ਮੈਲਬੌਰਨ ਸਿਟੀ ਦੇ ਨੇੜੇ ਬ੍ਰੰਜ਼ਵਿਕ ਇਲਾਕੇ ਵਿੱਚ, ਬਾਰਕਲੀ ਸਟ੍ਰੀਟ ‘ਤੇ ਸਥਿਤ ਪਬਲਿਕ ਹਾਊਸਿੰਗ ਟਾਵਰਜ਼ ਨੂੰ ਢਾਹ ਕੇ ਨਵੇਂ ਬਨਾਉਣ ਦੀ ਵਜਾਇ ਉਹਨਾਂ ਦੀ ਮੁਰੰਮਤ ਕਰਨਾ ਜ਼ਿਆਦਾ ਫ਼ਾਇਦੇਮੰਦ ਹੈ। ਮੁਰੰਮਤ ਕੀਤੇ ਜਾਣ ਨਾਲ ਸਮਾਜਕ, ਆਰਥਿਕ ਅਤੇ ਵਾਤਾਵਰਣਿਕ ਤੌਰ ’ਤੇ ਵੱਡੇ ਲਾਭ ਮਿਲ ਸਕਦੇ ਹਨ।
ਇਹ 12 ਮੰਜ਼ਿਲਾਂ ਟਾਵਰਜ਼ 1970 ਦੇ ਸ਼ੁਰੂ ਵਿੱਚ ਬੁਜ਼ੁਰਗ ਇਕੱਲੇ ਲੋਕਾਂ ਅਤੇ ਜੋੜਿਆਂ ਲਈ ਬਣਾਏ ਗਏ ਸਨ। ਇਸ ਸਮੇਂ ਇਸ ਵਿੱਚ 123 ਘਰ ਹਨ। ਵਿਕਟੋਰੀਆ ਸਰਕਾਰ ਦੀ ਯੋਜਨਾ ਹੈ ਕਿ 2051 ਤੱਕ ਸੂਬੇ ਦੇ ਸਾਰੇ ਹੀ 44 ਪਬਲਿਕ ਹਾਊਸਿੰਗ ਟਾਵਰਾਂ ਨੂੰ ਤੋੜ ਕੇ ਨਵੀਂ ਤਰ੍ਹਾਂ ਤਿਆਰ ਕੀਤਾ ਜਾਵੇ, ਪਰ ਇਸ ਰਿਪੋਰਟ ਨੇ ਕਿਹਾ ਹੈ ਕਿ ਹਰ ਟਾਵਰ ਲਈ ਫੈਸਲਾ ਵੱਖ-ਵੱਖ ਤੌਰ ’ਤੇ ਕਰਨਾ ਚਾਹੀਦਾ ਹੈ।
RMIT ਯੂਨੀਵਰਸਿਟੀ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਖੋਜਕਾਰਾਂ ਨੇ ਇਹ ਪਾਇਆ ਹੈ ਕਿ ਬਾਰਕਲੀ ਸਟ੍ਰੀਟ ਵਾਲੇ ਟਾਵਰਜ਼ ਨੂੰ ਤੋੜ ਕੇ ਮੁੜ ਬਨਾਉਣ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੁੰਦਾ ਹੈ ਅਤੇ ਉੱਥੇ ਰਹਿ ਰਹੀ ਪੁਰਾਣੀ ਕਮਿਊਨਿਟੀ ਟੁੱਟ ਸਕਦੀ ਹੈ। ਇਸਦੇ ਉਲਟ, ਜੇ ਟਾਵਰ ਦੀ ਮੁਰੰਮਤ ਕੀਤੀ ਜਾਵੇ ਅਤੇ ਉਸੇ ਜਗ੍ਹਾ ’ਤੇ ਸੋਚ-ਸਮਝ ਕੇ ਕੁੱਝ ਨਵੇਂ ਘਰ ਜੋੜੇ ਜਾਣ, ਤਾਂ ਉਥੇ ਰਹਿ ਰਹੇ ਮੌਜੂਦਾ ਵਸਨੀਕਾਂ ਨੂੰ ਜਲਦੀ ਸੁਧਾਰ ਮਿਲ ਸਕਦਾ ਹੈ। ਇਸ ਤਰੀਕੇ ਨਾਲ ਕਾਰਬਨ ਉਤਸਰਜਨ ਵਿੱਚ ਵੀ ਲਗਭਗ 44.5 ਫ਼ੀਸਦੀ ਤੱਕ ਕਮੀ ਆ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟਾਵਰ ਨੂੰ ਤੋੜ ਕੇ ਨਵੀਂ ਬਣਾਉਣ ਅਤੇ ਮੁਰੰਮਤ ਕਰਨ, ਦੋਹਾਂ ਦੀ ਲਾਗਤ ਲਗਭਗ ਇੱਕੋ ਜਿਹੀ ਹੀ ਹੈ।
ਰਿਪੋਰਟ ਦੀ ਸਹਿ-ਲੇਖਿਕਾ ਅਤੇ ਆਰਐਮਆਈਟੀ ਯੂਨੀਵਰਸਿਟੀ ਦੇ ਸਕੂਲ ਆਫ਼ ਪ੍ਰਾਪਰਟੀ, ਕੰਸਟਰੱਕਸ਼ਨ ਅਤੇ ਪ੍ਰੋਜੈਕਟ ਮੈਨੇਜਮੈਂਟ ਦੀ ਪ੍ਰੋਫੈਸਰ ਕੇਰੀਅਨ ਡੈਕਰ ਨੇ ਕਿਹਾ ਹੈ ਕਿ, “ਪਬਲਿਕ ਹਾਊਸਿੰਗ ਨੂੰ ਨਵਾਂ ਕਰਨ ਲਈ ਤੋੜ-ਫੋੜ ਨੂੰ ਆਪਣੇ ਆਪ ਚੁਣਿਆ ਗਿਆ ਬਦਲ ਨਹੀਂ ਬਨਾਉਣਾ ਚਾਹੀਦਾ। ਬਲਕਿ ਲੋਕਾਂ ਨੂੰ ਜਬਰਨ ਘਰ ਛੱਡਣ ਲਈ ਮਜਬੂਰ ਕਰਨ ਤੋਂ ਪਹਿਲਾਂ ਮੁਰੰਮਤ ਅਤੇ ਹੋਰ ਵਿਕਲਪਾਂ ਦੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਬਾਰਕਲੀ ਸਟ੍ਰੀਟ ਟਾਵਰ ਦੇ 97 ਫ਼ੀਸਦੀ ਵਸਨੀਕਾਂ ਦੀ ਉਮਰ 55 ਸਾਲ ਤੋਂ ਵੱਧ ਹੈ। ਉਨ੍ਹਾਂ ਨੂੰ ਹੋਰ ਥਾਂ ਭੇਜਣਾ ਬੁਜ਼ੁਰਗ ਲੋਕਾਂ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦੇ ਸਹਾਇਤਾ ਨੈੱਟਵਰਕ ਟੁੱਟ ਸਕਦੇ ਹਨ, ਤਣਾਅ ਵੱਧ ਸਕਦਾ ਹੈ ਅਤੇ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।
ਇਸ ਖੋਜ ਲਈ ਆਰਐਮਆਈਟੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਰੀਬ 12 ਵਸਨੀਕਾਂ ਅਤੇ 10 ਮਾਹਿਰਾਂ ਨਾਲ ਗੱਲਬਾਤ ਕੀਤੀ। ਇਹ ਮਾਹਿਰ ਹੋਮਜ਼ ਵਿਕਟੋਰੀਆ, ਹਾਉਸਿੰਗ ਚੋਇਸਜ਼ ਆਸਟ੍ਰੇਲੀਆ, ਮੇਰੀਬੈੱਕ ਸਿਟੀ ਕੌਂਸਲ ਅਤੇ ਹੋਰ ਸੰਸਥਾਵਾਂ ਨਾਲ ਸਬੰਧਿਤ ਸਨ। ਪਹਿਲਾਂ ਕੀਤੇ ਕੰਮ ਅਤੇ ਆਰਕੀਟੈਕਟਸ ਨਾਲ ਮਿਲ ਕੇ ਖੋਜਕਾਰਾਂ ਨੇ ਅਜਿਹੇ ਬਦਲ ਤਿਆਰ ਕੀਤੇ ਜਿਨ੍ਹਾਂ ਵਿੱਚ ਮੌਜੂਦਾ ਟਾਵਰਜ਼ ਨੂੰ ਬਚਾ ਕੇ ਉਹਨਾਂ ਦੀ ਮੁਰੰਮਤ ਕੀਤੀ ਜਾ ਸਕੇ।
ਇਸ ਰਿਪੋਰਟ ਦੇ ਸਹਿ-ਲੇਖਕ ਡਾ. ਬੈਨ ਮਿਲਬੌਰਨ ਨੇ ਕਿਹਾ ਹੈ ਕਿ, “ਵਿਕਟੋਰੀਆ ਦੀਆਂ ਹੋਰ ਪਬਲਿਕ ਹਾਊਸਿੰਗ ਸਾਈਟਾਂ ਲਈ ਅਜਿਹੀ ਵਿਸਥਾਰ ਨਾਲ ਕੀਤੀ ਗਈ ਅਤੇ ਸਭ ਲਈ ਉਪਲਬਧ ਜਾਂਚ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਹਰ ਸਾਈਟ ਲਈ ਫੈਸਲੇ ਕਰਨ ਤੋਂ ਪਹਿਲਾਂ ਇਹੋ ਜਿਹੀ ਜਾਂਚ ਸ਼ੁਰੂਆਤੀ ਕਦਮ ਹੋਣਾ ਚਾਹੀਦਾ ਹੈ। ਰਿਪੋਰਟ ਵਿੱਚ ਇਹ ਵੀ ਸਿਫ਼ਾਰਸ਼ ਕੀਤੀ ਗਈ ਹੈ ਕਿ ਯੋਜਨਾ ਬਣਾਉਣ ਦੀ ਸ਼ੁਰੂਆਤ ਤੋਂ ਹੀ ਵਸਨੀਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ, ਕੰਮ ਹੌਲੀ-ਹੌਲੀ ਪੜਾਅਵਾਰ ਕੀਤਾ ਜਾਵੇ ਅਤੇ ਮੌਸਮੀ ਬਦਲਾਅ ਤੇ ਘੁੰਮਣੀ ਅਰਥਵਿਵਸਥਾ ਦੇ ਟੀਚਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਆਰਐਮਆਈਟੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਵਿਕਟੋਰੀਆ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ, “ਟਾਵਰਾਂ ਨੂੰ ਤੋੜਣ ਦਾ ਅੰਤਿਮ ਫੈਸਲਾ ਕਰਨ ਤੋਂ ਪਹਿਲਾਂ ਹਰ ਸਾਈਟ ਲਈ ਅਲੱਗ-ਅਲੱਗ ਸਬੂਤ ਇਕੱਠੇ ਕਰਕੇ ਉਹਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਲੋਕਾਂ, ਕਮਿਊਨਿਟੀ ਅਤੇ ਵਾਤਾਵਰਣ, ਸਭ ਦਾ ਭਲਾ ਹੋ ਸਕੇ।