ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵੋਨ ਡੇਰ ਲੇਯਨ ਨੇ ਅੱਜ ਮੰਗਲਵਾਰ 24 ਮਾਰਚ 2026 ਨੂੰ ਰਾਜਧਾਨੀ ਕੈਨਬਰਾ ਵਿੱਚ ਫਰੀ ਟਰੇਡ ਡੀਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੋਵਾਂ ਨੇਤਾਵਾਂ ਨੇ ਦੁਪਹਿਰੇ ਐਡਮਿਰਲਟੀ ਹਾਊਸ ਵਿੱਚ ਆਸਟ੍ਰੇਲੀਆ ਦੀ ਗਵਰਨਰ-ਜਨਰਲ ਸੈਮ ਮੋਸਟਿਨ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਟਰੇਡ ਮੰਤਰੀ ਡੌਨ ਫੈਰਲ ਅਤੇ ਯੂਰਪੀਅਨ ਟਰੇਡ ਐਂਡ ਇਕਨਾਮਿਕ ਸਕਿਉਰਿਟੀ ਕਮਿਸ਼ਨਰ ਮੇਰੋਸ ਸੇਫਕੋਵਿਕ ਵਿਚਕਾਰ ਅੰਤਿਮ ਗੱਲਬਾਤ ਹੋਈ ਸੀ। ਯੂਰਪੀ ਕਮਿਸ਼ਨ ਦੀ ਪ੍ਰਧਾਨ ਵਜੋਂ ਉਰਸੂਲਾ ਵੋਨ ਡੇਰ ਲੇਯਨ ਦਾ ਆਸਟ੍ਰੇਲੀਆ ਦਾ ਇਹ ਪਹਿਲਾ ਦੌਰਾ ਹੈ ਜਦਕਿ ਦੋਨਾਂ ਨੇਤਾਵਾਂ ਦੀ ਇਹ ਸੱਤਵੀਂ ਮੁਲਾਕਾਤ ਹੈ।
ਇਸ ਸਮਝੌਤੇ ਨੂੰ ਸਿਰਫ਼ ਵਪਾਰਕ ਤੌਰ ‘ਤੇ ਹੀ ਨਹੀਂ ਬਲਕਿ ਸਿਆਸੀ ਅਤੇ ਰਣਨੀਤਿਕ ਤੌਰ ‘ਤੇ ਵੀ ਬਹੁਤ ਹੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਜਿਸਦੇ ਦੂਰ-ਅੰਦੇਸ਼ੀ ਸਿੱਟੇ ਨਿਕਲਣ ਦੀ ਉਮੀਦ ਹੈ। 2025 ਵਿੱਚ ਡੋਨਾਲਡ ਟਰੰਪ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਯੂਰਪੀ ਯੂਨੀਅਨ ਲਈ ਵਪਾਰਕ ਸਮਝੌਤੇ ਹੋਰ ਵੀ ਮਹੱਤਵਪੂਰਨ ਹੋ ਗਏ ਹਨ ਕਿਉਂਕਿ ਉਹ ਨਵੇਂ ਬਜ਼ਾਰ ਲੱਭ ਰਹੀ ਹੈ। ਯੂਰਪੀ ਯੂਨੀਅਨ ਇੰਡੋ-ਪੈਸਿਫਿਕ ਖੇਤਰ ਵਿੱਚ ਆਪਣੇ ਰਿਸ਼ਤੇ ਮਜ਼ਬੂਤ ਕਰ ਰਹੀ ਹੈ ਜਿੱਥੇ ਚੀਨ ਦਾ ਪ੍ਰਭਾਵ ਵੱਧ ਰਿਹਾ ਹੈ। ਇਸਦੇ ਨਾਲ-ਨਾਲ ਆਸਟ੍ਰੇਲੀਆ ਨਾਲ ਸੁਰੱਖਿਆ ਅਤੇ ਰੱਖਿਆ ਸਾਂਝ ਵੀ ਐਲਾਨੀ ਗਈ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵੋਨ ਡੇਰ ਲੇਯਨ ਸੋਮਵਾਰ 23 ਮਾਰਚ ਨੂੰ ਮਿਡਲ ਈਸਟ ਦੇ ਹਵਾਈ ਰਸਤੇ ਬੰਦ ਹੋਣ ਕਾਰਨ ਇੱਕ ਬਦਲਵੇਂ ਰਸਤੇ ਰਾਹੀਂ ਇੱਕ ਲੰਬਾ ਸਫ਼ਰ ਤੈਅ ਕਰਕੇ ਆਸਟ੍ਰੇਲੀਆ ਪਹੁੰਚੀ। ਉਸ ਦੇ ਨਾਲ ਯੂਰਪੀ ਯੂਨੀਅਨ ਦੇ ਟਰੇਡ ਮੁਖੀ ਮਾਰੋਸ਼ ਸ਼ੇਫਚੋਵਿਚ ਵੀ ਹਨ ਜੋ ਵੀਕਐਂਡ ‘ਤੇ ਹੀ ਆਸਟ੍ਰੇਲੀਆ ਪਹੁੰਚ ਗਏ ਸਨ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵਾਨ ਡਰ ਲੇਯਨ ਦੇ ਇਸ ਦੌਰੇ ਦਾ ਮਕਸਦ ਕਈ ਅਰਬਾਂ ਡਾਲਰ ਦੇ ਫ੍ਰੀ-ਟ੍ਰੇਡ ਸਮਝੌਤੇ ਨੂੰ ਅੰਤਿਮ ਰੂਪ ਦੇਣਾ ਹੈ। ਇਹ ਸਮਝੌਤਾ ਯੂਰਪੀ ਯੂਨੀਅਨ ਲਈ ਇੱਕ ਹੋਰ ਵੱਡੀ ਕਾਮਯਾਬੀ ਹੈ, ਕਿਉਂਕਿ ਉਹ ਵਧ ਰਹੇ ਗਲੋਬਲ ਤਣਾਵਾਂ ਦੇ ਵਿਚਕਾਰ ਆਪਣੇ ਵਪਾਰਕ ਰਿਸ਼ਤੇ ਵਧਾਉਣ ਅਤੇ ਨਵੇਂ ਸਾਥੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਫ੍ਰੀ-ਟ੍ਰੇਡ ਸਮਝੌਤਾ 2018 ਤੋਂ ਚੱਲ ਰਿਹਾ ਸੀ ਅਤੇ 2023 ਵਿੱਚ ਇਸਦੇ ਸਮਾਪਤ ਹੋਣ ਤੋਂ ਪਹਿਲਾਂ ਕੁੱਝ ਮਸਲਿਆਂ ਕਰਕੇ ਰੁਕ ਗਿਆ ਸੀ। 27 ਦੇਸ਼ਾਂ ਵਾਲੀ ਯੂਰਪੀ ਯੂਨੀਅਨ ਜਿਸਦੇ 450 ਮਿਲੀਅਨ ਲੋਕ ਹਨ ਅਤੇ ਲਗਭਗ 31 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦੇ ਨਾਲ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ। ਇਸ ਸਮਝੌਤੇ ਨਾਲ ਆਸਟ੍ਰੇਲੀਆ ਹੀ ਨਹੀਂ ਬਲਕਿ ਯੂਰਪ ਦੇ 27 ਦੇਸ਼ਾਂ ਦੇ ਲੋਕਾਂ ਲਈ ਵੀ ਨਵੇਂ ਮੌਕੇ ਅਤੇ ਨਵੀਂਆਂ ਉਮੀਦਾਂ ਜਾਗੀਆਂ ਹਨ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵਾਨ ਡਰ ਲੇਯਨ ਦੇ ਨਾਲ ਸਹੀਬੰਦ ਕੀਤੇ ਗਏ ਸਮਝੌਤੇ ਨੂੰ ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ਦੇ ਰਿਸ਼ਤਿਆਂ ਲਈ ਇੱਕ ਮਹੱਤਵਪੂਰਨ ਮੋੜ ਕਰਾਰ ਦਿੰਦਿਆਂ ਕਿਹਾ ਹੈ ਕਿ, “ਆਸਟ੍ਰੇਲੀਆ ਅਤੇ ਯੂਰਪ ਦੋਸਤ ਅਤੇ ਭਾਗੀਦਾਰ ਹਨ, ਜੋ ਅਮਨ, ਸੁਰੱਖਿਆ ਅਤੇ ਆਰਥਿਕ ਤਰੱਕੀ ਲਈ ਇਕੱਠੇ ਕੰਮ ਕਰ ਰਹੇ ਹਨ। ਇਹ ਦੌਰਾ ਇਸ ਕੰਮ ਨੂੰ ਅੱਗੇ ਵਧਾਉਣ ਲਈ ਇਕ ਮਹੱਤਵਪੂਰਨ ਮੌਕਾ ਹੈ। ਸਾਡਾ ਦੋ-ਪੱਖੀ ਵਪਾਰ ਲਗਭਗ 109 ਬਿਲੀਅਨ ਡਾਲਰ ਦਾ ਹੈ ਜੋ ਨੌਕਰੀਆਂ ਅਤੇ ਆਰਥਿਕ ਤਰੱਕੀ ਨਾਲ ਜੁੜਿਆ ਹੈ। ਅਸੀਂ ਇਸਨੂੰ ਹੋਰ ਅੱਗੇ ਲੈ ਜਾਣ ਲਈ ਕੰਮ ਕਰ ਰਹੇ ਹਾਂ। ਇਸ ਨਾਲ ਆਸਟ੍ਰੇਲੀਆ ਦੇ ਕਿਸਾਨਾਂ ਅਤੇ ਨਿਰਯਾਤਾਵਾਂ ਨੂੰ 450 ਮਿਲੀਅਨ ਗਾਹਕਾਂ ਵਾਲੇ ਵੱਡੇ ਬਜ਼ਾਰ ਵਿੱਚ ਵਧੀਆ ਮੌਕੇ ਮਿਲਣਗੇ। ਇਸ ਨਾਲ ਯੂਰਪ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਖਾਣੇ ਅਤੇ ਵਾਈਨ ਦਾ ਮਜ਼ਾ ਲੈਣ ਦਾ ਮੌਕਾ ਮਿਲੇਗਾ।”
ਉਰਸੂਲਾ ਵਾਨ ਡਰ ਲੇਯਨ ਨੇ ਕਿਹਾ ਕਿ, “ਭਾਵੇਂ ਯੂਰਪ ਅਤੇ ਆਸਟ੍ਰੇਲੀਆ ਦੂਰ-ਦੂਰ ਹਨ ਪਰ ਸੋਚ ਵਿੱਚ ਅਸੀਂ ਕਾਫ਼ੀ ਨੇੜੇ ਹਾਂ। ਇਸ ਨਵੇਂ ਸਹਿਯੋਗ ਨਾਲ ਅਸੀਂ ਹੋਰ ਵੀ ਨੇੜੇ ਆ ਰਹੇ ਹਾਂ।”
“ਆਸਟ੍ਰੇਲੀਆ ਅਤੇ ਯੂਰਪ ਦੋਸਤ ਅਤੇ ਭਾਗੀਦਾਰ ਹਨ, ਜੋ ਅਮਨ, ਸੁਰੱਖਿਆ ਅਤੇ ਆਰਥਿਕ ਤਰੱਕੀ ਲਈ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਇਹ ਦੌਰਾ ਇਸ ਕੰਮ ਨੂੰ ਅੱਗੇ ਵਧਾਉਣ ਲਈ ਇਕ ਮਹੱਤਵਪੂਰਨ ਮੌਕਾ ਹੈ।”
ਆਸਟ੍ਰੇਲੀਆ ਦੇ ਟਰੇਡ ਮੰਤਰੀ ਸੈਨੇਟਰ ਡੌਨ ਫੈਰਲ ਨੇ ਇਸ ਸਮਝੌਤੇ ਸਬੰਧੀ ਕਿਹਾ ਹੈ ਕਿ, “ਇਹ ਸਮਝੌਤਾ ਹਰ ਸਾਲ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਲਗਭਗ 10 ਬਿਲੀਅਨ ਡਾਲਰ ਦਾ ਵਾਧਾ ਕਰ ਸਕਦਾ ਹੈ।”
ਯੂਰਪੀ ਯੂਨੀਅਨ ਦੇ ਟਰੇਡ ਕਮਿਸ਼ਨਰ ਸ਼ੇਫਚੋਵਿਚ ਨੇ ਕਿਹਾ ਕਿ, “ਉਰਸੂਲਾ ਵਾਨ ਡਰ ਲੇਯਨ ਦੀ ਪਿਛਲੇ ਸਾਲ ਦੁਬਾਰਾ ਚੋਣ ਤੋਂ ਬਾਅਦ ਆਸਟ੍ਰੇਲੀਆ ਸਭ ਤੋਂ ਉੱਪਰਲੀ ਤਰਜੀਹ ਸੀ, ਪਰ ਦੁਨੀਆ ਭਰ ਦੇ ਵਪਾਰਕ ਰਿਸ਼ਤਿਆਂ ਵਿੱਚ ਆ ਰਹੀ ਅਸਥਿਰਤਾ ਨੇ ਯੂਰਪ ਨੂੰ ਇਹ ਸਮਝੌਤਾ ਹੁਣ ਜਲਦੀ ਕਰਨ ਲਈ ਹੋਰ ਪ੍ਰੇਰਿਤ ਕੀਤਾ ਹੈ।
ਇਹ ਸਮਝੌਤਾ 99 ਫੀਸਦੀ ਟੈਰਿਫ਼ (ਡਿਊਟੀ) ਖਤਮ ਕਰੇਗਾ ਜਿਸਦੀ ਕੀਮਤ ਲਗਭਗ 16.6 ਬਿਲੀਅਨ ਆਸਟ੍ਰੇਲੀਅਨ ਡਾਲਰ ਹੈ ਅਤੇ ਅਗਲੇ 10 ਸਾਲਾਂ ਵਿੱਚ ਨਿਰਯਾਤ 33 ਫੀਸਦੀ ਤੱਕ ਵੱਧ ਸਕਦੇ ਹਨ। ਇਸ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਤੁਰੰਤ 10 ਬਿਲੀਅਨ ਡਾਲਰ ਦਾ ਫਾਇਦਾ ਹੋ ਸਕਦਾ ਹੈ ਅਤੇ ਯੂਰਪ ਵੱਲੋਂ ਨਿਵੇਸ਼ ਵਿੱਚ 87 ਫੀਸਦੀ ਵਾਧਾ ਹੋਣ ਦੀ ਉਮੀਦ ਹੈ। ਹਾਲਾਂਕਿ ਸਟੀਲ ‘ਤੇ ਡਿਊਟੀ ਜਾਰੀ ਰਹੇਗੀ। ਇਸ ਸਮਝੌਤੇ ਵਿੱਚ ਸੁਰੱਖਿਆ ਅਤੇ ਰੱਖਿਆ ਸਾਂਝ ਵੀ ਸ਼ਾਮਲ ਹੈ ਜਿਸ ਨਾਲ ਆਸਟ੍ਰੇਲੀਆ ਯੂਰਪੀ ਯੂਨੀਅਨ ਦੇ ਕਰੀਬ 250 ਬਿਲੀਅਨ ਡਾਲਰ ਦੇ ਸਕਿਉਰਿਟੀ ਐਕਸ਼ਨ ਫਾਰ ਯੂਰਪ (SAFE) ਪ੍ਰੋਰੀਆਰਮਮੈਂਟ ਪ੍ਰੋਗ੍ਰਾਮ ਹੇਠ ਹਥਿਆਰ ਇਕੱਠੇ ਖਰੀਦ ਅਤੇ ਤਿਆਰ ਕਰ ਸਕੇਗਾ। ਇਸ ਵਿੱਚ ਜ਼ਰੂਰੀ ਖਣਿਜਾਂ ਬਾਰੇ ਵੀ ਸਮਝੌਤਾ ਸ਼ਾਮਲ ਹੈ, ਜਿਸ ਨਾਲ ਯੂਰਪੀ ਖਰੀਦਦਾਰ ਇਹ ਸਮੱਗਰੀ ਬਿਨਾਂ ਟੈਰਿਫ਼ ਦੇ ਖਰੀਦ ਸਕਣਗੇ ਜੋ ਇਸ ਵੇਲੇ ਜ਼ਿਆਦਾਤਰ ਚੀਨ ਦੇ ਕਬਜ਼ੇ ਵਿੱਚ ਹੈ। ਯੂਰਪੀ ਯੂਨੀਅਨ ਆਸਟ੍ਰੇਲੀਆ ਨੂੰ ਆਪਣੇ ਮਸ਼ਹੂਰ ਹੋਰਾਇਜ਼ਨ ਯੂਰਪ ਰੀਸਰਚ ਪ੍ਰੋਗ੍ਰਾਮ ਵਿੱਚ ਸ਼ਾਮਲ ਕਰਨ ਲਈ ਵੀ ਤਿਆਰ ਹੈ। ਇਸ ਨਾਲ ਹਜ਼ਾਰਾਂ ਆਸਟ੍ਰੇਲੀਅਨ ਖੋਜਕਰਤਾ ਯੂਰਪ ਵਿੱਚ ਜਾ ਕੇ ਕੰਮ ਕਰ ਸਕਣਗੇ। ਖੇਤੀਬਾੜੀ ਇਸ ਗੱਲਬਾਤ ਦਾ ਸਭ ਤੋਂ ਮੁਸ਼ਕਲ ਹਿੱਸਾ ਸੀ। ਯੂਰਪ ਦੇ ਕਿਸਾਨ ਪਹਿਲਾਂ ਹੀ ਹੋਰ ਟਰੇਡ ਸਮਝੌਤਿਆਂ ਦਾ ਵਿਰੋਧ ਕਰ ਰਹੇ ਹਨ ਅਤੇ ਕੁੱਝ ਨੇਤਾ ਵੀ ਇਸਦੇ ਖਿਲਾਫ਼ ਹਨ। ਇਸ ਸਮਝੌਤੇ ਨਾਲ ਚੀਜ਼ (3 ਸਾਲਾਂ ਵਿੱਚ), ਵਾਈਨ, ਕੁੱਝ ਫਲ-ਸਬਜ਼ੀਆਂ, ਚਾਕਲੇਟ ਅਤੇ ਤਿਆਰ ਖਾਣੇ ਵਰਗੇ ਉਤਪਾਦਾਂ ‘ਤੇ ਟੈਰਿਫ਼ ਹੌਲੀ-ਹੌਲੀ ਖਤਮ ਹੋ ਜਾਣਗੇ। ਸਭ ਤੋਂ ਮੁਸ਼ਕਲ ਮਸਲੇ — ਬੀਫ ਅਤੇ ਭੇਡ ਦੇ ਮਾਸ — ‘ਤੇ ਆਸਟ੍ਰੇਲੀਆ ਨੇ ਸਾਲਾਨਾ 30,600 ਟਨ ਅਤੇ 25,000 ਟਨ ਦੇ ਕੋਟੇ ਮੰਨ ਲਏ ਹਨ। ਜੇ ਆਸਟ੍ਰੇਲੀਆ ਤੋਂ ਆਮਦਨ ਬਹੁਤ ਵੱਧ ਜਾਂਦੀ ਹੈ ਅਤੇ ਯੂਰਪੀ ਮਾਰਕੀਟ ਨੂੰ ਨੁਕਸਾਨ ਹੁੰਦਾ ਹੈ ਤਾਂ ਯੂਰਪੀ ਯੂਨੀਅਨ ਕੋਲ ਇਸਨੂੰ ਰੋਕਣ ਦਾ ਪ੍ਰਬੰਧ ਵੀ ਹੋਵੇਗਾ। ਖੇਤੀਬਾੜੀ ਤੋਂ ਇਲਾਵਾ, ਇਹ ਸਮਝੌਤਾ ਆਸਟ੍ਰੇਲੀਆ ਦੇ ਮਹੱਤਵਪੂਰਨ ਖਣਿਜਾਂ ਜਿਵੇਂ ਐਲੂਮੀਨੀਅਮ, ਲਿਥੀਅਮ ਅਤੇ ਮੈਗਨੀਜ਼ ਤੱਕ ਪਹੁੰਚ ਵੀ ਖੋਲ੍ਹਦਾ ਹੈ। ਯੂਰਪੀ ਯੂਨੀਅਨ ਆਸਟ੍ਰੇਲੀਆ ਦੀ ਲਗਜ਼ਰੀ ਕਾਰ ਟੈਕਸ ਨੂੰ ਪੂਰੀ ਤਰ੍ਹਾਂ ਹਟਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ, ਪਰ 75 ਫੀਸਦੀ ਯੂਰਪੀ ਇਲੈਕਟ੍ਰਿਕ ਕਾਰਾਂ ਨੂੰ ਛੋਟ ਮਿਲੇਗੀ। ਯੂਰਪੀ ਯੂਨੀਅਨ ਕਮਿਸ਼ਨ ਨੂੰ ਉਮੀਦ ਹੈ ਕਿ ਡੇਅਰੀ 48 ਫੀਸਦੀ ਤੱਕ, ਮੋਟਰ ਵਾਹਨ 52 ਫੀਸਦੀ ਅਤੇ ਕੈਮੀਕਲ 20 ਫੀਸਦੀ ਸੈਕਟਰ ਵਿੱਚ ਨਿਰਯਾਤ ਕਾਫ਼ੀ ਵਧੇਗਾ।
ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ਦੇ ਰਿਸ਼ਤੇ ਲੋਕਤੰਤਰਕ ਮੁੱਲਾਂ ਅਤੇ ਸੁਰੱਖਿਆ ਤੇ ਵਪਾਰ ਬਾਰੇ ਇੱਕੋ ਜਿਹੀ ਸੋਚ ‘ਤੇ ਆਧਾਰਿਤ ਹਨ। ਦੋਵੇਂ ਨਿਯਮਾਂ ਅਧਾਰਤ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਰੱਖਣ, ਸੁਰੱਖਿਆ ਅਤੇ ਰੱਖਿਆ, ਮੌਸਮੀ ਤਬਦੀਲੀ, ਜ਼ਰੂਰੀ ਖਣਿਜ ਅਤੇ ਨੌਜਵਾਨਾਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ਵਿੱਚ ਸੁਧਾਰ ਵਰਗੇ ਕਈ ਅੰਤਰਰਾਸ਼ਟਰੀ ਮਸਲਿਆਂ ‘ਤੇ ਇਕੱਠੇ ਕੰਮ ਕਰਦੇ ਹਨ।
ਯੂਰਪੀ ਯੂਨੀਅਨ ਨੇ 2025 ਵਿੱਚ ਮੈਕਸਿਕੋ, ਸਵਿਟਜ਼ਰਲੈਂਡ ਅਤੇ ਇੰਡੋਨੇਸ਼ੀਆ ਨਾਲ ਵੀ ਸਮਝੌਤੇ ਕੀਤੇ। ਇਸ ਤੋਂ ਇਲਾਵਾ ਮਰਕੋਸੁਰ ਨਾਲ ਵੀ ਇਸ ਸਾਲ ਸਮਝੌਤਾ ਹੋਇਆ ਹੈ ਜਦਕਿ ਫਿਲੀਪੀਨਜ਼, ਥਾਈਲੈਂਡ, ਮਲੇਸ਼ੀਆ, ਯੂਏਈ ਅਤੇ ਅਫ਼ਰੀਕਾ ਦੇ ਕੁੱਝ ਦੇਸ਼ ਹੋਰ ਦੇਸ਼ਾਂ ਨਾਲ ਵੀ ਗੱਲਬਾਤ ਜਾਰੀ ਹੈ।