2025 ਵਿੱਚ ਆਸਟ੍ਰੇਲੀਆ ਭਰ ਵਿੱਚ ਵਾਪਰੀਆਂ ਬਹੁਤ ਭਿਆਨਕ ਮੌਸਮੀ ਘਟਨਾਵਾਂ ਕਾਰਣ ਬੀਮਾ ਕੰਪਨੀਆਂ ਨੂੰ ਲਗਭਗ 3.5 ਬਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪਿਆ। ਇਹ ਜਾਣਕਾਰੀ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ਦੇ ਦੌਰਾਨ ਕਰੀਬ 2 ਲੱਖ 64 ਹਜ਼ਾਰ ਬੀਮਾ ਦਾਅਵੇ ਦਰਜ ਕੀਤੇ ਗਏ। ਅਕਤੂਬਰ ਅਤੇ ਨਵੰਬਰ ਵਿੱਚ ਪੰਜ ਹਫ਼ਤਿਆਂ ਤੱਕ ਪਏ ਭਿਆਨਕ ਓਲਿਆਂ ਵਾਲੇ ਤੂਫ਼ਾਨਾਂ ਨਾਲ ਹੀ 1.4 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ।
ਪਿਛਲੇ ਸਾਲ ਪੰਜ ਬਹੁਤ ਭਿਆਨਕ ਮੌਸਮੀ ਘਟਨਾਵਾਂ ਨੂੰ ਗੰਭੀਰ ਜਾਂ ਤਬਾਹੀਵਾਲਾ ਐਲਾਨਿਆ ਗਿਆ। ਇਨ੍ਹਾਂ ਵਿੱਚ ਫਰਵਰੀ ਦੇ ਨੌਰਥ ਕੁਈਂਜ਼ਲੈਂਡ ਦੇ ਹੜ੍ਹ, ਮਾਰਚ ਵਿੱਚ ਆਇਆ ਐਕਸ-ਟਰੌਪੀਕਲ ਸਾਈਕਲੋਨ ਐਲਫ਼ਰਡ, ਮਈ ਦੇ ਮਿਡ ਨੌਰਥ ਕੋਸਟ ਦੇ ਹੜ੍ਹ ਅਤੇ ਅਕਤੂਬਰ-ਨਵੰਬਰ ਦੇ ਦੋ ਭਿਆਨਕ ਤੂਫ਼ਾਨ ਸ਼ਾਮਲ ਹਨ।
2025 ਦੀ ਸਭ ਤੋਂ ਵੱਡੀ ਤਬਾਹੀ ਐਕਸ-ਟਰੌਪੀਕਲ ਸਾਈਕਲੋਨ ਐਲਫ਼ਰਡ ਨਾਲ ਹੋਈ, ਜਿਸ ਨਾਲ 1.5 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਅਤੇ 1 ਲੱਖ 32 ਹਜ਼ਾਰ ਤੋਂ ਜ਼ਿਆਦਾ ਦਾਅਵੇ ਦਰਜ ਕੀਤੇ ਗਏ। ਅਕਤੂਬਰ ਦੇ ਅਖੀਰ ਤੋਂ ਨਵੰਬਰ ਦੀ ਸ਼ੁਰੂਆਤ ਤੱਕ ਦੱਖਣੀ-ਪੂਰਬੀ ਕੁਈਂਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਆਏ ਬਸੰਤ ਰੁੱਤੇ ਆਏ ਖਤਰਨਾਕ ਤੂਫ਼ਾਨਾਂ ਨਾਲ 601 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਨਵੰਬਰ ਦੇ ਅਖੀਰ ਵਿੱਚ ਹੋਏ ਹੋਰ ਤੂਫ਼ਾਨਾਂ ਅਤੇ ਓਲਿਆਂ ਕਾਰਨ ਦੋਨਾਂ ਰਾਜਾਂ ਵਿੱਚ 70,200 ਨਵੇਂ ਦਾਅਵੇ ਦਰਜ ਹੋਏ ਅਤੇ 814 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਦੋਨਾਂ ਘਟਨਾਵਾਂ ਮਿਲਾ ਕੇ ਕੁੱਲ ਨੁਕਸਾਨ 1.4 ਬਿਲੀਅਨ ਡਾਲਰ ਬਣਿਆ। ਇਸ ਤੋਂ ਇਲਾਵਾ ਪੱਛਮੀ ਕੁਈਂਜ਼ਲੈਂਡ ਵਿੱਚ ਹੜ੍ਹਾਂ, ਕੈਸਟਰਟੋਨ ਅਤੇ ਹਾਰਡਨ ਵਿੱਚ ਤੂਫ਼ਾਨ, ਅਤੇ ਹਾਲਜ਼ ਗੈਪ ਵਿੱਚ ਜੰਗਲਾਂ ਦੀਆਂ ਅੱਗਾਂ ਵਰਗੀਆਂ ਛੋਟੀਆਂ ਪਰ ਗੰਭੀਰ ਘਟਨਾਵਾਂ ਵੀ ਹੋਈਆਂ, ਜਿਨ੍ਹਾਂ ਨੂੰ ਇਨ੍ਹਾਂ ਅੰਕੜਿਆਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਹੋਰ ਦਾਅਵੇ ਹਾਲੇ ਵੀ ਆ ਸਕਦੇ ਹਨ ਜਿਸ ਨਾਲ 2025 ਵਿੱਚ ਖਤਰਨਾਕ ਮੌਸਮ ਕਾਰਣ ਹੋਇਆ ਨੁਕਸਾਨ ਹੋਰ ਵਧ ਸਕਦਾ ਹੈ।
2025 ਦੇ ਮਕਾਬਲੇ ਸਾਲ 2024 ਵਿੱਚ ਖਤਰਨਾਕ ਮੌਸਮੀ ਘਟਨਾਵਾਂ ਨਾਲ 581 ਮਿਲੀਅਨ ਡਾਲਰ ਅਤੇ 2023 ਵਿੱਚ 2.35 ਬਿਲੀਅਨ ਡਾਲਰ ਦਾ ਬੀਮਾ ਕੰਪਨੀਆਂ ਨੂੰ ਨੁਕਸਾਨ ਹੋਇਆ ਸੀ, ਜੋ ਦਿਖਾਉਂਦਾ ਹੈ ਕਿ ਹਰ ਸਾਲ ਮੌਸਮ ਕਿੰਨਾ ਖਤਰਨਾਕ ਹੋ ਸਕਦਾ ਹੈ। ਲੋਕਾਂ ਦੀ ਮਦਦ ਲਈ 2025 ਦੌਰਾਨ ਇੰਸ਼ੋਰੈਂਸ ਕੌਂਸਲ ਨੇ ਤਿੰਨ ਇੰਸ਼ੋਰੈਂਸ ਹੱਬ ਅਤੇ 13 ਕਮਿਊਨਿਟੀ ਮੀਟਿੰਗਾਂ ਦਾ ਪ੍ਰਬੰਧ ਕੀਤਾ।
2026 ਦੀ ਸ਼ੁਰੂਆਤ ਵਿੱਚ ਵੀ ਅਤਿ ਮੌਸਮੀ ਘਟਨਾਵਾਂ ਜਾਰੀ ਰਹੀਆਂ ਹਨ, ਜਿਵੇਂ ਵਿਕਟੋਰੀਆ ਵਿੱਚ ਜੰਗਲਾਂ ਦੀ ਅੱਗ ਅਤੇ ਨੌਰਥ ਕੁਈਂਜ਼ਲੈਂਡ ਵਿੱਚ ਮੌਨਸੂਨ ਦਾ ਮੀਂਹ।
ਬੀਮਾ ਕੰਪਨੀਆਂ ਕਹਿ ਰਹੀਆਂ ਹਨ ਕਿ ਉਹ ਦਾਅਵਿਆਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾ ਰਹੀਆਂ ਹਨ ਅਤੇ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ।