ਰਾਜੌਰੀ/ਜੰਮੂ – ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅੱਜ ਵੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ ਤੇ ਹੁਣ ਤੱਕ ਪਾਕਿਸਤਾਨੀ ਅੱਤਵਾਦੀ ਸਣੇ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ। ਫੌਜ ਵੱਲੋਂ ਮਾਰੇ ਇਕ ਅਤਿਵਾਦੀ ਦੀ ਪਛਾਣ ਕੁਆਰੀ ਵਜੋਂ ਹੋਈ ਹੈ, ਜੋ ਪਾਕਿਸਤਾਨੀ ਨਾਗਰਿਕ ਸੀ ਅਤੇ ਉਸ ਨੂੰ ਰਾਜੌਰੀ ਅਤੇ ਪੁਣਛ ਵਿੱਚ ਅੱਤਵਾਦ ਸੁਰਜੀਤ ਕਰਨ ਲਈ ਭੇਜਿਆ ਗਿਆ ਸੀ।
ਫੌਜ ਦੇ ਸੂਤਰਾਂ ਅਨੁਸਾਰ ਮਾਰਿਆ ਗਿਆ ਅੱਤਵਾਦੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ. ਡੀ.) ਬਣਾਉਣ ਵਿੱਚ ਉੱਚ ਸਿਖਲਾਈ ਪ੍ਰਾਪਤ ਸੀ। ਉਸ ਨੂੰ ਪਾਕਿਸਤਾਨ ਅਤੇ ਅਫਗਾਨ ਮੋਰਚਿਆਂ ’ਤੇ ਸਿਖਲਾਈ ਦਿੱਤੀ ਗਈ ਹੈ। ਉਹ ਲਸ਼ਕਰ-ਏ-ਤੋਇਬਾ ਦਾ ਵੱਡਾ ਅਤਿਵਾਦੀ ਨੇਤਾ ਸੀ।ਇਸ ਮੁਕਾਬਲੇ ਵਿੱਚ ਹੁਣ ਤੱਕ ਦੋ ਕੈਪਟਨਾਂ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਚੁੱਕੇ ਹਨ ਅਤੇ ਦੋ ਜ਼ਖਮੀ ਹਨ। ਧਰਮਸਾਲ ਇਲਾਕੇ ਦੇ ਬਾਜੀਮਲ ਇਲਾਕੇ ’ਚ ਰਾਤ ਰੁਕਣ ਤੋਂ ਬਾਅਦ ਅੱਜ ਸਵੇਰੇ ਗੋਲੀਬਾਰੀ ਮੁੜ ਸ਼ੁਰੂ ਹੋ ਗਈ। ਵਾਧੂ ਸੁਰੱਖਿਆ ਬਲਾਂ ਨੂੰ ਸੱਦ ਕੇ ਰਾਤ ਨੂੰ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦਹਿਸ਼ਤਗਰਦ ਇਸ ਖੇਤਰ ਤੋਂ ਭੱਜਣ ਵਿੱਚ ਕਾਮਯਾਬ ਨਾ ਹੋ ਸਕਣ ਕਿਉਂਕਿ ਇਹ ਸੰਘਣਾ ਜੰਗਲੀ ਇਲਾਕਾ ਹੈ।