ਇੰਡੀਅਨ ਐਕਸ ਸਰਵਿਸਮੈਨ ਇੰਮੀਗ੍ਰੈਂਟ ਐਸੋਸੀਏਸ਼ਨ ਦੇ, ਸਰੋਤਿਆਂ ਨਾਲ ਖਚਾ ਖਚ ਭਰੇ ਹਾਲ ਵਿਚ, ਕੈਲਗਰੀ ਵੂਮੇਨ ਕਲਚਰਲ ਐਸੋਸੀਏਸ਼ਨ ਵਲੋਂ 16 ਜੁਲਾਈ 2022 ਨੂੰ ਪੰਜਾਬੀ ਸਾਹਿਤ ਜਗਤ ਦੀ ਜਾਣੀ–ਪਛਾਣੀ ਬਹੁ–ਪੱਖੀ ਲੇਖਿਕਾ ਅਤੇ ਕਵਿੱਤਰੀ ਗੁਰਦੀਸ਼ ਕੌਰ ਗਰੇਵਾਲ ਵੱਲੋਂ ਰਚਨਾ ਬੱਧ ਦੋ ਪੁਸਤਕਾਂ ‘ਸਾਹਾਂ ਦੀ ਸਰਗਮ’ ਅਤੇ’ ਖੁਸ਼ੀਆਂ ਦੀ ਖੁਸ਼ਬੋਈ’ ਦਾ ਲੋਕ ਅਰਪਣ, ਕੀਤਾ ਗਿਆ- ਜਿਸ ਵਿਚ ਸਾਇੰਸਦਾਨ ਤੇ ਖੋਜੀ ਵਿਦਵਾਨ ਡਾ. ਐਸ. ਐਸ. ਭੱਟੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ[
ਮੰਚ ਸੰਚਾਲਨ ਦੀ ਸੇਵਾ ਸੰਭਾਲਦਿਆਂ, ਸਭਾ ਕੁਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿਣ ਉਪਰੰਤ, ਸਭਾ ਦੀਆਂ ਸਰਗਰਮੀਆਂ, ਸਮਾਗਮ ਦੀ ਰੂਪ ਰੇਖਾ ਤੇ ਲੇਖਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ, ਲੇਖਕ ਤੇ ਸਾਂਝੀ ਵਿਰਾਸਤ ਮੈਗਜ਼ੀਨ ਦੇ ਮੁਖ ਸੰਪਾਦਕ, ਡਾ. ਸੁਰਜੀਤ ਸਿੰਘ ਭੱਟੀ, ਸਭਾ ਦੀ ਉਪ- ਪ੍ਰਧਾਨ ਅਤੇ ਉੱਚ ਕੋਟੀ ਦੀ ਲੇਖਕਾ ਗੁਰਦੀਸ਼ ਕੌਰ ਗਰੇਵਾਲ, ਰਚਨਾਵਾਂ ਦੇ ਮੁਲੰਕਣ ਵਿਚ ਮਾਹਿਰ ਡਾ. ਸਰਬਜੀਤ ਜਵੰਦਾ ਅਤੇ ਕੈਲਗਰੀ ਦੇ ਚਰਚਿਤ ਸਮੀਖਿਆਕਾਰ ਸ.ਜਗਦੇਵ ਸਿੰਘ ਸਿੱਧੂ ਸ਼ੁਸ਼ੋਬਿਤ ਹੋਏ। ਮੀਟਿੰਗ ਦਾ ਆਗਾਜ਼ ਬੁਲੰਦ ਆਵਾਜ਼ ਦੇ ਮਾਲਕ ਤਰਲੋਚਨ ਸੈਂਭੀ ਵੱਲੋਂ ਗੁਰਦੀਸ਼ ਗਰੇਵਾਲ ਦੁਆਰਾ ਲਿਖਿਆ ਧਾਰਮਿਕ ਗੀਤ (ਤੱਤੀ ਤਵੀ ਉਤੇ ਬੈਠਾ ਅਰਸ਼ਾਂ ਦਾ ਨੂਰ ਏ ) ਗਾ ਕੇ ਕੀਤਾ ਗਿਆ। ਕੈਲਗਰੀ ਵੂਮੇਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਵੱਲੋਂ, ਲੇਖਿਕਾ ਦੇ ਨਿਬੰਧ ਸੰਗ੍ਰਹਿ – ‘ਖੁਸ਼ੀਆਂ ਦੀ ਖੁਸ਼ਬੋਈ’ ਸੰਬੰਧੀ ਕਲਮਬੱਧ ਕੀਤੇ ਵਿਚਾਰ, ਉਨ੍ਹਾਂ ਦੀ ਗੈਰਹਾਜ਼ਰੀ ਕਾਰਨ, ਸਭਾ ਸਕੱਤਰ ਸੁਖਜੀਤ ਸਿਮਰਨ ਵੱਲੋਂ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ।
