ਮਹਾਰਾਸ਼ਟਰ ਦੇ 6 ਵਾਰ ਦੇ ਡਿਪਟੀ ਸੀਐਮ ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿੱਚ ਮੌਤ

ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਨੂੰ ਪਿਛਲੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਮੌਕੇ, ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸਨਮਾਨਿਤ ਕੀਤੇ ਜਾਣ ਦੀ ਇੱਕ ਯਾਦਗਾਰੀ ਤਸਵੀਰ।

ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਵੱਡੇ ਜਹਾਜ਼ ਹਾਦਸੇ ਵਿੱਚ, ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਹੋ ਗਈ ਹੈ। ਉਪ-ਮੁੱਖ ਮੰਤਰੀ ਅਜੀਤ ਪਵਾਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬਾਰਾਮਤੀ ਜਾ ਰਹੇ ਸਨ ਕਿ ਉਹਨਾਂ ਦਾ ਨਿੱਜੀ ਜਹਾਜ਼ ਸਵੇਰੇ 8:45 ਵਜੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਚਾਰ ਹੋਰ ਲੋਕਾਂ ਦੀ ਵੀ ਜਾਨ ਚਲੀ ਗਈ।

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇਸ ਹਾਦਸੇ ਸਬੰਧੀ ਦੱਸਿਆ ਕਿ, “ਉਪ-ਮੁੱਖ ਮੰਤਰੀ ਅਜੀਤ ਪਵਾਰ, ਦੋ ਹੋਰ ਯਾਤਰੀਆਂ (ਇੱਕ ਪੀਐਸਓ ਅਤੇ ਇੱਕ ਸਹਾਇਕ) ਅਤੇ ਦੋ ਚਾਲਕ ਦਲ ਦੇ ਮੈਂਬਰ (ਪੀਆਈਸੀ+ਐਫਓ) ਦੇ ਨਾਲ ਜਹਾਜ਼ ਵਿੱਚ ਸਵਾਰ ਸਨ ਜਦੋਂ ਇਹ ਬਾਰਾਮਤੀ ਵਿੱਚ ਕਰੈਸ਼ ਲੈਂਡਿੰਗ ਹੋਇਆ। ਇਸ ਹਾਦਸੇ ਵਿੱਚ ਸਵਾਰ ਕੋਈ ਵੀ ਯਾਤਰੀ ਬਚ ਨਹੀਂ ਸਕਿਆ।

ਅਜੀਤ ਪਵਾਰ ਕੱਲ੍ਹ ਮੰਗਲਵਾਰ ਨੂੰ ਮੁੰਬਈ ਵਿੱਚ ਸਨ ਅਤੇ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਦੀ ਪ੍ਰਧਾਨਗੀ ਹੇਠ ਮਹਾਰਾਸ਼ਟਰ ਕੈਬਨਿਟ ਦੀ ਬੁਨਿਆਦੀ ਢਾਂਚਾ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਅਜੀਤ ਪਵਾਰ ਮਹਾਰਾਸ਼ਟਰ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਉਪ-ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਲਗਾਤਾਰ ਛੇ ਵਾਰ ਇਸ ਅਹੁਦੇ ‘ਤੇ ਕੰਮ ਕੀਤਾ। ਉਨ੍ਹਾਂ ਨੇ 1982 ਵਿੱਚ ਇੱਕ ਸਹਿਕਾਰੀ ਖੰਡ ਫੈਕਟਰੀ ਦੇ ਬੋਰਡ ਲਈ ਚੁਣੇ ਜਾਣ ਤੋਂ ਬਾਅਦ ਆਪਣਾ ਰਾਜਨੀਤਿਕ ਕਰੀਅਰ ਸ਼ੁਰੂ ਕੀਤਾ। 1991 ਵਿੱਚ ਉਹ ਪੁਣੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਉਹ ਪਹਿਲੀ ਵਾਰ 1991 ਵਿੱਚ ਬਾਰਾਮਤੀ ਸੰਸਦੀ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ ਸਨ ਅਤੇ ਬਾਅਦ ਵਿੱਚ ਆਪਣੇ ਚਾਚਾ ਸ਼ਰਦ ਪਵਾਰ ਲਈ ਸੀਟ ਖਾਲੀ ਕਰ ਦਿੱਤੀ ਸੀ। ਉਹ ਬਾਰਾਮਤੀ ਵਿਧਾਨ ਸਭਾ ਹਲਕੇ ਤੋਂ ਸੱਤ ਵਾਰ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਪਹਿਲੀ ਵਾਰ 1991 ਦੀ ਉਪ-ਚੋਣ ਜਿੱਤੀ ਅਤੇ ਬਾਅਦ ਵਿੱਚ 1995, 1999, 2004, 2009 ਅਤੇ 2014 ਵਿੱਚ ਜਿੱਤ ਪ੍ਰਾਪਤ ਕੀਤੀ। ਨਵੰਬਰ 2019 ਵਿੱਚ, ਉਹ ਐਨਸੀਪੀ ਦੇ ਇੱਕ ਧੜੇ ਨਾਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਉਪ-ਮੁੱਖ ਮੰਤਰੀ ਬਣੇ ਸਨ।

Related posts

ਦਾ ਹਿੱਲਜ਼ ਵਿੱਚ ਯੀਅਰ ਆਫ਼ ਦਾ ਹੋਰਸ ਦੀ ਧਮਾਕੇਦਾਰ ਸ਼ੁਰੂਆਤ : ਸਭ ਤੋਂ ਵੱਡਾ ਲੂਨਰ ਫੈਸਟੀਵਲ !

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