ਲੜਕੀਆਂ ਨੂੰ ਸਮਾਜ ਵਿੱਚ ਭਾਵੇਂ ਸਮੇਂ-ਸਮੇਂ ‘ਤੇ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ ਪਰ ਅੱਜ ਦੀਆਂ ਲੜਕੀਆਂ ਨੇ ਹਰ ਖੇਤਰ ਵਿੱਚ ਮੱਲ੍ਹਾਂ ਮਾਰ ਕੇ ਸਮਾਜ ਵਿੱਚ ਆਪਣੇ ਮਾਪਿਆਂ, ਅਧਿਆਪਕਾਂ, ਔਰਤ ਜਾਤੀ ਦਾ ਅਤੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਸਿਵਲ ਸੇਵਾਵਾਂ ਵਿੱਚ ਪੰਜਾਬ ਦੇ ਬੱਚਿਆਂ ਦੀ ਕਾਰਗੁਜ਼ਾਰੀ ਵਧੀਆ ਬੇਹਤਰ ਹੋਣ ਲੱਗੀ ਹੈ। ਹੁਣੇ ਆਏ ਯੂ.ਪੀ.ਐਸ.ਸੀ.ਦੇ ਸਿਵਲ ਸੇਵਾਵਾਂ ਦੇ ਨਤੀਜੇ ਵਿੱਚ ਪੰਜਾਬ ਦੀਆਂ ਪੰਜ ਲੜਕੀਆਂ ਅਤੇ ਦੋ ਲੜਕੇ ਸਿਲੈਕਟ ਹੋਏ ਹਨ ਜਿਨ੍ਹਾਂ ‘ਚੋਂ ਬਹੁਤੇ ਮੱਧਵਰਗੀ ਪਰਿਵਾਰਾਂ ਨਾਲ ਸਬੰਧਤ ਹਨ। ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਬਿਰੜ੍ਹਵਾਲ ਦੀ ਮੱਧ ਵਰਗੀ ਸੰਯੁਕਤ ਕਿਸਾਨੀ ਪਰਿਵਾਰ ਵਿੱਚ ਪਿਤਾ ਕੁਲਦੀਪ ਸਿੰਘ ਦੇ ਘਰ ਮਾਤਾ ਅਮਨਦੀਪ ਕੌਰ ਦੀ ਕੁੱਖੋਂ 19 ਦਸੰਬਰ 2000 ਨੂੰ ਜਨਮੀ ਬੇਟੀ ਸਿਮਰਨਦੀਪ ਕੌਰ ਨੇ ਦੇਸ਼ ‘ਚੋਂ 15 ਵਾਂ ਅਤੇ ਪੰਜਾਬ ‘ਚ ਪਹਿਲਾ ਰੈਂਕ ਪ੍ਰਾਪਤ ਕਰ ਕੇ ਇਲਾਕੇ ਅਤੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਉਸ ਨੇ ਮੁੱਢਲੀ ਪੜ੍ਹਾਈ ਦਸਵੀਂ ਤੱਕ ਨਾਭਾ ਦੇ ਦਇਆਨੰਦ ਪਬਲਿਕ ਸਕੂਲ (ਪਾਂਡੂਸਰ) ਤੋਂ ਕੀਤੀ। ਉਸ ਨੇ ਬਾਰ੍ਹਵੀਂ ਨਾਨ-ਮੈਡੀਕਲ ਸਟਰੀਮ ਵਿੱਚ ਇਸੇ ਸਕੂਲ ਦੀ ਬ੍ਰਾਂਚ ਸਿਲਵਰ ਸਿਟੀ ਨਾਭਾ ਤੋਂ ਕਰਦੇ ਸਮੇਂ ਉੱਚ ਮੁਕਾਮ ‘ਤੇ ਪੁੱਜਣ ਦਾ ਸੁਪਨਾ ਲੈ ਲਿਆ ਸੀ। ਉਸ ਨੇ ਖਾਲਸਾ ਕਾਲਜ ਪਟਿਆਲਾ ਤੋਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ (ਪੋਲੀਟੀਕਲ ਸਾਇੰਸ) ਦੀ ਪੜ੍ਹਾਈ ਪ੍ਰਾਪਤ ਕੀਤੀ। ਉਸ ਨੇ ਬੀ.