ਨੇ ਆਸਟ੍ਰੇਲੀਅਨ ਲੋਕਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਕੰਮ ਕਰ ਰਹੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜਿਊਮਰ ਕਮਿਸ਼ਨ ਫਿਊਲ ਦੀਆਂ ਕੀਮਤਾਂ ‘ਤੇ ਨਿਗਰਾਨੀ ਕਰਦਾ ਰਹੇਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘੱਟ ਕੀਮਤ ਦਾ ਪੂਰਾ ਫਾਇਦਾ ਲੋਕਾਂ ਤੱਕ ਪਹੁੰਚੇ। ਹਾਲਾਂਕਿ ਸਰਕਾਰ ਦੇ ਕਦਮਾਂ ਨਾਲ ਫਿਊਲ ਸਪਲਾਈ ਇਸ ਵੇਲੇ ਸੁਰੱਖਿਅਤ ਹੈ, ਪਰ ਜਿੰਨਾ ਲੰਮਾ ਇਹ ਯੁੱਧ ਚੱਲੇਗਾ, ਉਨ੍ਹੇ ਹੀ ਇਸਦੇ ਨਕਾਰਾਤਮਕ ਪ੍ਰਭਾਵ ਵੀ ਵਧਣਗੇ।

ਅੱਜ ਰਾਸ਼ਟਰੀ ਨੇਤਾਵਾਂ ਨੇ ਇਕ ਨੈਸ਼ਨਲ ਫਿਊਲ ਸਿਕਿਉਰਟੀ ਯੋਜਨਾ ‘ਤੇ ਵੀ ਸਹਿਮਤੀ ਦਿੱਤੀ ਅਤੇ ਇਸ ਨੂੰ ਜਾਰੀ ਵੀ ਕੀਤਾ ਹੈ। ਪਿਛਲੇ ਚਾਰ ਹਫ਼ਤਿਆਂ ਵਿੱਚ, ਜਦੋਂ ਤੋਂ ਇਹ ਸਥਿਤੀ ਸ਼ੁਰੂ ਹੋਈ ਹੈ, ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਤੇਜ਼ੀ ਨਾਲ ਕਈ ਕਦਮ ਚੁੱਕੇ ਹਨ:

  • ਪੈਟਰੋਲ ਕੰਪਨੀਆਂ ਵੱਲੋਂ ਵੱਧ ਕੀਮਤ ਲੈਣ ‘ਤੇ ਜੁਰਮਾਨਾ ਦੁੱਗੁਣਾ ਕੀਤਾ।
  • ਨੈਸ਼ਨਲ ਫਿਊਲ ਸਪਲਾਈ ਟਾਸਕਫੋਰਸ ਬਣਾਈ।
  • ਆਸਟ੍ਰੇਲੀਆ ਦੇ ਪੈਟਰੋਲ ਅਤੇ ਡੀਜ਼ਲ ਸਟਾਕ ਦਾ 20 ਫੀਸਦੀ ਜਾਰੀ ਕੀਤਾ, ਖ਼ਾਸ ਕਰਕੇ ਰੀਜਨਲ ਇਲਾਕਿਆਂ ਦੇ ਲਈ।
  • ਫਿਊਲ ਦੀ ਉਪਲਬਧਤਾ ਵਧਾਉਣ ਲਈ ਫਿਊਲ ਮਿਆਰਾਂ ਵਿੱਚ ਤਬਦੀਲੀ ਕੀਤੀ।
  • ਡੀਜ਼ਲ ਮਿਆਰ ਬਦਲੇ ਤਾਂ ਜੋ ਰਿਫ਼ਾਇਨਰੀਆਂ ਵਧੇਰੇ ਸਪਲਾਈ ਕਰ ਸਕਣ।
  • ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜਿਊਮਰ ਕਮਿਸ਼ਨ ਨੂੰ ਕੀਮਤਾਂ ਦੀ ਕੜੀ ਨਿਗਰਾਨੀ ਅਤੇ ਤੁਰੰਤ ਜੁਰਮਾਨੇ ਲਗਾਉਣ ਦੇ ਅਧਿਕਾਰ ਦਿੱਤੇ।
  • ਅੰਤਰਰਾਸ਼ਟਰੀ ਸਾਥੀਆਂ ਨਾਲ ਗੱਲਬਾਤ ਕਰਕੇ ਸਪਲਾਈ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ (ਸਿੰਗਾਪੁਰ ਨਾਲ ਸਮਝੌਤਾ ਵੀ ਸ਼ਾਮਲ ਹੈ)।
  • ਇਹ ਯਕੀਨੀ ਬਣਾਉਣ ਲਈ ਕਾਨੂੰਨ ਲਿਆਂਦੇ ਤਾਂ ਕਿ ਕੀਮਤ ਵਧਣ ‘ਤੇ ਟਰੱਕ ਡਰਾਈਵਰਾਂ ਨੂੰ ਠੀਕ ਭੁਗਤਾਨ ਮਿਲੇ।
  • ਪ੍ਰਾਈਵੇਟ ਸੈਕਟਰ ਵੱਲੋਂ ਫਿਊਲ ਦੀ ਖਰੀਦ ਨੂੰ ਸਹਾਇਤਾ ਦੇਣ ਲਈ ਵੀ ਕਾਨੂੰਨ ਪੇਸ਼ ਕੀਤਾ।

ਪ੍ਰਧਾਨ ਮੰਤਰੀ ਐਂਥਨੀ ਐਲਬਜਨੀਜ਼, ਵਿਦੇਸ਼ ਮੰਤਰੀ ਪੈਨੀ ਵੌਂਗ ਅਤੇ ਕਲਾਈਮੇਟ ਚੇਂਜ ਤੇ ਊਰਜਾ ਮੰਤਰੀ ਕ੍ਰਿਸ ਬੋਵਨ ਆਪਣੇ ਅੰਤਰਰਾਸ਼ਟਰੀ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ, ਤਾਂ ਜੋ ਆਸਟ੍ਰੇਲੀਆ ਲਈ ਫਿਊਲ ਅਤੇ ਡੀਜ਼ਲ ਦੀ ਸਪਲਾਈ ਜਾਰੀ ਰੱਖੀ ਜਾ ਸਕੇ। ਸਰਕਾਰ ਦੇ ਵਲੋਂ ਲੋਕਾਂ ਨੂੰ ਇਸ ਬਾਰੇ ਨਿਯਮਿਤ ਅੱਪਡੇਟ ਦਿੱਤੀ ਜਾਂਦੀ ਰਹੇਗੀ। ਆਸਟ੍ਰੇਲੀਅਨ ਸਰਕਾਰ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਸਪਲਾਈ ਚੇਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਕਦਮਾਂ ਦਾ ਐਲਾਨ ਵੀ ਕਰੇਗੀ।

ਇਜ਼ਰਾਈਲ-ਅਮਰੀਕਾ ਦੁਆਰਾ 28 ਫਰਵਰੀ ਤੋਂ ਈਰਾਨ ਉਪਰ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਇਸ ਹੋਰਮੁਜ਼ ਜਲਡਮਰੂ ਰਸਤੇ ਰਾਹੀਂ ਆਵਾਜਾਈ ਲਗਭਗ 90–95 ਫੀਸਦੀ ਘੱਟ ਹੋ ਗਈ ਹੈ। ਇਜ਼ਰਾਈਲ-ਅਮਰੀਕਾ ਦੁਆਰਾ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਈਰਾਨ ਵਲੋਂ ਜਵਾਬੀ ਕਾਰਵਾਈ ਕਰਦਿਆਂ ਇਸ ਸਮੁੰਦਰੀ ਰਸਤੇ ਵਿੱਚੋਂ ਸਿਰਫ਼ ਚੋਣਵੇਂ ਜਹਾਜਾਂ ਨੂੰ ਹੀ ਲੰਘਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਮਿਸਰ, ਤੁਰਕੀ, ਅਤੇ ਪਾਕਿਸਤਾਨ ਵਾਰਤਾਕਾਰ ਵਜੋਂ ਕੰਮ ਕਰ ਰਹੇ ਹਨ ਅਤੇ ਇਰਾਨ ਨੂੰ ਮਨਾਉਣ ਦੇ ਲਈ ਸੁਨੇਹੇ ਭੇਜੇ ਜਾ ਰਹੇ ਹਨ। ਮੌਜੂਦਾ ਟਕਰਾਅ ਕਿਵੇਂ ਖਤਮ ਹੋਵੇਗਾ ਅਤੇ ਕੀ ਟਰੰਪ ਅਤੇ ਈਰਾਨੀ ਲੀਡਰਸ਼ਿਪ ਕਦੋਂ ਕਿਸ ਸਮਝੌਤੇ ‘ਤੇ ਸਹਿਮਤ ਹੋਣਗੇ, ਇਸ ਵਾਰੇ ਸਪੱਸ਼ਟ ਨਹੀਂ ਹੈ। ਆਸਟ੍ਰੇਲੀਅਨ ਸਰਕਾਰ ਦੇ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਪ੍ਰਤੀ ਅਸਪਸ਼ੱਟ ਪਹੁੰਚ ਦੇ ਵਿੱਚ ਸਾਥ ਦੇਣ ਤੋਂ ਜਿਥੇ ਇਨਕਾਰ ਕੀਤਾ ਹੈ ਉਥੇ ਹੀ ਖਾੜੀ ਸੰਕਟ ਨੂੰ ਹੱਲ ਕਰਾਉਣ ਦੇ ਲਈ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਦੇ ਨਾਲੋ-ਨਾਲ ਖਾੜੀ ਸੰਕਟ ਦੇ ਕਾਰਣ ਵਿਸ਼ਵ-ਵਿਆਪੀ ਤੇਲ ਸਪਲਾਈ ਦੇ ਵਿੱਚ ਪਏ ਵਿਘਨ ਦੇ ਬਾਵਜੂਦ ਆਸਟ੍ਰੇਲੀਆ ਦੀ ਸਰਕਾਰ ਵਲੋਂ ਆਸਟ੍ਰੇਲੀਆ ਦੇ ਲਈ ਤੇਲ ਸਪਲਾਈ ਮਿਲਦੇ ਰਹਿਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ।

Related posts

31 ਮਾਰਚ ਤੋਂ 30 ਅਪ੍ਰੈਲ ਤੱਕ ਵਿਕਟੋਰੀਆ ‘ਚ ਪਬਲਿਕ ਟ੍ਰਾਂਸਪੋਰਟ ‘ਚ ਸਫ਼ਰ ਫਰੀ ਹੋਵੇਗਾ

ਨੋਇਡਾ ਇੰਟਰਨੈਸ਼ਨਲ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ

ਤੇਲ ਸੰਕਟ ਨਾਲ ਨਜਿੱਠਣ ਦੇ ਲਈ ਆਸਟ੍ਰੇਲੀਆ ਵਲੋਂ ਨਵੇਂ ਉਪਾਆਂ ਦੀ ਤਿਆਰੀ !