ਜਦੋਂ ਹੌਟ ਚੌਕਲੇਟ ਬੌਕਸ ਨੇ ਏਅਰਪੋਰਟ ‘ਤੇ ਐਮਰਜੈਂਸੀ ਵਾਲੇ ਹਾਲਾਤ ਬਣਾ ਦਿਤੇ !

ਐਵਲੋਨ ਏਅਰਪੋਰਟ।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮੈਲਬੌਰਨ ਦੇ ਏਅਰਪੋਰਟ ਉਪਰ ਇੱਕ ਯਾਤਰੀ ਦੇ ਬੈਗ ਵਿੱਚ ਇੱਕ ਸ਼ੱਕੀ ਚੀਜ਼ ਮਿਲਣ ਦੇ ਕਾਰਣ ਹਾਲਾਤ ਅਜਿਹੇ ਬਣ ਗਏ ਕਿ ਏਅਰਪੋਰਟ ਸਕਿਉਰਿਟੀ ਨੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ। ਇੰਨਾ ਹੀ ਨਹੀਂ ਬਲਕਿ ਪੁਲਿਸ, ਬਲਕਿ ਬੰਬ-ਸਕੁਐਡ ਨੂੰ ਵੀ ਬੁਲਾਉਣਾ ਪਿਆ, ਜਿਸ ਕਾਰਣ ਕਈ ਫਲਾਈਟਾਂ ਨੂੰ ਰੱਦ ਕਰਨਾ ਪਿਆ ਅਤੇ ਕਈਆਂ ਨੂੰ ਲੰਬੀ ਦੇਰੀ ਦਾ ਸ੍ਹਾਮਣਾ ਕਰਨਾ ਪਿਆ।

ਮੈਲਬੌਰਨ ਦੇ ਐਵਲੋਨ ਏਅਰਪੋਰਟ ਉਪਰ ਕੱਲ੍ਹ ਵੀਰਵਾਰ 21 ਮਈ 2026 ਨੂੰ ਸਵੇਰੇ ਕੁੱਝ ਘੰਟਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ ਜਦੋਂ ਇੱਕ ਯਾਤਰੀ ਦੇ ਬੈਗ ਵਿੱਚ ਸ਼ੱਕੀ ਚੀਜ਼ ਮਿਲੀ। ਮੈਲਬੌਰਨ ਤੋਂ ਲਗਭਗ 50 ਕਿਲੋਮੀਟਰ ਦੂਰ ਸਾਊਥ-ਵੈਸਟ ਇਲਾਕੇ ਵਿੱਚ ਸਥਿਤ ਐਵਲੋਨ ਏਅਰਪੋਰਟ ‘ਤੇ ਸਵੇਰੇ ਸੁਰੱਖਿਆ ਜਾਂਚ ਦੌਰਾਨ ਇੱਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਐਵਲੋਨ ਏਅਰਪੋਰਟ ਵਿਕਟੋਰੀਆ ਦਾ ਦੂਜਾ ਸਭ ਤੋਂ ਬੀਜ਼ੀ ਏਅਰਪੋਰਟ ਹੈ। ਕੁਆਂਟਾਸ ਦੀ ਸਹਾਇਕ ਕੰਪਨੀ ਜੈੱਟਸਟਾਰ ਏਅਰਲਾਈਨ, ਇਸ ਏਅਰਪੋਰਟ ਤੋਂ ਲੋਕਲ ਅਤੇ ਇੰਟਰਨੈਸ਼ਨਲ ਫਲਾਈਟਾਂ ਚਲਾਉਂਦੀ ਹੈ। ਇਸ ਘਟਨਾ ਦੇ ਕਾਰਣ ਕਈ ਫਲਾਈਟਾਂ ਨੂੰ ਰੱਦ ਕਰਨਾ ਪਿਆ ਜਦਕਿ ਕਈ ਫਲਾਈਟਾਂ ਨੂੰ ਲੰਬੀ ਦੇਰੀ ਦਾ ਸ੍ਹਾਮਣਾ ਕਰਨਾ ਪਿਆ। ਇਸ ਨਾਲ ਘਰੇਲੂ ਉਡਾਣਾਂ ਵਿੱਚ ਦੇਰੀ ਹੋਈ ਪਰ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ। ਕੱਲ੍ਹ ਸਵੇਰੇ ਤਕਰੀਬਨ 6 ਵਜੇ ਜਦੋਂ ਯਾਤਰੀ ਐਵਲੋਨ ਏਅਰਪੋਰਟ ‘ਤੇ ਪਹੁੰਚੇ ਤਾਂ ਸੁਰੱਖਿਆ ਵਜੋਂ ਗੇਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਕਾਰ ਪਾਰਕ ਵਿੱਚ ਉਡੀਕ ਕਰਨ ਲਈ ਕਿਹਾ ਗਿਆ। ਕਿਸੇ ਨੂੰ ਵੀ ਕੁੱਝ ਪਤਾ ਨਹੀਂਂ ਸੀ ਕਿ ਕੀ ਹੋ ਰਿਹਾ ਹੈ। ਹਵਾਈ ਅੱਡੇ ਵਿੱਚੋਂ ਬਹੁਤ ਸਾਰੀਆਂ ਪੁਲਿਸ ਕਾਰਾਂ ਅਤੇ ਹੋਰ ਐਮਰਜੈਂਸੀ ਵਾਹਨ ਲੰਘ ਰਹੇ ਸਨ।