ਏ. ਦੀ ਪੜ੍ਹਾਈ ਆਪਣੀ ਸਟਰੀਮ ਬਦਲਦਿਆਂ ਰਾਜਨੀਤੀ ਸ਼ਾਸਤਰ, ਇਤਿਹਾਸ ਅਤੇ ਅਰਥਸ਼ਾਸਤਰ ਵਿਸ਼ਿਆਂ ਨਾਲ ਖਾਲਸਾ ਕਾਲਜ ਪਟਿਆਲਾ ਤੋਂ ਕਰਦਿਆਂ ਸਿਵਲ ਸੇਵਾਵਾਂ ‘ਚ ਜਾਣ ਦੇ ਸੁਪਨੇ ਨੂੰ ਆਪਣੇ ਜ਼ਿੰਦਗੀ ਦੇ ਟੀਚੇ ਵਜੋਂ ਲੈ ਲਿਆ ਸੀ। ਉਸਨੂੰ ਕਾਲਜ ਦੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਇਥੋਂ ਦੇ ਵਧੀਆ ਮਾਹੌਲ ਵਿੱਚ ਆਪਣੇ ਟੀਚੇ ਨਾਲ ਵਧੇਰੇ ਲਗਾਅ ਹੋ ਗਿਆ। ਉਸ ਨੇ ਕਾਲਜ ਵਿੱਚ ਪੜ੍ਹਦਿਆਂ ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤਾ ਦੀ ਕਾਵਿ ਰਚਨਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਇਰਾਦੇ ਨੂੰ ਮੰਜ਼ਿਲ ਸਰ ਕਰਨ ਲਈ ਹੋਰ ਵਧੇਰੇ ਮਜਬੂਤ ਬਣਾਇਆ। ਇਸੇ ਕਾਲਜ ਤੋਂ ਉਸ ਨੇ ਐਮ.ਏ. ਰਾਜਨੀਤੀ ਸ਼ਾਸਤਰ ਦੀ ਪ੍ਰੀਖਿਆ ਪਾਸ ਕੀਤੀ ਅਤੇ ਪਹਿਲੀ ਵਾਰ ਹੀ ਯੂ.ਜੀ.ਸੀ. ਨੈਟ ਪਾਸ ਕਰਕੇ ਆਪਣੇ ਹੌਸ਼ਲੇ ਨੂੰ ਹੋਰ ਮਜਬੂਤ ਕੀਤਾ।
ਸਿਮਰਨਦੀਪ ਕੌਰ ਨੇ ਘਰ ਬੈਠ ਕੇ ਵੱਡੇ ਵੱਡੇ ਕੋਚਿੰਗ ਸੈਂਟਰਾਂ ਦੇ ਸਹਾਰੇ ਨੂੰ ਨਕਾਰਦਿਆਂ ਆਨ ਲਾਈਨ ਹੀ ਵੱਖ-ਵੱਖ ਸ੍ਰੋਤਾਂ ਤੋਂ ਵੱਕਾਰੀ ਆਈ.ਏ.