ਕਾਬੁਲ – ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਅੱਜ ਸ਼ਨੀਵਾਰ ਨੂੰ ਇਕ ਗੁਰਦੁਆਰੇ ‘ਤੇ ਹਮਲਾ ਹੋਇਆ, ਜਿਸ ‘ਚ ਇਕ ਗਾਰਡ ਸਮੇਤ ਦੋ ਅਫਗਾਨ ਨਾਗਰਿਕ ਮਾਰੇ ਗਏ ਜਦਕਿ ਇਸ ਹਮਲੇ ਦੇ ਵਿੱਚ ਤਿੰਨ ਤਾਲਿਬਾਨੀ ਫੌਜੀ ਵੀ ਜ਼ਖਮੀ ਹੋ ਗਏ। ਇਸ ਹਮਲੇ ਪਿੱਛੇ ਇਸਲਾਮਿਕ ਸਟੇਟ (ਆਈ ਐਸ ਆਈ ਐਸ-ਕੇ) ਦੇ ਖੁਰਾਸਾਨ ਮਾਡਿਊਲ ਦਾ ਹੱਥ ਦੱਸਿਆ ਜਾਂਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਨੇ ਵੀ ਇਸ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਧਮਾਕਿਆਂ ਤੋਂ ਬਾਅਦ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਸਾਹਿਬ ਜੀ ਕਰਤੇ ਪਰਵਾਨ ਵਿੱਚ ਸਿਰਫ਼ ਅੱਗ ਅਤੇ ਧੂੰਆਂ ਹੀ ਦੇਖਿਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਸਵੇਰੇ 7:30 ਵਜੇ ਕਾਬੁਲ ਦੇ ਗੁਰਦੁਆਰਾ ਕਰਤੇ-ਪਰਵਾਨ ਦੇ ਗੇਟ ਦੇ ਬਾਹਰ ਦੋ ਧਮਾਕੇ ਹੋਏ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦੋ ਧਮਾਕੇ ਹੋਏ। ਅੰਦਰ ਹੋਏ ਧਮਾਕੇ ਨਾਲ ਗੁਰੂਦੁਆਰੇ ਨਾਲ ਜੁੜੀਆਂ ਕੁੱਝ ਦੁਕਾਨਾਂ ਨੂੰ ਅੱਗ ਲੱਗ ਗਈ, ਜੋ ਪੂਰੇ ਕੰਪਲੈਕਸ ਵਿਚ ਫੈਲ ਗਈ। ਕਾਬੁਲ ਦਾ ਗੁਰਦੁਆਰਾ ਕਰਤੇ ਪਰਵਾਨ ਸੰਘਣੀ ਵਸੋਂ ਦੇ ਵਿਚਕਾਰ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਇੱਥੇ ਧਮਾਕਿਆਂ ਦੀ ਆਵਾਜ਼ ਸੁਣੀ। ਸਥਾਨਕ ਲੋਕਾਂ ਦੇ ਅਨੁਸਾਰ 3 ਵਿਅਕਤੀ ਗੁਰਦੁਆਰੇ ‘ਚੋਂ ਬਾਹਰ ਨਿਕਲਣ ‘ਚ ਕਾਮਯਾਬ ਰਹੇ, ਜਿਨ੍ਹਾਂ ‘ਚੋਂ 2 ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਿੱਖ ਸੰਗਤ ਦੇ 30 ਦੇ ਕਰੀਬ ਵਿਅਕਤੀ ਅਤੇ ਦੋ ਹਮਲਾਵਰ ਅਜੇ ਵੀ ਗੁਰਦੁਆਰੇ ਦੇ ਅੰਦਰ ਹੀ ਹਨ। ਗੁਰਦੁਆਰਾ ਦਸਮੇਸ਼ ਪਿਤਾ ਸਾਹਿਬ ਜੀ ਕਰਤੇ ਪਰਵਾਨ ਵਿੱਚ ਸਿਰਫ਼ ਅੱਗ ਅਤੇ ਧੂੰਆਂ ਹੀ ਦੇਖਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਦੇ ਮੁੱਖ ਦਰਬਾਰ ਹਾਲ ਨੂੰ ਵੀ ਅੱਗ ਲੱਗਣ ਦੀਆਂ ਖ਼ਬਰਾਂ ਹਨ। ਇਸ ਤੋਂ ਪਹਿਲਾਂ ਹਮਲਾਵਰਾਂ ਨੇ ਉੱਥੇ ਗੋਲੀਬਾਰੀ ਵੀ ਕੀਤੀ ਸੀ। ਇਸ ਗੋਲੀਬਾਰੀ ਵਿੱਚ ਗੁਰਦੁਆਰੇ ਦਾ ਮੁਸਲਿਮ ਗਾਰਡ ਮਾਰਿਆ ਗਿਆ। ਇਸ ਹਮਲੇ ਦੇ ਵਿੱਚ ਇੱਕ ਸਿੱਖ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਵੀ ਮਿਲੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਤਾਲਿਬਾਨੀ ਫੌਜੀਆਂ ਨੇ ਗੁਰਦੁਆਰੇ ਨੂੰ ਘੇਰ ਲਿਆ ਹੈ। ਗੋਲੀਬਾਰੀ ਦੁਪਹਿਰ ਤੱਕ ਜਾਰੀ ਰਹਿਣ ਦੀ ਸੂਚਨਾ ਮਿਲੀ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਅਸੀਂ ਗੁਰਦੁਆਰਾ ‘ਕਰਤੇ-ਪਰਵਾਨ’ ‘ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਜਦੋਂ ਤੋਂ ਸਾਨੂੰ ਹਮਲੇ ਦੀ ਖ਼ਬਰ ਮਿਲੀ ਹੈ, ਅਸੀਂ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਹਾਂ। ਸਿੱਖ ਕੌਮ ਦੀ ਸੁਰੱਖਿਆ ਸਾਡੀ ਪਹਿਲ ਹੈ।
2 ਸਾਲ ਪਹਿਲਾਂ ਗੁਰਦੁਆਰੇ ‘ਤੇ ਹੋਏ ਹਮਲੇ ‘ਚ 25 ਲੋਕ ਮਾਰੇ ਗਏ ਸਨ
25 ਮਾਰਚ 2020 ਨੂੰ ਆਈ ਐਸ ਆਈ ਐਸ-ਹੱਕਾਨੀ ਨੈੱਟਵਰਕ ਦੇ ਬੰਦੂਕਧਾਰੀਆਂ ਅਤੇ ਫਿਦਾਇਨ ਹਮਲਾਵਰਾਂ ਨੇ ਕਾਬੁਲ ਦੇ ਗੁਰਦੁਆਰਾ ਹਰਿ ਰਾਇ ਸਾਹਿਬ ‘ਤੇ ਹਮਲਾ ਕੀਤਾ ਸੀ। ਉਸ ਸਮੇਂ ਗੁਰਦੁਆਰੇ ‘ਚ 200 ਦੇ ਕਰੀਬ ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ। ਇਸ ਹਮਲੇ ‘ਚ 8 ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਕਈ ਘੰਟਿਆਂ ਤੱਕ ਮੁਕਾਬਲਾ ਹੋਇਆ ਸੀ, ਜਿਸ ‘ਚ ਸਾਰੇ ਅੱਤਵਾਦੀ ਮਾਰੇ ਗਏ ਸਨ।
ਵਰਨਣਯੋਗ ਹੈ ਕਿ 1970 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਆਬਾਦੀ 1 ਲੱਖ ਦੇ ਕਰੀਬ ਜੋ ਕਿ ਇਸ ਵੇਲੇ ਅੰਦਾਜ਼ਨ 140 ਦੇ ਕਰੀਬ ਹੀ ਰਹਿ ਗਈ ਹੈ।