ਐਵਲੋਨ ਏਅਰਪੋਰਟ ‘ਤੇ ਇੱਕ ਹੌਟ ਚੌਕਲੇਟ ਦੇ ਡੱਬੇ ਅੰਦਰ ਇੱਕ ਸ਼ੱਕੀ ਵਸਤੂ ਮਿਲਣ ‘ਤੇ ਏਅਰਪੋਰਟ ਸਕਿਉਰਿਟੀ ਨੇ ਇੱਕ ਯਾਤਰੀ ਨੂੰ ਸਿਡਨੀ ਜਾਣ ਵਾਲੀ ਉਡਾਣ ਵਿੱਚ ਚੜ੍ਹਨ ਤੋਂ ਰੋਕ ਲਿਆ। ਅਸਲ ਵਿੱਚ ਸਿਡਨੀ ਨੂੰ ਜਾਣ ਵਾਲੀ ਫਲਾਈਟ ਫੜਨ ਵਾਲਾ ਯਾਤਰੀ ਆਪਣੇ ਬੈਗ ਵਿੱਚ ਸ਼ੱਕੀ ਚੀਜ਼ ਵਾਰੇ ਪੁੱਛੇ ਜਾਣ ਤੋਂ ਘਬਰਾ ਗਿਆ ਸੀ। ਏਅਰਪੋਰਟ ਸਕਿਉਰਿਟੀ ਨੇ ਕਾਰਵਾਈ ਕਰਦਿਆਂ ਤੁਰੰਤ ਪੁਲਿਸ ਅਤੇ ਬੰਬ ਸਕੁਐਡ ਨੂੰ ਬੁਲਾਇਆ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਏਅਰਪੋਰਟ ਸਕਿਉਰਿਟੀ ਨੇ ਉਸ ਆਦਮੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਏਅਰਪੋਰਟ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਜਾਂਚ ਜਾਰੀ ਰਹਿਣ ਦੌਰਾਨ ਸਾਵਧਾਨੀ ਵਜੋਂ ਪੂਰੇ ਖੇਤਰ ਨੂੰ ਘੇਰ ਲਿਆ ਗਿਆ।

ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਇੰਸਪੈਕਟਰ ਨਿੱਕ ਉਏਬਰਗੈਂਗ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਸ਼ੱਕੀ ਬੈਗ ਵਾਲਾ ਵਿਅਕਤੀ ਸ਼ੁਰੂ ਵਿੱਚ ਸਾਡੇ ਨਾਲ ਬਹੁਤਾ ਸਹਿਯੋਗ ਨਹੀਂ ਕਰ ਰਿਹਾ ਸੀ ਜਿਸ ਕਾਰਣ ਥੋੜ੍ਹੀ ਮੁਸ਼ਕਲ ਹੋਈ। ਵਿਅਕਤੀ ਦੇ ਵਰਤਾਅ ਨੇ ਸਥਿਤੀ ਨੂੰ ਹੋਰ ਲੰਬੀ ਕਰਨ ਵਿੱਚ ਯੋਗਦਾਨ ਪਾਇਆ। ਬੰਬ ਸਕੁਐਡ ਨੇ ਪੈਕੇਜ ਦੀ ਜਾਂਚ ਕੀਤੀ ਜੋ ਕਿ ਇੱਕ ਲੇਜ਼ਰ ਹੇਅਰ ਰੀਮੂਵਰ ਯੰਤਰ ਸੀ ਜੋ ਹੌਟ ਚੌਕਲੇਟ ਦੇ ਇੱਕ ਡੱਬੇ ਦੇ ਵਿੱਚ ਬੰਦ ਕੀਤਾ ਹੋਇਆ ਸੀ। ਇਸ ਪੈਕੇਜ ਦੇ ਮਾਲਕ ਨੂੰ ਸ਼ੁਰੂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕਈ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਬਿਨਾਂ ਕੋਈ ਚਾਰਜ ਲਾਏ ਛੱਡ ਦਿੱਤਾ ਗਿਆ। ਐਵਲੋਨ ਏਅਰਪੋਰਟ ਨੂੰ ਸੁਰੱਖਿਆ ਕਾਰਣਾ ਕਰਕੇ ਲਗਭਗ ਚਾਰ ਘੰਟੇ ਬਾਅਦ ਦੁਬਾਰਾ ਖੋਲ੍ਹ ਦਿੱਤਾ ਗਿਆ।”

ਇਸ ਘਟਨਾ ਨਾਲ ਸਬੰਧਤ ਸ਼ੱਕੀ ਵਿਅਕਤੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ, “ਬੰਬ ਸਕੁਐਡ ਦੇ ਅਧਿਕਾਰੀਆਂ ਨੇ ਉਸ ਤੋਂ ਉਸਦੇ ਹੌਟ ਚੌਕਲੇਟ ਬੌਕਸ ਦੇ ਵਿੱਚ ਬੰਦ ਚੀਜ਼ ਵਾਰੇ ਪੁੱਛਗਿੱਛ ਕੀਤੀ, ਇੱਕ ਸਮੇਂ ਤਾਂ ਇਹ ਵੀ ਪੁੱਛਿਆ ਕਿ ਕੀ ਇਹ ਮਿਲਟਰੀ-ਗ੍ਰੇਡ ਵਿਸਫੋਟਕ ਹੈ। ਜਾਂਚ ਅਧਿਕਾਰੀਆਂ ਨੂੰ ਲੱਗਿਆ ਕਿ ਇਹ ਬੰਬ ਹੈ ਅਤੇ ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਬੰਬ ਨਹੀਂਂ ਹੈ। ਫਿਰ ਉਨ੍ਹਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕੀ ਇਹ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਹਨ। ਉਹਨਾਂ ਨੂੰ ਇਸ ਸਾਰੇ ਕੁੱਝ ਦੀ ਵਿਸਥਾਰ ਦੇ ਵਿੱਚ ਜਾਂਚ ਕਰਨੀ ਪਈ ਅਤੇ ਹਰ ਚੀਜ਼ ਦੀ ਜਾਂਚ ਪ੍ਰਕ੍ਰਿਆ ਨੂੰ ਮੁਕੰਮਲ ਕਰਨ ਦੇ ਵਿੱਚ ਲੰਬਾ ਸਮਾਂ ਲੱਗਿਆ। ਇਹ ਪੂਰੀ ਘਟਨਾ ਇੱਕ ਗਲਤਫਹਿਮੀ ਕਾਰਣ ਵਾਪਰੀ। ਇਹ ਸਾਰਿਆਂ ਲਈ ਬਹੁਤ ਮਾੜਾ ਦਿਨ ਰਿਹਾ। ਪੁਲਿਸ ਨੇ ਸੁਰੱਖਿਆ ਨੂੰ ਤਰਜੀਹ ਦਿੱਤੀ ਅਤੇ ਇਹ ਚੰਗੀ ਗੱਲ ਹੈ ਕਿ ਅਫ਼ਸੋਸ ਕਰਨ ਨਾਲੋਂ ਸੁਰੱਖਿਅਤ ਰਹਿਣਾ ਬਿਹਤਰ ਹੈ।”

