ਭਗਵੰਤ ਮਾਨ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਤੇ ਸਿਹਤ ਸੰਸਥਾਵਾਂ ਦਾ ਦੌਰਾ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਚ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨਾਲ ਅੱਜ ਐਲਾਨ ਕੀਤਾ ਕਿ ਦਿੱਲੀ ਮਾਡਲ ਦੇ ਆਧਾਰ ’ਤੇ ਪੰਜਾਬ ਦੇ ਸਕੂਲ ਸਿੱਖਿਆ ਅਤੇ ਸਿਹਤ ਖੇਤਰਾਂ ਦਾ ਪੂਰਨ ਤੌਰ ਉਤੇ ਆਧੁਨਿਕੀਕਰਨ ਕੀਤਾ ਜਾਵੇਗਾ ਕਿਉਂ ਜੋ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਇਸ ਦੀ ਗਾਰੰਟੀ ਦਿੰਦੇ ਹੋਏ ਇਹ ਮਾਡਲ ਲਾਗੂ ਕਰਨ ਦਾ ਵਾਅਦਾ ਕੀਤਾ ਸੀ।

ਇੱਥੇ ਕਾਲਕਾ ਜੀ ਵਿਖੇ ਆਲਾ ਦਰਜੇ ਦੇ ਡਾ. ਬੀ.ਆਰ. ਅੰਬੇਦਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਪਲੇਠੀ ਫੇਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਕੂਲ ਸਿੱਖਿਆ ਅਤੇ ਸਿਹਤ ਵਰਗੇ ਪ੍ਰਮੁੱਖ ਖੇਤਰਾਂ ਵਿਚ ਮੌਜੂਦਾ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਇਹ ਖੇਤਰ ਸਿੱਧੇ ਤੌਰ ਉਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ।

ਇਸ ਵੱਕਾਰੀ ਸੰਸਥਾ ਦੇ ਦੌਰਾਨ ਹੋਏ ਤਜਰਬੇ ਨੂੰ ਸਾਂਝਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, “ਇਸ ਸਕੂਲ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਬਹੁਤ ਹੀ ਕਾਬਲ ਸਟਾਫ ਨੂੰ ਨਵੀਨਤਮ ਅਧਿਆਪਨ ਦੇ ਤਰੀਕਿਆਂ ਰਾਹੀਂ ਨੌਜਵਾਨਾਂ ਦੇ ਰੌਸ਼ਨ ਭਵਿੱਖ ਲਈ ਮਿਹਨਤ ਕਰਦੇ ਹੋਏ ਦੇਖ ਕੇ ਮੈਨੂੰ ਅਦਭੁੱਤ ਤਜਰਬਾ ਹੋਇਆ ਹੈ।” ਉਨਾਂ ਕਿਹਾ ਕਿ ਇਕ ਕਲਾਸਰੂਮ ਵਿਚ ਕਾਗਜ਼ ਰਹਿਤ ਪੜਾਈ ਹੁੰਦੀ ਦੇਖ ਕੇ ਉਹ ਪ੍ਰਭਾਵਿਤ ਹੋਏ ਹਨ ਜਿੱਥੇ ਵਿਦਿਆਰਥੀਆਂ ਨੂੰ ਉਨਾਂ ਦੇ ਲੈਪਟਾਪ ਰਾਹੀਂ ਪੜਾਇਆ ਜਾ ਰਿਹਾ ਸੀ। ਇਸੇ ਤਰਾਂ ਇਕ ਹੋਰ ਕਲਾਸ ਵਿਚ ਸਾਰੇ ਵਿਦਿਆਰਥੀ ਆਪੋ-ਆਪਣੀ ਪੜਾਈ ਵਿਚ ਪੂਰਨ ਤਰਾਂ ਇਕਾਗਰਚਿੱਤ ਬੈਠੇ ਸਨ ਜਿੱਥੇ ਉਨਾਂ ਨੂੰ ਬਾਹਰੋਂ ਕੁਝ ਮਾਹਿਰ ਆਨਲਾਈਨ ਭਾਸ਼ਣ ਦੇ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਤਾਲੀਮ ਦੇਣ ਵਾਲੇ ਆਧੁਨਿਕ ਤਕਨੀਕਾਂ ਨਾਲ ਲੈਸ ਇਹ ਯੰਤਰ ਪੰਜਾਬ ਦੇ ਸਕੂਲਾਂ ਵਿਚ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਨੂੰ ਡਿਜੀਟਲ ਢੰਗ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।

ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਉਹ ਦਿੱਲੀ ਦੇ ਇਸ ਸਰਕਾਰੀ ਸਕੂਲ ਵਿੱਚ ਇੰਨਾ ਵੱਡਾ ਬੁਨਿਆਦੀ ਢਾਂਚਾ ਦੇਖ ਕੇ ਹੈਰਾਨ ਹਨ ਕਿਉਂਕਿ ਉਨਾਂ ਨੇ ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਦੇਸ ਵਿੱਚ ਕਿਧਰੇ ਵੀ ਇਸ ਪੱਧਰ ਦੇ ਸਕੂਲ ਪਹਿਲਾਂ ਨਹੀਂ ਦੇਖੇ ਸਨ।ਪੰਜਾਬ ਤੋਂ ਉਚੇਰੀ ਪੜਾਈ ਲਈ ਵਿਦੇਸ ਜਾਣ ਵਾਲੇ ਵਿਦਿਆਰਥੀਆਂ ਦੇ ਰੁਝਾਨ ‘ਤੇ ਡੂੰਘੀ ਚਿੰਤਾ ਜਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨਾਂ ਨੂੰ ਭਰੋਸਾ ਹੈ ਕਿ ਸੂਬੇ ਭਰ ਵਿੱਚ ਅਜਿਹੇ ਸਕੂਲ ਬਣਾਉਣ ਨਾਲ ਸਾਡੇ ਨੌਜਵਾਨਾਂ ਦਰਮਿਆਨ ਇਹ ਪ੍ਰਵਿਰਤੀ ਖ਼ਤਮ ਹੋ ਜਾਵੇਗੀ। ਸਾਡੇ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਵਾਲਿਆਂ ਦੀ ਥਾਂ ਨੌਕਰੀ ਦੇਣ ਵਾਲੇ ਬਣਾਉਣ ਦੀ ਲੋੜ ‘ਤੇ ਜੋਰ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਮਾਡਲ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇਗਾ ਜੋ ਪ੍ਰੈਕਟੀਕਲ ਅਤੇ ਥਿਊਰੀ ਦੀ ਸਿੱਖਿਆ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਵਿੱਚ ਸਹਾਈ ਹੈ। ਇਸ ਤੋਂ ਇਲਾਵਾ, ਇਹ ਸਕੂਲ ਪਹਿਲਾਂ ਹੀ ਦੇਸ ਦੇ ਪ੍ਰਮੁੱਖ ਉਦਯੋਗਿਕ ਘਰਾਣਿਆਂ, ਚੋਟੀ ਦੇ ਬਿਜਨੈਸ ਮੈਨੇਜਮੈਂਟ ਸਕੂਲਾਂ ਅਤੇ ਉੱਚ ਸਿੱਖਿਆ ਦੀਆਂ ਵੱਕਾਰੀ ਸੰਸਥਾਵਾਂ ਜਿਵੇਂ ਕਿ ਆਈ.ਟੀ.ਆਈਜ਼, ਐਨ.ਆਈ.ਆਈ.ਟੀਜ਼ ਅਤੇ ਆਈ.ਆਈ.ਐਮਜ਼ ਨਾਲ ਜੁੜਿਆ ਹੈ।

ਇਕ ਸਵਾਲ ਕਿ ਪੰਜਾਬ ਵਿੱਚ ਅਜਿਹੇ ਸਕੂਲ ਕਦੋਂ ਸਥਾਪਿਤ ਕੀਤੇ ਜਾਣਗੇ, ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਅਜਿਹੇ ਸਕੂਲ ਬਣਾਉਣ ਲਈ ਸਾਡੇ ਕਾਫੀ ਥਾਂ ਮੌਜੂਦ ਹੈ। ਬਾਅਦ ਵਿੱਚ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵਾਂ ਨੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ, ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਾਲ ਕੌਟਿਲਿਆ ਸਰਕਾਰੀ ਸਰਵੋਧਿਆ ਬਾਲ ਵਿਦਿਆਲਿਆ, ਚਿਰਾਗ ਐਨਕਲੇਵ ਵਿਖੇ ਨਵੇਂ ਬਣੇ ਸਵੀਮਿੰਗ ਪੂਲ ਦਾ ਉਦਘਾਟਨ ਵੀ ਕੀਤਾ। ਉਨਾਂ ਨੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੂਝ ਪੈਦਾ ਕਰਨ ਲਈ ਸਕੂਲ ਵਿੱਚ ਬਣਾਈਆਂ ਉੱਤਮ ਦਰਜੇ ਦੇ ਬੁਨਿਆਦੀ ਢਾਂਚੇ ਨਾਲ ਲੈਸ ਲੈਬਾਂ ਦਾ ਦੌਰਾ ਵੀ ਕੀਤਾ। ਭਗਵੰਤ ਮਾਨ ਨੇ ਇਨਾਂ ਸਕੂਲਾਂ ਦੇ ਵਿਦਿਆਰਥੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਵੀ ਕੀਤੀ।

ਇਸ ਉਪਰੰਤ ਭਗਵੰਤ ਮਾਨ ਨੇ ਗ੍ਰੇਟਰ ਕੈਲਾਸ ਵਿਖੇ ਚਿਰਾਗ ਐਨਕਲੇਵ ਵਿਖੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਜਿੱਥੇ ਉਨਾਂ ਨੇ ਡਾਕਟਰਾਂ, ਪੈਰਾਮੈਡਿਕਸ ਅਤੇ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਇਨਾਂ ਕਲੀਨਿਕਾਂ ਦੀ ਕਾਰਗੁਜਾਰੀ ਬਾਰੇ ਵੀ ਜਾਣਿਆ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਉਨਾਂ ਨੂੰ ਮੁਹੱਲਾ ਕਲੀਨਿਕਾਂ ਦੇ ਵਿਲੱਖਣ ਮਾਡਲ ਬਾਰੇ ਜਾਣਕਾਰੀ ਦਿੱਤੀ ਜੋ ਕਿ ਵਸਨੀਕਾਂ ਨੂੰ ਉਨਾਂ ਦੇ ਘਰ ਵਿੱਚ ਹੀ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ।

ਆਪਣੇ ਦੌਰੇ ਦੇ ਅੰਤ ਵਿੱਚ ਭਗਵੰਤ ਮਾਨ ਨੇ ਦਿਲਸਾਦ ਗਾਰਡਨ ਸਥਿਤ ਰਾਜੀਵ ਗਾਂਧੀ ਸੁਪਰ ਸਪੈਸਲਿਟੀ ਹਸਪਤਾਲ ਦੇ ਦੌਰੇ ਦੌਰਾਨ ਕਿ੍ਰਟੀਕਲ ਕੇਅਰ ਯੂਨਿਟ (ਸੀਸੀਯੂ) ਦਾ ਜਾਇਜ਼ਾ ਲਿਆ। ਇਸ ਦੌਰਾਨ ਡਾਕਟਰਾਂ ਨੇ ਵਿਸਤਿ੍ਰਤ ਪੇਸਕਾਰੀ ਦਿੱਤੀ ਜਿਸ ਤੋਂ ਬਾਅਦ ਉਨਾਂ ਨੇ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਦੋਵਾਂ ਮੁੱਖ ਮੰਤਰੀਆਂ ਨੇ ਹਸਪਤਾਲ ਦੇ ਐਮਰਜੈਂਸੀ ਸੇਵਾਵਾਂ ਵਿੰਗ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ, ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਆਲੋਕ ਸੇਖਰ, ਪ੍ਰਮੁੱਖ ਰੈਜੀਡੈਂਟ ਕਮਿਸਨਰ ਨਵੀਂ ਦਿੱਲੀ ਰਾਖੀ ਭੰਡਾਰੀ ਅਤੇ ਸਿਹਤ ਸਕੱਤਰ ਅਜੋਏ ਸਰਮਾ ਮੌਜੂਦ ਸਨ। ਇਸ ਤੋਂ ਇਲਾਵਾ ਇਸ ਦੌਰੇ ਦੌਰਾਨ ਦਿੱਲੀ ਦੇ ਮੁੱਖ ਸਕੱਤਰ ਨਰੇਸ ਕੁਮਾਰ, ਡਾਇਰੈਕਟਰ ਸਿੱਖਿਆ ਹਿਮਾਂਸੂ ਗੁਪਤਾ ਅਤੇ ਸਿਹਤ ਤੇ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Related posts

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