ਵਿਕਟੋਰੀਆ ਸਰਕਾਰ ਕਿਰਾਏਦਾਰਾਂ ਲਈ ਨਵੀਆਂ ਅਤੇ ਵਧੀਆ ਸਹਾਇਤਾ ਸੇਵਾਵਾਂ ਸ਼ੁਰੂ ਕਰ ਰਹੀ ਹੈ ਤਾਂ ਜੋ ਉਹ ਆਪਣੇ ਹੱਕਾਂ ਨੂੰ ਆਸਾਨੀ ਨਾਲ ਸਮਝ ਸਕਣ। ਨਵੇਂ ਵਿਕਟੋਰੀਅਨ ਰੈਂਟਰ ਰਾਈਟਸ ਪ੍ਰੋਗਰਾਮ ਦੇ ਤਹਿਤ ਕਿਰਾਏਦਾਰਾਂ ਨੂੰ ਹੁਣ ਵਕਾਲਤ ਅਤੇ ਸਲਾਹ ਤੱਕ ਹੋਰ ਵਧੀਆ ਪਹੁੰਚ ਮਿਲੇਗੀ।
ਵਿਕਟੋਰੀਆ ਦੇ ਕੰਜਿਊਮਰ ਅਫ਼ੇਅਰਜ਼ ਅਤੇ ਲੋਕਲ ਗੌਰਮਿੰਟ ਮਨਿਸਟਰ ਨਿੱਕ ਸਟੇਕੋਸ ਨੇ ਵਿਕਟੋਰੀਅਨ ਰੈਂਟਰ ਰਾਈਟਸ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਹੈ ਕਿ, “ਵਿਕਟੋਰੀਆ ਵਿੱਚ ਕਿਰਾਏਦਾਰਾਂ ਲਈ ਕਈ ਨਵੇਂ ਕਾਨੂੰਨ ਬਣਾਏ ਗਏ ਹਨ। ਇਹ ਸੇਵਾਵਾਂ ਲੋਕਾਂ ਨੂੰ ਆਪਣੇ ਹੱਕ ਸਮਝਣ ਅਤੇ ਸਹੀ ਮਦਦ ਲੈਣ ਵਿੱਚ ਮਦਦ ਕਰਨਗੀਆਂ। ਇਸ ਪ੍ਰੋਗਰਾਮ ਰਾਹੀਂ ਕਿਰਾਏਦਾਰਾਂ ਨੂੰ ਸਲਾਹ, ਮਦਦ ਅਤੇ ਕਾਨੂੰਨੀ ਸਹਾਇਤਾ ਮਿਲੇਗੀ, ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ ਅਤੇ ਉਹਨਾਂ ਲਈ ਜੋ ਪੈਸਿਆਂ ਦੀ ਤੰਗੀ ਨਾਲ ਜੂਝ ਰਹੇ ਹਨ। ਅਸੀਂ ਜਾਣਦੇ ਹਾਂ ਕਿ ਜੀਵਨ ਦਾ ਖ਼ਰਚ ਵਧ ਰਿਹਾ ਹੈ ਅਤੇ ਇਹ ਸਰਕਾਰ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਰਹੇਗੀ। ਇਸ ਪ੍ਰੋਗਰਾਮ ਲਈ ਸਰਕਾਰ ਅਗਲੇ ਪੰਜ ਸਾਲਾਂ ਵਿੱਚ 98 ਮਿਲੀਅਨ ਡਾਲਰ ਖਰਚੇਗੀ। ਇਸ ਨਾਲ ਹਰ ਸਾਲ ਮੱਦਦ ਲੈਣ ਵਾਲੇ ਕਿਰਾਏਦਾਰਾਂ ਦੀ ਗਿਣਤੀ ਲਗਭਗ ਦੋਗੁਣੀ ਹੋ ਕੇ 25,500 ਤੱਕ ਪਹੁੰਚ ਜਾਵੇਗੀ।”
ਇਸ ਪ੍ਰੋਗਰਾਮ ਹੇਠ ਇਹ ਨਵੀਆਂ ਸੇਵਾਵਾਂ ਮਿਲਣਗੀਆਂ:
-
ਰੈਂਟਰ ਰਾਈਟਸ ਸਰਵਿਸ, ਜੋ ਸੂਬੇ ਭਰ ਵਿੱਚ ਕਿਰਾਇਦਾਰਾਂ ਲਈ ਸਥਾਨਕ ਪੱਧਰ ’ਤੇ ਸਲਾਹ, ਸਹਾਇਤਾ ਅਤੇ ਵਕਾਲਤ ਮੁਹੱਈਆ ਕਰਵਾਏਗੀ।
-
ਓਲਡਰ ਪਰਸਨਜ਼ ਹਾਊਸਿੰਗ ਰਾਈਟਸ ਸਰਵਿਸ, ਜੋ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਵਿਕਟੋਰੀਆ ਵਾਸੀਆਂ ਲਈ ਇਕ ਨਵੀਂ ਅਤੇ ਇਕੱਠੀ ਸਹਾਇਤਾ ਸੇਵਾ ਹੈ ਜੋ ਨਿੱਜੀ ਕਿਰਾਏ ਦੇ ਘਰਾਂ, ਰਿਹਾਇਸ਼ੀ ਪਾਰਕਾਂ ਜਾਂ ਰਿਟਾਇਰਮੈਂਟ ਲਿਵਿੰਗ ਵਿੱਚ ਰਹਿੰਦੇ ਹਨ।
-
ਵਿਕਟੋਰੀਅਨ ਰੈਂਟਰ ਹੈਲਪਲਾਈਨ, ਇੱਕ ਨਵੀਂ ਅਤੇ ਆਸਾਨ ਕੇਂਦਰੀ ਫ਼ੋਨ ਲਾਈਨ ਅਤੇ ਵੈੱਬਸਾਈਟ, ਜੋ ਕਿਰਾਏਦਾਰਾਂ ਦੀ ਨਿੱਜੀ ਸਥਿਤੀ ਅਨੁਸਾਰ ਸਲਾਹ ਅਤੇ ਸਹਾਇਤਾ ਪ੍ਰਦਾਨ ਕਰੇਗੀ ਅਤੇ ਹੋਰ ਸੇਵਾਵਾਂ ਵੱਲ ਰਿਫ਼ਰਲ ਵੀ ਸੰਭਾਲੇਗੀ।
-
ਰੈਂਟਰ ਸੈਂਟਰਲ ਸਰਵਿਸ, ਜੋ ਫਰੰਟਲਾਈਨ ਕਰਮਚਾਰੀਆਂ ਨੂੰ ਸਲਾਹ ਸੇਵਾਵਾਂ, ਕਮਿਊਨਿਟੀ ਆਉਟਰੀਚ, ਪੇਸ਼ੇਵਰ ਵਿਕਾਸ, ਜਟਿਲ ਮਾਮਲਿਆਂ ਲਈ ਕਾਨੂੰਨੀ ਸਹਾਇਤਾ ਅਤੇ ਬਹੁ-ਸੰਸਕ੍ਰਿਤਕ ਕਮਿਊਨਿਟੀਆਂ ਲਈ ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕਰੇਗੀ।
ਇਹ ਨਵਾਂ ਪ੍ਰੋਗਰਾਮ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਹੋਵੇਗਾ ਅਤੇ ਪੁਰਾਣੀਆਂ ਕਿਰਾਇਆ ਸਹਾਇਤਾ ਸਕੀਮਾਂ ਦੀ ਥਾਂ ਲਏਗਾ। ਸਰਕਾਰ ਵਿੱਤੀ ਸਲਾਹ ਸੇਵਾਵਾਂ ਲਈ ਵੀ ਹੋਰ 16.4 ਮਿਲੀਅਨ ਡਾਲਰ ਦੇਵੇਗੀ, ਤਾਂ ਜੋ ਲੋਕਾਂ ਨੂੰ ਮਹਿੰਗਾਈ ਦੇ ਸਮੇਂ ਵਿੱਚ ਮਦਦ ਮਿਲ ਸਕੇ।