ਐਸ. ਦੀ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਪਰ ਪਹਿਲੇ ਤਿੰਨ ਮੋਕਿਆਂ ‘ਚੋਂ ਕਾਮਯਾਬੀ ਨਾ ਹੋਣ ਤੇ ਆਪਣੇ ਪਰਿਵਾਰ ਦੇ ਸਮਰਥਨ ਸਦਕਾ ਚੌਥੀ ਵਾਰੀ ਆਪਣੀ ਮੰਜ਼ਿਲ ਸਰ ਕਰ ਕੇ ਪੇਂਡੂ ਖੇਤਰ ਦੇ ਬੱਚਿਆਂ ਲਈ ਇੱਕ ਮਿਸਾਲ ਬਣ ਕੇ ਇਤਿਹਾਸ ਰੱਚਿਆ ਹੈ। ਉਸ ਦੇ ਪਿਤਾ ਨੇ ਦੱਸ਼ਿਆ ਕਿ ਉਨ੍ਹਾਂ ਚਾਰ ਸਾਲਾਂ ਵਿੱਚ ਆਪਣੀ ਬੇਟੀ ਦੀ ਸਾਰੀ ਤਿਆਰੀ ਉੱਪਰ ਲੱਖ ਤੋਂ ਡੇਢ ਲੱਖ ਦੇ ਕਰੀਬ ਖਰਚ ਆਇਆ ਜੋ ਕਿ ਅੱਜ ਦੇ ਸਮੇਂ ਹਰੇਕ ਮਾਪਾ ਆਪਣੇ ਬੱਚਿਆਂ ਦੇ ਬਿਹਤਰ ਭੱਵਿਖ ਲਈ ਖਰਚ ਸਕਦਾ ਹੈ। ਸਿਰਫ ਬੱਚਿਆਂ ਦੀ ਮਿਹਨਤ, ਦ੍ਰਿੜ ਇਰਾਦਾ ਹੀ ਸਫਲਤਾ ਦਾ ਰਾਜ਼ ਹੈ, ਜੋ ਘੱਟ ਖਰਚੇ ਨਾਲ ਵੀ ਪ੍ਰਾਪਤ ਹੋ ਸਕਦੀ ਹੈ ਜਿਵੇਂ ਸਿਮਰਦੀਪ ਕੌਰ ਨੇ ਕਰ ਦਿਖਾਇਆ ਹੈ। ਅੱਜ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਇਸ ਸਫਲਤਾ ਤੋਂ ਬਹੁਤ ਕੁੱਝ ਨਵਾਂ ਸਿੱਖਣ ਲਈ ਮਿਲ ਸਕਦਾ ਹੈ। ਉਸ ਨੇ ਆਨ ਲਾਈਨ ਕੋਚਿੰਗ ਲਈ ਅਤੇ ਘਰ ਬੈਠ ਕੇ ਸਫਲਤਾ ਪ੍ਰਾਪਤ ਕੀਤੀ ਹੈ ਜੋ ਬਹੁਤ ਵੱਡੀ ਗੱਲ ਹੋਣ ਦੇ ਨਾਲ ਪੰਜਾਬ ਦੀ ਨੌਜਵਾਨੀ ਦੇ ਸੰਭਾਵਿਤ ਹਨੇਰੇ ਭਵਿੱਖ ਲਈ ਚਾਨਣ ਮੁਰਾਰਾ ਹੈ। ਉਸ ਦੇ ਪਿਤਾ ਸ. ਕੁਲਦੀਪ ਸਿੰਘ ਇੱਕ ਮਿਹਨਤੀ, ਧਾਰਮਿਕ ਬਿਰਤੀ ਵਾਲੇ ਕਿਸਾਨ ਹਨ। ਉਸ ਦੀ ਮਾਤਾ ਸਰਦਾਰਨੀ ਅਮਨਦੀਪ ਕੌਰ ਇੱਕ ਘਰੇਲੂ ਔਰਤ ਹਨ। ਉਹ ਆਪਣੇ ਚਾਚਾ ਜੀ ਦੀ ਹਰ ਪੱਖੋਂ ਮਿਲਦੀ ਹੱਲਾਸ਼ੇਰੀ ਅਤੇ ਸਹਿਯੋਗ ਲਈ ਸਰਾਹਨਾ ਕਰਦੀ ਹੈ। ਉਸ ਦਾ ਹਰ ਰੋਜ਼ ਸਵੇਰੇ ਗੁਰੂ ਘਰ ਜਾਣਾ ਨਿੱਤਨੇਮ ਕਰਨਾ ਅਤੇ ਉਸਤੋਂ ਬਾਅਦ ਸਾਰਾ ਸਮਾਂ ਟਿਕਾਅ ‘ਚ ਰਹਿ ਕੇ ਪੜ੍ਹਾਈ ਲਈ ਦੇਣਾ ਉਸ ਦਾ ਸ਼ਡਿਊਲ ਰਿਹਾ। ਉਸ ਦਾ ਕਹਿਣਾ ਹੈ ਕਿ ਉਹ ਸਿੱਖ ਪਰਿਵਾਰ ਦੇ ਸ਼ੰਸਕਾਰਾਂ ਵਿੱਚ ਪਲੀ ਹੋਣ ਕਾਰਣ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਣ ਕਰਕੇ ਸਮਾਜ ਲਈ ਇੱਕ ਨਿਵੇਕਲੀ ਤਬਦੀਲੀ ਲਿਆਉਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਉਸ ਦੇ ਭਰਾ ਹਰਜੋਤ ਸਿੰਘ ਜੋ ਖਾਲਸਾ ਕਾਲਜ ਪਟਿਆਲਾ ਬੀ.ਏ. ਵੋਕੇਸਨਲ ਦਾ ਵਿਦਿਆਰਥੀ ਹੈ ਨੇ ਵੀ ਆਪਣੀ ਲਾਡਲੀ ਭੈਣ ਦੀ ਕਾਮਯਾਬੀ ਲਈ ਹਰ ਸੰਭਵ ਸਹਿਯੋਗ ਦਿੱਤਾ। ਉਸ ਨੂੰ ਕਰਨਾਟਕਾ ਤੋਂ ਫਰੀਦ ਸਰ ਅਤੇ ਨਿਖਿਲ ਗੌੜਾ ਵਲੋਂ ਆਨ ਲਾਈਨ ਗਾਈਡ ਲਾਈਨਜ ਦੇਣ ਲਈ ਵੀ ਉਨ੍ਹਾ ਦੇ ਬਹੁਮੁੱਲੇ ਦਿੱਤੇ ਸਹਿਯੋਗ ਲਈ ਉਹ ਧੰਨਵਾਦੀ ਹੈ। ਉਸ ਨੂੰ ‘ਮਹਿਲਾ ਦਿਵਸ’ ‘ਤੇ ਪੰਜਾਬ ਦੇ ਮੁੱਖ-ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ ਹੈ। ਬਾਹਰਲੇ ਦੇਸ਼ਾਂ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਬਹੁਤਾਤ ਵਿੱਚ ਉੱਧਰ ਹੀ ਸੈਟਲ ਹੋਣ ਦੇ ਇਰਾਦੇ ਨਾਲ ਪੜ੍ਹਾਈ ਕਰਨ ਦਾ ਬਹਾਨਾ ਬਣਾ ਕੇ ਨੋਜਵਾਨਾਂ ਦੇ ਪ੍ਰਵਾਸ ਕਰਨ ਵਾਲਿਆਂ ਲਈ ਸਿਮਰਨਦੀਪ ਕੌਰ ਰਾਹ ਦਿਸੇਰਾ ਦੇ ਪ੍ਰਤੀਕ ਵਜੋਂ ਮਿਸਾਲ ਬਣੀ ਹੈ ਕਿ ਦ੍ਰਿੜ ਇਰਾਦੇ ਨਾਲ ਇਥੇ ਹੀ ਵੱਡੇ ਮੁਕਾਮ ‘ਤੇ ਪੁੱਜਿਆ ਜਾ ਸਕਦਾ ਹੈ। ਪੰਜਾਬ ਦੇ ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਦੀਆਂ ਉੱਚ ਮੁਕਾਮ ‘ਤੇ ਕਾਮਯਾਬੀਆਂ ਦਾ ਹੋਣਾ ਪੰਜਾਬ ਲਈ ਸ਼ੁਭ ਸਗਨ ਹੈ।