ਬਿਹਾਰ ਦੇ ਵਿੱਚ ਜਿਸ ਸੋਨ ਪਹਾੜੀ ‘ਤੇ ਸੋਨਾ ਹੋਣ ਦੀ ਅਫਵਾਹ ਉੱਡੀ ਹੈ, ਉਸ ਦੇ ਅਤੀਤ ‘ਚ ਝਾਤੀ ਮਾਰਨਾ ਵੀ ਜ਼ਰੂਰੀ ਹੈ। ਸੋਨਭੱਦਰ ਜ਼ਿਲ੍ਹੇ ‘ਚ ‘ਸੌ ਮਣ ਸੋਨਾ, ਕੋਨਾ ਕੋਨਾ‘ ਦੀ ਕਹਾਵਤ ਬਹੁਤ ਮਸ਼ੂਹਰ ਹੈ। ਇਸ ਕਹਾਵਤ ਦਾ ਸਿੱਧਾ ਸਬੰਧ ਸੋਨ ਪਹਾੜੀ ਤੇ ਅਗੋਰੀ ਕਿਲ੍ਹੇ ਨਾਲ ਹੈ। ਅਗੋਰੀ ਪਿੰਡ ਦੇ ਜੰਗਲ ‘ਚ ਆਦੀਵਾਸੀ ਰਾਜੇ ਬਲਸ਼ਾਹ ਦਾ ‘ਅਗੋਰੀ ਕਿਲ੍ਹਾ‘ ਅੱਜ ਵੀ ਖ਼ਸਤਾ ਹਾਲਤ ‘ਚ ਮੌਜ਼ੂਦ ਹੈ।
ਇੱਥੋਂ ਦੇ ਆਦੀਵਾਸੀਆਂ ਮੁਤਾਬਕ 711 ਈਸਵੀ ‘ਚ ਇੱਥੇ ਰਾਜਾ ਬੱਲਸ਼ਾਹ ਦਾ ਰਾਜ ਸੀ ਜਿਸ ‘ਤੇ ਚੰਦੇਲ ਸ਼ਾਸਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ‘ਚ ਖ਼ੁਦ ਨੂੰ ਹਾਰਦਿਆਂ ਦੇਖ ਰਾਜਾ ਬੱਲਸ਼ਾਹ ਆਪਣੇ ਸੈਨਿਕਾਂ ਸਮੇਤ ਖ਼ਜ਼ਾਨੇ ‘ਚੋਂ ਸੌ ਮਣ (4000 ਕਿਲੋਗ੍ਰਾਮ) ਸੋਨਾ ਲੈ ਕੇ ਗੁਪਤ ਰਸਤੇ ਰਾਹੀਂ ਨਿਕਲ ਗਿਆ। ਉਹ ਕਿਲ੍ਹੇ ਤੋਂ 7 ਕਿਲੋਮੀਟਰ ਰੇਣੂ ਨਦੀ ਨਾਲ ਲੱਗਦੇ ਪਨਾਰੀ ਦੇ ਜੰਗਲਾਂ ‘ਚ ਲੁੱਕ ਗਿਆ। ਇੱਥੇ ਉਸ ਨੇ ਪਹਾੜੀ ਦੇ ਕੋਨੇ ਕੋਨੇ ‘ਚ ਇਹ ਸੋਨਾ ਲੁਕਾ ਦਿੱਤਾ ਤੇ ਖੁਦ ਵੀ ਲੁੱਕ ਗਿਆ।
ਆਦੀਵਾਸੀ ਰਾਜੇ ਬੱਲਸ਼ਾਹ ਦਾ ਓਸ ਕਿਲ੍ਹੇ ‘ਤੇ ਹੁਣ ਚੰਦੇਲਵੰਸ਼ੀ ਰਾਜੇ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਰਾਜਾ ਆਭੂਸ਼ਨ ਬ੍ਰਹਮ ਸ਼ਾਹ ਦਾ ਕਬਜ਼ਾ ਹੈ ਜੋ ਸੋਨਭੱਦਰ ਜਿਲ੍ਹੇ ਦੇ ਰਾਜਪੁਰ ‘ਚ ਰਹਿੰਦੇ ਹਨ। ਉਨ੍ਹਾਂ ਮੁਤਾਬਕ ਖ਼ਜ਼ਾਨੇ ਦੇ ਲਾਲਚ ‘ਚ ਚਰਵਾਹਿਆਂ ਨੇ ਅਗੋਰੀ ਕਿਲ੍ਹੇ ਨੂੰ ਖ਼ੁਰਦ–ਬੁਰਦ ਕਰ ਦਿੱਤਾ ਹੈ ਤੇ ਪੁਰਾਤੱਤਵ ਵਿਭਾਗ ਨੇ ਵੀ ਕਿਲ੍ਹੇ ਨੂੰ ਸੰਭਾਲਨ ਦੀ ਕੋਈ ਜ਼ਰੂਰਤ ਨਹੀਂ ਸਮਝੀ।