ਏਅਰਪੋਰਟ ਨੇ ਘਟਨਾ ਨਾਲ ਨਜਿੱਠਣ ਲਈ ਪੁਲਿਸ ਦਾ ਧੰਨਵਾਦ ਕੀਤਾ ਹੈ। ਏਅਰਪੋਰਟ ਦੇ ਬੁਲਾਰੇ ਨੇ ਕਿਹਾ, “ਅੱਜ ਦੀ ਕਾਰਵਾਈ ਸੁਰੱਖਿਆ ਜਾਂਚ ਪ੍ਰਕਿਰਿਆਂ ਦੀ ਚੌਕਸੀ ਨੂੰ ਦਰਸਾਉਂਦਾ ਹੈ, ਜਿਸ ਵਿੱਚ ਯਾਤਰੀਆਂ, ਸਟਾਫ ਅਤੇ ਵੱਡੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਸਾਵਧਾਨੀ ਵਾਲੇ ਉਪਾਅ ਕੀਤੇ ਗਏ ਹਨ, ਜੋ ਹਮੇਸ਼ਾ ਸਾਡੀ ਸਭ ਤੋਂ ਵੱਡੀ ਤਰਜੀਹ ਰਹੇਗੀ।”

ਆਸਟ੍ਰੇਲੀਅਨ ਐਂਡ ਇੰਟਰਨੈਸ਼ਨਲ ਪਾਇਲਟਸ ਐਸੋਸੀਏਸ਼ਨ ਦੇ ਸੁਰੱਖਿਆ ਅਤੇ ਤਕਨੀਕੀ ਨਿਰਦੇਸ਼ਕ ਸਟੀਵ ਕਾਰਨੇਲ ਨੇ ਏਅਰਪੋਰਟ ਦੁਆਰਾ ਕੀਤੀ ਗਈ ਕਾਰਵਾਈਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ, “ਬੇਸ਼ੱਕ ਅਚਾਨਕ ਦੇਰੀ ਯਾਤਰੀਆਂ ਲਈ ਬਹੁਤ ਪਰੇਸ਼ਾਨ ਕਰਨ ਵਾਲੀ ਹੁੰਦੀ ਹੈ ਪਰ ਸੇਫ਼ਟੀ ਅਤੇ ਸਕਿਉਰਿਟੀ ਸੱਚਮੁੱਚ ਪਹਿਲੀ ਤਰਜੀਹ ਹੁੰਦੀ ਹੈ। ਜਦੋਂ ਕਿਸੇ ਸ਼ੱਕੀ ਵਸਤੂ ਦੀ ਪਛਾਣ ਕੀਤੀ ਜਾਂਦੀ ਹੈ ਤਾਂ ਕਾਰਵਾਈ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਉਸਨੂੰ ਰੋਕਣਾ, ਉਸਦੀ ਜਾਂਚ ਕਰਨਾ ਅਤੇ ਖ਼ਤਰੇ ਨੂੰ ਦੂਰ ਕਰਨਾ ਬਹੁਤ ਜਰੂਰੀ ਹੈ। ਇਸ ਪੱਧਰ ਦੀ ਚੌਕਸੀ ਅਤੇ ਦੇਖਭਾਲ ਹਵਾਬਾਜ਼ੀ ਨੂੰ ਦੁਨੀਆਂ ਵਿੱਚ ਆਵਾਜਾਈ ਦਾ ਸਭ ਤੋਂ ਸੁਰੱਖਿਅਤ ਸਾਧਨ ਬਨਾਉਣ ਵਿੱਚ ਮਦਦ ਕਰਦੀ ਹੈ। ਪਾਇਲਟ ਹੋਣ ਦੇ ਨਾਤੇ ਅਸੀਂ ਸੁਰੱਖਿਆ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਯਾਤਰੀਆਂ ਅਤੇ ਸਟਾਫ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਜ਼ਰੂਰੀ ਹੈ ਉਹ ਕਰਨਾ ਜਰੂਰੀ ਹੈ।”

Related posts

ਅੰਡਰ-23 ਵਨਡੇ ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ !

ਪ੍ਰਧਾਨ ਮੰਤਰੀ ਮੋਦੀ ਨੇ ਯੂਨਾਇਟਡ ਨੇਸ਼ਨਜ਼ ਦੇ ਡਾਇਰੈਕਟਰ ਨੂੰ ਕਿਹੜੇ-ਕਿਹੜੇ ਤੋਹਫ਼ੇ ਦਿੱਤੇ ?

ਭਾਰਤੀ ਰੇਲਵੇ ਵਲੋਂ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ 139 ‘ਤੇ ਕਰਨ ਦੀ ਅਪੀਲ