ਤਾੜੀਆਂ ਦੀ ਗੂੰਜ ਵਿਚ, ਮੁੱਖ ਮਹਿਮਾਨ ਵਲੋਂ- ਪ੍ਰਧਾਨਗੀ ਮੰਡਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ, ਦੋਹਾਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸੁਖਵਿੰਦਰ ਤੂਰ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਲੇਖਿਕਾ ਦੀ ਗਜ਼ਲ ( ਮਹਿਕਾਂ ਵੰਡ ਰਹੇ ਨੇ ਜੋ..) ਗਾ ਕੇ ਮਹਿਕਾਂ ਖਿਲਾਰ ਦਿੱਤੀਆਂ। ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਭੱਟੀ ਨੇ ਲੋਕ ਅਰਪਣ ਕੀਤੀਆਂ ਪੁਸਤਕਾਂ ਅਤੇ ਲੇਖਣੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ, ਇਹਨਾਂ ਦੀਆਂ ਗਜ਼ਲਾਂ ਨੂੰ ‘ਮੋਤੀਆਂ ਦੀ ਮਾਲਾ’ ਅਤੇ ਨਿਬੰਧਾਂ ਨੂੰ ‘ ਫੁੱਲਾਂ ਦਾ ਗੁਲਦਸਤਾ ‘ ਕਹਿ ਕੇ ਵਡਿਆਇਆ | ਉਹਨਾਂ ਗੁਰਦੀਸ਼ ਕੌਰ ਵਲੋਂ, ਈ ਦੀਵਾਨ ਸੁਸਾਇਟੀ ਤੇ ‘ਸਾਂਝੀ ਵਿਰਾਸਤ ‘ ਮੈਗਜ਼ੀਨ ਵਿਚ ਨਿਭਾਏ ਜਾਂਦੇ ਰੋਲ ਦੀ ਵੀ ਸ਼ਲਾਘਾ ਕੀਤੀ ਅਤੇ ਕਿਤਾਬਾਂ ਨੂੰ ਇੱਕ ਅਣਮੁੱਲੀ ਜਾਇਦਾਦ ਦੱਸਦਿਆਂ ਹੋਇਆਂ, ਸਭ ਨੂੰ ਕਿਤਾਬਾਂ ਖਰੀਦ ਕੇ ਪੜ੍ਹਨ ਦਾ ਸੁਝਾਅ ਦਿੱਤਾ।
ਮੈਂ ਸਿਖਿਆ ਜਿੰਦਗੀ ਕੋਲੋਂ, ਨਾਂ ਮੈ ਵਿਦਵਾਨ ਹਾਂ ਕੋਈ,
ਤੁਹਾਡੇ ਦੁੱਖ ਤੇ ਸੁੱਖ ਨੂੰ ਹੀ, ਲਿਖਤਾਂ ਵਿਚ ਪਰੋਂਦੀ ਹਾਂ |
ਲਿਖੇ ਇਹ ਸ਼ਬਦ ਜੋ ਮੇਰੇ, ਕਰਨ ਰੌਸ਼ਨ ਕੋਈ ਵਿਹੜਾ,
ਖੁਦਾ ਤੋਂ ਹਿੰਮਤ ਮੰਗਦੀ ਹਾਂ, ਤੁਹਾਡੀ ਅਸੀਸ ਚਾਹੁੰਦੀ ਹਾਂ |
ਸਮਾਗਮ ਦੇ ਅੰਤ ਵਿੱਚ ਮੇਜ਼ਬਾਨ ਸੰਸਥਾ ਦੀਆਂ ਮੈਂਬਰ- ਅਮਰਜੀਤ ਵਿਰਦੀ ਤੇ ਹਰਦੇਵ ਬਰਾੜ ਵੱਲੋਂ, ਲੇਖਿਕਾ ਦਾ ਹੀ ਲਿਖਿਆ ਤੀਆਂ ਦਾ ਗੀਤ (ਆਇਆ ਸਾਉਣ ਦਾ ਮਹੀਨਾ..) ਸੁਰੀਲੀ ਅਵਾਜ਼ ਵਿਚ ,ਗਾ ਕੇ ਸਾਉਣ ਮਹੀਨੇ ਦਾ ਸੁਆਗਤ ਕੀਤਾ। ਲੇਖਿਕਾ ਨੇ ਆਪਣੀਆਂ ਦੋਵੇਂ ਪੁਸਤਕਾਂ ਮੁੱਖ ਮਹਿਮਾਨ ਨੂੰ ਤੇ ਐਕਸ ਸਰਵਿਸਮੈਨ ਦੀ ਲਾਇਬ੍ਰੇਰੀ ਨੂੰ ਭੇਟ ਕੀਤੀਆਂ | ਸਮਾਪਤੀ ਤੇ, ਗੁਰਚਰਨ ਥਿੰਦ ਨੇ, ਸਭਾ ਮੈਂਬਰਾਂ ਅਤੇ ਹਾਜਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਲਗਰੀ ਦੀਆਂ ਸਾਹਿਤਕ ਸਭਾਵਾਂ – ਸਾਹਿਤ ਸਭਾ ਕੈਲਗਰੀ, ਪੰਜਾਬੀ ਲਿਖਾਰੀ ਸਭਾ, ਰਾਈਟਰਜ਼ ਫੋਰਮ, ਅਰਪਨ ਲਿਖਾਰੀ ਸਭਾ, ਸ਼ਬਦ ਸਾਂਝ, ਪ੍ਰੋਗ੍ਰੇਸਿਵ ਫੋਰਮ ਤੋਂ ਇਲਾਵਾ- ਸ਼ਹਿਰ ਦੀਆਂ ਪ੍ਰਮੁਖ ਸੋਸ਼ਲ, ਕਲਚਰਲ, ਐਕਸ ਸਰਵਿਸਮੈਨ, ਈ ਦੀਵਾਨ ਸੁਸਾਇਟੀ ਤੇ ਸੀਨੀਅਰਜ਼ ਦੀਆਂ ਸੰਸਥਾਵਾਂ ਤੋਂ ਵੀ ਪ੍ਰਧਾਨ, ਸਕੱਤਰ, ਮੈਂਬਰ ਅਤੇ ਗੁਰਦੀਸ਼ ਕੌਰ ਦੇ ਪਾਠਕ ਵੀ ਬਹੁ ਗਿਣਤੀ ਵਿਚ ਸ਼ਾਮਲ ਹੋਏ | ਜਿਹਨਾਂ ਵਿਚੋਂ- ਸੱਤਪਾਲ ਕੌਸ਼ਲ, ਜਸਵੀਰ ਸਿੰਘ ਸਹੋਤਾ, ਜਰਨੈਲ ਤੱਗੜ, ਬਿੱਕਰ ਸਿੰਘ ਸੰਧੂ, ਸੁਰਿੰਦਰ ਪਲਾਹਾ, ਸੁਰਿੰਦਰ ਗੀਤ, ਬਲਵੀਰ ਗੋਰਾ, ਗੁਰਲਾਲ ਰੁਪਾਲੋਂ, ਮੰਗਲ ਚੱਠਾ, ਤਰਲੋਚਨ ਸੈਭੀ, ਜਸਵੰਤ ਸਿੰਘ ਸੇਖੋਂ, ਗੁਰਬਚਨ ਸਿੰਘ ਸਰਵਾਰਾ, ਮੋਹਿੰਦਰ ਸਿੰਘ ਮੁੰਡੀ, ਗੁਰਮੇਲ ਸੰਧੂ, ਦਲਬੀਰ ਕੌਰ ਕੰਗ, ਮੋਹਿੰਦਰ ਸਿੰਘ ਦਿਓਲ ਤੇ ਕੁਲਦੀਪ ਸਿੰਘ, ਹਰਮੇਲ ਗਿੱਲ ਤੇ ਨਰਿੰਦਰ ਕੌਰ ਗਿੱਲ, ਡਾ. ਬਲਰਾਜ ਸਿੰਘ, ਡਾ. ਪੂਨਮ, ਨਰਿੰਦਰ ਕੌਰ ਭੱਟੀ ਤੇ ਜਗਬੀਰ ਸਿੰਘ ਦੇ ਨਾਮ, ਵਿਸ਼ੇਸ਼ ਵਰਣਨ ਯੋਗ ਹਨ। ਪੰਜਾਬੀ ਮੀਡੀਆ ਤੋਂ ਜਾਣੀਆਂ ਮਾਣੀਆਂ ਹਸਤੀਆ- ਹਰਬੰਸ ਬੁੱਟਰ (ਪੰਜਾਬੀ ਅਖਬਾਰ ਤੇ ਚੈਨਲ ਪੰਜਾਬੀ ), ਰਿਸ਼ੀ ਨਾਗਰ (ਰੈਡ ਐਫ ਐਮ ਰੇਡੀਓ ) ਅਤੇ ਭੁਪਿੰਦਰ ਸਿੰਘ ਭਾਗੋਮਾਜਰਾ (ਸ਼ਿਵਾਲਕ ਟੀ ਵੀ ਚੈਨਲ ), ਉਚੇਚੇ ਤੌਰ ਤੇ ਹਾਜਰ ਸਨ। ਢਾਈ ਘੰਟੇ ਚਲਿਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ- ਕਿਉਂਕਿ ਗੀਤ, ਗਜ਼ਲਾਂ ਨੇ ਪ੍ਰੋਗਰਾਮ ਦੀ ਰੌਚਿਕਤਾ ਨੂੰ ਬਰਕਰਾਰ ਰੱਖਿਆ |
ਰਿਪੋਰਟ ਕਰਤਾ: ਸੁਖਜੀਤ ਸਿਮਰਨ, ਸਭਾ ਸਕੱਤਰ