ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) 2021 ਪ੍ਰੀਖਿਆ ਦਾ ਨਤੀਜਾ 30 ਮਈ ਨੂੰ ਘੋਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਸ਼ਰੁਤੀ ਸ਼ਰਮਾ ਨੇ ਦੇਸ਼ ਭਰ ਵਿੱਚੋਂ ਪਹਿਲਾ, ਅੰਕਿਤਾ ਅਗਰਵਾਲ ਦੂਜਾ, ਗਾਮਿਨੀ ਸਿੰਗਲਾ ਤੀਜਾ, ਐਸ਼ਵਰਿਆ ਵਰਮਾ ਨੇ ਚੌਥਾ ਅਤੇ ਉਤਕਾਰਸ਼ ਦਿਵੇਦੀ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ । ਇਸ ਵਾਰ ਪ੍ਰੀਖਿਆ ਦੇ ਨਤੀਜੇ ਵਿੱਚ ਮੁਸਲਮਾਨ ਉਮੀਦਵਾਰਾਂ ਦੀ ਨੁਮਾਇੰਦਗੀ ਪਿਛਲੇ 12 ਸਾਲਾਂ ਦੀ ਤੁਲਨਾ ਵਿੱਚ ਸਭ ਤੋਂ ਖਰਾਬ ਰਿਹਾ । ਸੰਘ ਲੋਕ ਸੇਵਾ ਕਮਿਸ਼ਨ ਦੁਆਰਾ ਜਾਰੀ ਪ੍ਰੀਖਿਆ ਨਤੀਜੇ ਵਿੱਚ 685 ਉਮੀਦਵਾਰਾਂ ਵਿੱਚੋਂ ਸਿਰਫ 23 (3.35%) ਹੀ ਮੁਸਲਿਮ ਉਮੀਦਵਾਰਾਂ ਨੇ ਸਫਲਤਾ ਪਾਈ ਹੈ ਅਤੇ ਇਸ ਵਾਰ ਟਾਪ 100 ਸੂਚੀ ਵਿੱਚ ਕੋਈ ਵੀ ਮੁਸਲਿਮ ਉਮੀਦਵਾਰ ਆਪਣਾ ਸਥਾਨ ਨਹੀਂ ਬਣਾ ਸਕਿਆ । ਯੂਪੀਐਸਸੀ 2021 ਪ੍ਰੀਖਿਆ ਦੇ ਨਤੀਜੇ ‘ਚ ਸਫਲ ਉਮੀਦਵਾਰਾਂ ਦੀ ਸੂਚੀ ‘ਚ ਅਰੀਬਾ ਨੋਮਾਨ ਨੇ 109 ਰੈਂਕ, ਮੁਹੰਮਦ ਸੁਬੂਰ ਖਾਨ 125, ਸੈਯਦ ਮੁਸਤਫਾ ਹਾਸ਼ਮੀ 162, ਅਫਨਾਨ ਅਬਦੁ ਸਮਦ 274, ਅਰਸ਼ਦ ਮੁਹੰਮਦ 276, ਮੁਹੰਮਦ ਸਾਕਿਬ ਆਲਮ 279, ਅਸਰਾਰ ਅਹਿਮਦ ਕਿਚਲੂ 287, ਮੁਹੰਮਦ ਅਬਦੁਲ ਰਾਉਫ ਸ਼ੇਖ 309, ਨਾਜਿਸ਼ ਉਮਰ ਅੰਸਾਰੀ 344, ਫੈਸਲ ਖਾਨ 364, ਸੁਮਾਇਲਾ ਚੌਧਰੀ 368, ਮਹਵਿਸ਼ ਤਾਕ 386, ਮੁਹੰੰਮਦ ਕਮਰੁਦੀਨ ਖਾਨ 414, ਮੁਹੰਮਦ ਸ਼ਬੀਰ 419, ਫੈਸਲ ਰਜ਼ਾ 441, ਮਾਸੂਮ ਰਜ਼ਾ ਖਾਨ 457, ਆਸਿਫ ਏ 464, ਮੁਸਕਾਨ ਡਾਗਰ 474, ਤਹਿਸੀਨ ਬਾਨੋ ਦਵਾਦੀ 482, ਸ਼ੇਖ ਮੁਹੰਮਦ ਜੈਬ ਜਾਕਿਰ 496, ਮੁਹੰਮਦ ਸਿੱਦੀਕ ਸ਼ਰੀਫ 516, ਮੁਹੰਮਦ ਸ਼ੌਕ ਅਜੀਮ 545, ਅਨਵਰ ਹੁਸੈਨ 600 ਰੈਂਕ ਹਾਸਲ ਕੀਤਾ ਹੈ । ਦੇਸ਼ ਵਿਦੇਸ਼ ਵਿੱਚ ਵਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਸਫਲ ਹੋਏ ਉਮੀਦਵਾਰਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆ ਹਨ ।
ਦੂਜੇ ਪਾਸੇ ਸਿੱਖਿਆ ਦੇ ਖੇਤਰ ‘ਚ ਪੱਛੜ ਰਿਹਾ ਮੁਸਲਿਮ ਵਰਗ ਬੇਹੱਦ ਚਿੰਤਾ ਦਾ ਵਿਸ਼ਾ ਹੈ ਇਸ ‘ਤੇ ਚਿੰਤਨ ਕਰਨਾ ਸਮਾਜ ਦੇ ਬੁੱਧੀਜੀਵੀ ਵਰਗ ਦੀ ਨੈਤਿਕ ਜ਼ਿੰਮੇਦਾਰੀ ਬਣਦੀ ਹੈ ਕਿਉਂਕਿ ਮੁਸਲਿਮ ਉਮੀਦਵਾਰਾਂ ਦੀ ਹਾਲਤ ਯੂਪੀਐਸਸੀ ਪ੍ਰੀਖਿਆ ਵਿੱਚ ਦਿਨ ਬ ਦਿਨ ਪਤਲੀ ਹੁੰਦੀ ਜਾ ਰਹੀ ਹੈ । ਵਰਨਣਯੋਗ ਹੈ ਕਿ 2020 ਵਿੱਚ ਯੂਪੀਐਸਸੀ ਪ੍ਰੀਖਿਆ ਵਿੱਚ 761 ਉਮੀਦਵਾਰ ਸਫਲ ਹੋਏ ਜਿਸ ਵਿੱਚੋਂ 31 ਮੁਸਲਿਮ ਉਮੀਦਵਾਰ ਸਫਲ ਹੋਏ ਜੋ ਕਿ 4.07% ਬਣਦਾ ਹੈ, 2019 ਵਿੱਚ 829 ਉਮੀਦਵਾਰ ਸਫਲ ਹੋਏ ਜਿਸ ਵਿੱਚ 44 ਮੁਸਲਿਮ ਉਮੀਦਵਾਰ ਸਨ ਜੋ ਕਿ 5.3% ਬਣਦਾ ਹੈ । ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਬੇਹੱਦ ਮਾੜਾ ਨਤੀਜਾ ਆਉਣਾ ਮੁਸਲਿਮ ਵਰਗ ਲਈ ਆਤਮ ਚਿੰਤਨ ਦਾ ਵਿਸ਼ਾ ਹੈ । ਉਕਤ ਅੰਕੜੇ ਸਮੁੱਚੇ ਭਾਰਤ ਦੇ ਹਨ ਪਰੰਤੂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਥਿਤੀ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ । 2021 ਦੇ ਯੂਪੀਐਸਸੀ ਨਤੀਜੇ ‘ਚ ਪੰਜਾਬ ਦੇ ਸੁਨਾਮ ਦੀ ਰਹਿਣ ਵਾਲੀ ਗਾਮਿਨੀ ਸਿੰਗਲਾ ਨੇ ਦੇਸ਼ ਭਰ ਵਿੱਚੋਂ ਤੀਸਰਾ ਰੈਂਕ ਪ੍ਰਾਪਤ ਕਰਕੇ ਆਪਣੇ ਸੂਬੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਗੁਰਦਾਸਪੁਰ ਦੇ ਹਰਕੀਰਤ ਸਿੰਘ ਨੇ 10, ਸ੍ਰੀ ਮੁਕਤਸਰ ਸਾਹਿਬ ਦੇ ਜਸਵਿੰਦਰ ਸਿੰਘ ਭੁੱਲਰ ਨੇ 33, ਸੁਰਭੀ ਸਿੰਗਲਾ ਫਗਵਾੜਾ ਨੇ 75, ਫਰੀਦਕੋਟ ਦੇ ਨਿਖਿਲ ਮਹਾਜਨ ਨੇ 80, ਲੁਧਿਆਣਾ ਦੇ ਲਵਿਸ਼ ਗਰਗ ਨੇ 184 ਅਤੇ ਨਵਕਿਰਣ ਨੇ 582 ਰੈਂਕ ਹਾਸਲ ਕਰਕੇ ਆਪਣੇ ਸੂਬੇ, ਸ਼ਹਿਰ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਦਹਾਕਿਆਂ ਤੋਂ ਕੋਈ ਮੁਸਲਿਮ ਉਮੀਦਵਾਰ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਸਫਲ ਨਹੀਂ ਹੋ ਸਕਿਆ, ਐਕਸ ਸਰਵਿਸਮੈਨ ਕੋਟੇ ‘ਚ ਪੀਸੀਐਸ ਭਰਤੀ ਹੋ ਕੇ ਜਰੂਰ ਸੇਵਾ ਨਿਭਾ ਰਹੇ ਹਨ । ਮੇਰੇ ਨਜ਼ਰੀਏ ਮੁਤਾਬਿਕ ਯੂਪੀਐਸਸੀ ਸਮੇਤ ਉੱਚ ਪੱਧਰੀ ਪ੍ਰੀਖਿਆਵਾਂ ਵਿੱਚ ਮੁਸਲਿਮ ਉਮੀਦਵਾਰਾਂ ਦਾ ਸਫਲ ਨਾ ਹੋਣ ਦਾ ਵੱਡਾ ਕਾਰਣ ਹੈ ਕਿ ਜੋ ਵੀ ਮੁਸਲਿਮ ਉਮੀਦਵਾਰ ਪਹਿਲੇ ਸਮੇਂ ‘ਚ ਯੂਪੀਐਸਸੀ, ਪੀਸੀਐਸ ਦੀਆਂ ਪ੍ਰੀਖਿਆਵਾਂ ਵਿੱਚ ਸਫਲ ਹੋਏ ਉਨ੍ਹਾਂ ਨੇ ਆਪਣੇ ਸਮਾਜ ਅਤੇ ਲੋਕਾਂ ਦੀ ਪੜ੍ਹਾਈ ਅਤੇ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਕੈਰੀਅਰ ਸਬੰਧੀ ਗਾਈਡ ਨਹੀਂ ਕੀਤਾ ਸਗੋਂ ਆਪਣਾ ਨਿੱਜੀ ਜੀਵਨ ਆਰਾਮਦਾਇਕ ਬਣਾ ਲਿਆ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣਾ ਸ਼ਾਇਦ ਭੁੱਲ ਗਏ । ਪੰਜਾਬ ਦੇ ਇਕਲੌਤੇ ਮੁਸਲਿਮ ਬਹੁਗਿਣਤੀ ਸ਼ਹਿਰ ਮਲੇਰਕੋਟਲਾ ‘ਚ ਪਿਛਲੇ 20 ਸਾਲ ਤੋਂ ਸੱਤਾ ਸਿੱਧੇ ਜਾਂ ਅਸਿੱਧੇ ਤੌਰ ਤੇ ਪੰਜਾਬ ਪੁਲਿਸ ਦੇ ਸੀਨੀਅਰ ਆਈ.ਪੀ.ਐਸ. ਅਫਸਰਾਂ ਦੇ ਹੱਥ ਵਿੱਚ ਰਹੀ ਪਰੰਤੂ ਉਨ੍ਹਾਂ ਨੇ ਵੀ ਇਸ ਦਿਸ਼ਾ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਇਸੇ ਲਈ ਪਿਛਲੇ 20 ਸਾਲ ਵਿੱਚ ਮਲੇਰਕੋਟਲਾ ਵਿੱਚੋਂ ਇੱਕ ਵੀ ਉਮੀਦਵਾਰ ਯੂਪੀਐਸਸੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕਿਆ । ਇਸ ਦੀ ਮਿਸਾਲ ਧੂਰੀ ਦੀ ਰਹਿਣ ਵਾਲੀ ਰਵੀਨਾ ਨੇ ਪੇਸ਼ ਕੀਤੀ ਜੋ ਇੱਕ ਬਹੁਤ ਹੀ ਗਰੀਬ ਪਰਿਵਾਰ ‘ਚੋਂ ਨਿਕਲ ਕੇ ਅੱਜਕੱਲ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ ਅਤੇ ਉਸ ਦਾ ਸੁਪਨਾ ਹੈ ਕਿ ਆਪਣੇ ਲੋਕਾਂ ਅਤੇ ਸਮਾਜ ਦੇ ਸੁਧਾਰ ਲਈ ਆਪਣਾ ਕੰਮ ਕਰੇਗੀ, ਦੂਜੇ ਯੂਪੀ ਦੇ ਕੁੰਦਰਕੀ ਪਿੰਡ ਦੀ ਰਹਿਣ ਵਾਲੀ ਕਿਸਾਨ ਪਰਿਵਾਰ ਦੀ ਧੀ ਇਲਮਾ ਅਫਰੋਜ਼ (ਆਈ.ਪੀ.ਐਸ.) ਜਿਸਨੇ ਅਮਰੀਕਾ ਤੋਂ ਪੜਾਈ ਕੀਤੀ ਅਤੇ ਵੱਡੀਆਂ ਨੌਕਰੀਆਂ ਅਤੇ ਆਫਰਾਂ ਛੱਡ ਕੇ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਲਈ ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਆਈ.ਪੀ.ਐਸ. ਬਣੀ ਅਤੇ ਆਪਣੇ ਲੋਕਾਂ ਦੇ ਜੀਵਨ ਪੱਧਰ ਅਤੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਜੇਕਰ ਇਹ ਵੀ ਆਪਣੀ ਜ਼ਿੰਦਗੀ ਐਸੋ-ਆਰਾਮ ਨਾਲ ਗੁਜਾਰਣਾ ਚਾਹੁੰਦੇ ਤਾਂ ਅਮਰੀਕਾ ਵਿੱਚ ਸੈਟਲ ਹੋ ਸਕਦੇ ਸਨ ਪਰੰਤੂ ਉਨ੍ਹਾਂ ਨੇ ਆਪਣੇ ਨਿੱਜ ਨੂੰ ਛੱਡਕੇ ਆਪਣੇ ਸਮਾਜ ਦਾ ਭਲਾ ਚੁਣਿਆ ਹੈ । ਦੁਨੀਆ ਵਿੱਚ ਹਮੇਸ਼ਾ ਉਸ ਇਨਸਾਨ ਨੂੰ ਹੀ ਯਾਦ ਕੀਤਾ ਜਾਂਦਾ ਹੈ ਜੋ ਆਪਣੇ ਨਿੱਜ ਨੂੰ ਛੱਡਕੇ ਸਮਾਜ, ਸੂਬੇ ਅਤੇ ਦੇਸ਼ ਲਈ ਆਪਣਾ ਯੋਗਦਾਨ ਪਾਉਂਦੇ ਹਨ । ਸਮਾਜ ਦੇ ਪੜ੍ਹੇਲਿਖੇ ਲੋਕਾਂ, ਬੁੱਧੀਜੀਵੀ ਵਰਗ, ਪ੍ਰਿੰਸੀਪਲ, ਪ੍ਰੋਫੈਸਰ, ਅਧਿਆਪਕ, ਕੋਚਿੰਗ ਸੈਂਟਰਾਂ ਅਤੇ ਧੜਾਧੜ ਖੁੱਲ ਰਹੇ ਆਈਲਟਸ ਸੈਂਟਰਾਂ ਦੇ ਜ਼ਿੰਮੇਦਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਮੁਸਲਿਮ ਵਰਗ ਦੇ ਬੱਚੇ ਵੀ ਅਜੋਕੀਆਂ ਉੱਚ ਪੱਧਰੀ ਪ੍ਰੀਖਿਆਵਾਂ ਵਿੱਚ ਸਫਲ ਹੋ ਕੇ ਦੇਸ਼ ਦੀ ਸੇਵਾ ਕਰ ਸਕਣ ਅਤੇ ਆਪਣੇ ਸਮੁਦਾਇ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਸਕਣ ।