ਮਨੁੱਖ ਨੂੰ ਪੂਰੇ ਜਗਤ ਵਿਚੋਂ ਸਭ ਤੋਂ ਸਮਝਦਾਰ ਜੀਵ ਮੰਨਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਦੀ ਸਾਰੇ ਜੀਵਾਂ ਉੱਪਰ ਸਰਦਾਰੀ ਹੈ, ਮਨੁੱਖ ਕਿਸੇ ਵੀ ਹੋਰ ਜੀਵ ਨੂੰ ਆਪਣਾ ਗੁਲਾਮ ਬਣਾ ਸਕਦਾ ਹੈ। ਇਹ ਮਨੁੱਖੀ ਸਰੀਰ ਦੀ ਤਾਕਤ ਦੇ ਸਦਕਾ ਨਹੀਂ ਬਲਕਿ ਮਨੁੱਖੀ ਦਿਮਾਗ ਦੀ ਬਦੋਲਤ ਹੈ। ਕੁਦਰਤ ਵੱਲੋਂ ਮਨੁੱਖ ਨੂੰ ਅਜਿਹੀ ਸੋਝੀ ਦਿੱਤੀ ਗਈ ਹੈ ਕਿ ਇਹ ਚੰਗੇ, ਮਾੜੇ ਦਾ ਫ਼ਰਕ ਪਹਿਚਾਣ ਸਕਦਾ ਹੈ। ਇਸਨੂੰ ਲਾਭ ਹਾਨੀ ਦਾ ਫ਼ਰਕ ਪਤਾ ਹੈ, ਸ਼ਾਇਦ ਇਸੇ ਲਈ ਇਸਨੂੰ ਸਰਵਸ੍ਰੇਸ਼ਟ ਜੂਨ ਮੰਨਿਆ ਗਿਆ ਹੈ।
ਭਾਵੇਂ ਮਨੁੱਖ ਸਾਰੀਆਂ ਜੂਨਾਂ ਦਾ ਸਿਰਦਾਰ ਹੈ, ਪਰ ਫਿਰ ਵੀ ਮਨੁੱਖ ਅਤੇ ਇੱਕ ਸੱਭਿਅਕ ਮਨੁੱਖ ਵਿੱਚ ਬਹੁਤ ਅੰਤਰ ਹੈ। ਅੱਜ ਦੇ ਹਾਲਾਤ ਵੇਖ ਮਨੁੱਖ ਨੂੰ ਮਨੁੱਖ ਕਹਿਣ ਲੱਗਿਆ ਇੱਕ ਵਾਰ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਮਨੁੱਖ ਦੁਆਰਾ ਫੈਲਾਈ ਜਾ ਰਹੀ ਇਸ ਦਰਿੰਦਿਗੀ ਪਿੱਛੇ ਕੀ ਕਾਰਣ ਹੋਣਗੇ। ਮੈਂ ਗੱਲ ਕਰ ਰਹੀਂ ਹਾਂ ਦਿਨ ਪ੍ਤੀ ਦਿਨ ਵੱਧਦੀਆਂ ਹਿੰਸਕ ਘਟਨਾਵਾਂ ਦੀ। ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿੱਚ ਬਿਨਾਂ ਕਿਸੇ ਕਾਨੂੰਨ ਦੀ ਪਰਵਾਹ ਕੀਤਿਆਂ, ਬਿਨਾਂ ਕਿਸੇ ਸਜ਼ਾ ਦੇ ਡਰ ਤੋਂ ਲੋਕਾਂ ਦੁਆਰਾ ਆਮ ਹੀ ਕਿਸੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਮਾਰ ਕੁਟਾਈ ਕਰ ਦਿੱਤੀ ਜਾਂਦੀ ਹੈ । ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਨਾਮਵਾਰ ਹਸਤੀਆਂ ਤੋਂ ਲੈਕੇ ਆਮ ਲੋਕਾਂ ਦੀ ਦਿਨ ਦਿਹਾੜੇ ਹੁੰਦੀ ਕਤਲੋਗਾਰਤ ਨੇ ਲੋਕਾਂ ਦੇ ਦਿਲ ਦਹਿਲਾ ਦਿੱਤੇ ਹਨ ।
ਅਜਿਹੀਆਂ ਘਟਨਾਵਾਂ ਜਿੱਥੇ ਦੇਸ਼ ਦੀ ਨਿਆਂਪਾਲਿਕਾ ਉੱਤੇ ਸਵਾਲੀਆ ਚਿੰਨ੍ਹ ਲਾਉਦੀਆਂ ਹਨ, ਉੱਥੇ ਸਮਾਜ, ਪਰਿਵਾਰ, ਸਿੱਖਿਆ ਆਦਿ ਸਾਰੇ ਪ੍ਰਬੰਧਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾਉਂਦੀਆਂ ਹਨ । ਇੱਕ ਬੱਚੇ ਦੀ ਸਭ ਤੋਂ ਪਹਿਲੀ ਸੰਸਥਾ ਉਸਦਾ ਪਰਿਵਾਰ ਹੈ, ਜਿਥੋਂ ਉਹ ਸਮਾਜਿਕ ਕਦਰਾਂ ਕੀਮਤਾਂ ਸਿੱਖਦਾ, ਚੰਗੇ ਮਾੜੇ ਵਿਚਲੇ ਅੰਤਰ ਨੂੰ ਸਮਝਦਾ ਹੈ, ਪਰਿਵਾਰ ਤੋਂ ਬਾਅਦ ਦੂਸਰਾ ਅਦਾਰਾ ਸਿੱਖਿਆ ਸੰਸਥਾਵਾਂ ਆਉਂਦੀਆਂ ਹਨ, ਜਿੰਨਾ ਦੀ ਜਿੰਮੇਵਾਰੀ ਕੇਵਲ ਪੜਿਆ ਲਿਖਿਆ ਮਨੁੱਖ ਹੀ ਨਹੀਂ ਬਲਕਿ ਇੱਕ ਸੱਭਿਅਕ ਨਾਗਰਿਕ ਤਿਆਰ ਕਰਨਾ ਬਣਦੀ ਹੈ, ਤੀਸਰਾ ਸਥਾਨ ਸਮਾਜ ਦਾ ਹੈ, ਜਿਸ ਵਿੱਚ ਘਟ ਰਹੀਆਂ ਚੰਗੀਆਂ ਮਾੜੀਆਂ ਘਟਨਾਵਾਂ ਵਿਕਸਿਤ ਹੋ ਰਹੇ ਨਾਗਰਿਕ ਦੇ ਮਨ ਤੇ ਗਹਿਰਾ ਅਸਰ ਪਾਉਂਦੀਆਂ ਹਨ। ਜਿਵੇਂ ਦੀਆਂ ਘਟਨਾਵਾਂ, ਖਬਰਾਂ ਬਾਰੇ ਬਾਲਗ ਜਾਣਦਾ ਹੈ ਸਮਾਜ ਪ੍ਤੀ ਉਸੇ ਤਰ੍ਹਾਂ ਦਾ ਰਵੱਈਆ ਉਹ ਅਖ਼ਤਿਆਰ ਕਰ ਲੈਂਦਾ ਹੈ । ਇਹ ਸੀ ਇਹਨਾਂ ਤਿੰਨਾਂ ਸੰਸਥਾਵਾਂ ਦੀ ਭੂਮਿਕਾ ਪਰ ਹੁਣ ਗੱਲ ਕਰਦੇ ਹਾਂ ਕਿ ਅਸਲ ਵਿੱਚ ਵਾਪਰ ਕੀ ਰਿਹਾ ਹੈ, ਪਰਿਵਾਰਾਂ ਵਿੱਚ ਸ਼ੁਰੂ ਤੋਂ ਹੀ ਬੱਚੇ ਨੂੰ ਕੇਵਲ ਪੜਾਈ ਵਿਚੋਂ ਚੰਗੇ ਨੰਬਰ ਲੈ, ਵਧੀਆ ਨੌਕਰੀ ਜਾਂ ਉੱਚੇ ਅਹੁੱਦੇ, ਵੱਧ ਪੈਸੇ ਕੁਮਾਉਣ ਦੀ ਸਿੱਖਿਆ ਤੱਕ ਸੀਮਤ ਰੱਖਿਆ ਜਾਂਦਾ ਹੈ, ਅਜਿਹੇ ਮਾਪੇ ਬਹੁਤ ਘੱਟ ਹੋਣਗੇ ਜੋ ਬੱਚੇ ਦੀ ਸਖਸੀਅਤ ਉਸਾਰੀ ਲਈ ਸਮਾਂ ਕੱਢਦੇ ਹੋਣਗੇ। ਬੱਚੇ ਨੂੰ ਪਰਿਵਾਰਾਂ ਵਿੱਚ ਮਿਲਿਆ ਲੜਾਈ ਝਗੜੇ ਵਾਲਾ ਮਾਹੌਲ ਜਿੱਥੇ ਕਰੋਧ ਤੇ ਈਰਖਾ ਕਰਨਾ ਸਿਖਾਉਂਦਾ ਹੈ ਉਥੇ ਨਾਲ ਦੀ ਨਾਲ ਬੱਚੇ ਦੇ ਵਿਕਾਸ ਵਿੱਚ ਵੀ ਰੋੜਾ ਬਣ ਜਾਂਦਾ ਹੈ, ਜੇਕਰ ਗੱਲ ਸਿੱਖਿਆ ਅਦਾਰਿਆਂ ਦੀ ਕੀਤੀ ਜਾਵੇ ਤਾਂ ਅੱਜ ਨਾ ਤਾਂ ਸਕੂਲਾਂ, ਕਾਲਜਾਂ ਦੀ ਪ੍ਰਬੰਧਕ ਕਮੇਟੀ ਦੁਆਰਾ ਅਤੇ ਨਾ ਹੀ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਨਣ ਦੀ ਪੇ੍ਰਨਾ ਦਿੱਤੀ ਜਾਂਦੀ ਹੈ, ਸਿੱਖਿਆ ਅਦਾਰੇ ਕੇਵਲ ਕਿਤਾਬੀ ਗਿਆਨ ਮੁਹੱਈਆ ਕਰਵਾਉਣ ਤੱਕ ਸੀਮਤ ਹਨ। ਜਵਾਨ ਹੋ ਰਹੇ ਬੱਚਿਆਂ ਨੂੰ ਅਪਰਾਧਿਕ ਗਤੀਵਿਧੀਆਂ ਦੇ ਨਤੀਜਿਆਂ ਬਾਰੇ ਸਿੱਖਿਆ ਅਦਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ ਪਰ ਅਫਸੋਸ ਕਿ ਅੱਜ ਦੇ ਸਿੱਖਿਆ ਅਦਾਰੇ ਕੇਵਲ ਖਾਨਾਪੂਰਤੀ ਤੱਕ ਸੀਮਤ ਰਹਿ ਗਏ ਹਨ । ਇਸਤੋਂ ਉਪਰੰਤ ਸਮਾਜ ਦੀ ਗੱਲ ਕਰੀਏ ਤਾਂ ਸਾਰੇ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਲੀ,ਮਹੁੱਲੇ ,ਸਮਾਜ ਦਾ ਇੱਕ ਸੁਲਝਿਆ ਹੋਇਆ ਰੂਪ ਪੇਸ਼ ਕਰਨ। ਮੈਂ ਮੰਨਦੀ ਹਾਂ ਕਿ ਮਨੁੱਖੀ ਵਿਵਹਾਰ ਅਨੁਸਾਰ ਸਾਡੀਆਂ ਬਹੁਤੀਆਂ ਗੱਲਾਂ ਉੱਪਰ ਇੱਕ ਦੂਸਰੇ ਨਾਲ ਅਸਹਿਮਤੀਆਂ ਹੋ ਸਕਦੀਆਂ ਹਨ, ਪਰੰਤੂ ਜਰੂਰੀ ਨਹੀਂ ਕਿ ਹਰੇਕ ਗੱਲ ਦਾ ਹੱਲ ਮਾਰ ਤਾੜ ਜਾਂ ਖੂਨ ਖਰਾਬਾ ਹੈ। ਕਰੋਧ ਵਸ ਹੋ ਕਿਸੇ ਮਨੁੱਖ ਦੀ ਜਾਨ ਲੈ ਲੈਣੀ ਇਨਸਾਨੀਅਤ ਦਾ ਕੰਮ ਨਹੀਂ ਅਤੇ ਨਾ ਹੀ ਇਨਸਾਨਾਂ ਵਾਲੀ ਬਿਰਤੀ ਦਾ ਕੰਮ ਹੈ।
ਹੁਣ ਆਖਰੀ ਪੜਾਅ ਇਹ ਹੈ ਕਿ ਇਸਦਾ ਹੱਲ ਕੀ ਹੋਣਾ ਚਾਹੀਦਾ! ਸਭ ਤੋਂ ਪਹਿਲਾਂ ਮਾਣਯੋਗ ਨਿਆਂਪਾਲਿਕਾ ਨੂੰ ਸੱਚਮੁੱਚ ਆਪਣੇ ਕਰਤੱਵ ਨੂੰ ਪੂਰੀ ਤਰ੍ਹਾਂ ਨਿਭਾਉਂਣਾ ਚਾਹੀਦਾ ਹੈ, ਜੇਕਰ ਤੁਸੀਂ ਕਿਸੇ ਦੇ ਕਾਤਲ ਨੂੰ ਗਿ੍ਫ਼ਤਾਰ ਕਰ ਰਹੇ ਹੋ ਤਾਂ ਨਾਲ ਦੀ ਨਾਲ ਉਸਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਦ ਇੱਕ ਕਸੂਰਵਾਰ ਇਨਸਾਨ ਗਿ੍ਫ਼ਤਾਰ ਹੀ ਹੋ ਗਿਆ ਤਾਂ ਹੋਰ ਪੁੱਛ ਪੜਤਾਲਾਂ ਵਿੱਚ ਸਮਾਂ ਗਵਾਉਂਣ ਦਾ ਕੋਈ ਅਰਥ ਨਹੀਂ! ਇਹ ਕਿਸ ਤਰ੍ਹਾਂ ਦਾ ਕਾਨੂੰਨ ਹੈ ਜਿੱਥੇ ਆਪਣਾ ਕਸੂਰ ਮੰਨ ਚੁੱਕੇ ਹਤਿਆਰਿਆਂ ਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੋਵੇ। ਇਸ ਤੋਂ ਬਾਅਦ ਤਿੰਨ ਮੁੱਖ ਅਦਾਰੇ ਮਾਪੇ, ਸਕੂਲ ਅਤੇ ਸਮਾਜ ਆਪਣੀ ਜਿੰਮੇਵਾਰੀ ਸਮਝਣ ਮਾਪੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਮਾੜੇ ਦੀ ਨਤੀਜਿਆਂ ਬਾਰੇ ਦੱਸਣ ਅਤੇ ਉਹਨਾਂ ਦੇ ਵਿਵਹਾਰ ਨੂੰ ਵਾਚਦਿਆਂ ਉਨ੍ਹਾਂ ਦੀਆਂ ਆਦਤਾਂ ਅਤੇ ਬਹਿਣੀ ਦਾ ਧਿਆਨ ਰੱਖਣ, ਕਰੋਧ ਵਿੱਚ ਆ ਰਹੇ ਬੱਚੇ ਨੂੰ ਫੌਰੀ ਕਰੋਧ ਦੇ ਨੁਕਸਾਨਾਂ ਬਾਰੇ ਦੱਸਿਆ ਜਾਵੇ, ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਵਿੱਚ ਸਹਾਇਕ ਵੱਖ ਵੱਖ ਸੈਮੀਨਾਰਾਂ ਦਾ ਅਯੋਜਨ ਕੀਤਾ ਜਾਵੇ, ਕਾਨੂੰਨ ਬਾਰੇ ਜਾਣਕਾਰੀ ਦਿੱਤੀ ਜਾਵੇ, ਅਪਰਾਧਿਕ ਗਤੀਵਿਧੀਆਂ ਦੇ ਨੁਕਸਾਨ ਅਤੇ ਅੰਜਾਮ ਦੋਨਾਂ ਤੋਂ ਜਾਣੂ ਕਰਵਾਇਆ ਜਾਵੇ। ਸਮਾਜ ਦੇ ਸਾਰੇ ਨਾਗਰਿਕ ਕੋਸ਼ਿਸ਼ ਕਰਨ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਆਦਰਸ਼ ਸਮਾਜ ਸਿਰਜ ਕੇ ਜਾਣ ਤਾਂ ਜੋ ਆਉਣ ਵਾਲੀਆਂ ਪੀੜੀਆਂ ਏਸੇ ਪਿਰਤ ਨੂੰ ਅੱਗੇ ਤੋਰੀ ਰੱਖਣ ਅਤੇ ਇੱਕ ਸੱਭਿਅਕ ਸਮਾਜ ਦਾ ਨਿਰਮਾਣ ਹੋ ਸਕੇ।
ਕੋਈ ਵੀ ਬਦਲਾ ਕਿਸੇ ਦੀ ਜਾਨ ਤੋਂ ਉੱਪਰ ਜਾਂ ਜਰੂਰੀ ਨਹੀਂ ਹੋ ਸਕਦਾ। ਜੋ ਵੀ ਇਸ ਧਰਤੀ ਉੱਪਰ ਆਇਆ ਹੈ ਉਸਨੂੰ ਜੀਣ ਦਾ ਹੱਕ ਹੈ, ਆਓ ਸਾਰੇ ਰਲ ਮਿਲ ਕੇ ਇੱਕ ਸੋਹਣਾ ਤੇ ਸੁਲਝਿਆ ਹੋਇਆ ਸਮਾਜ ਸਿਰਜੀਏ, ਜਿੱਥੇ ਕੋਈ ਤੇਰ ਮੇਰ ਨਾ ਹੋਵੇ, ਜਿੱਥੇ ਕਿਸੇ ਵੀ ਤਰ੍ਹਾਂ ਦੀ ਈਰਖਾ ਬਾਜੀ ਨਾ ਹੋਵੇ, ਜਿੱਥੇ ਸਾਰੇ ਮਨੁੱਖ ਨੂੰ ਮਨੁੱਖ ਕਰ ਜਾਨਣ ਤੇ ਜਿੱਥੇ ਹਰ ਇੱਕ ਦੀ ਹੋਂਦ ਨੂੰ ਸਤਿਕਾਰਿਆ ਜਾਂਦਾ ਹੋਵੇ। ਆਓ ਅਜਿਹਾ ਸਮਾਜ ਸਿਰਜੀਏ ਜੋ ਆਉਣ ਵਾਲੀਆਂ ਪੀੜੀਆਂ ਲਈ ਅਰਾਮਦਾਇਕ ਹੋਵੇ, ਜੋ ਸਾਨੂੰ ਸਾਰਿਆਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਵਾਵੇ, ਜਿੱਥੇ ਅਪਣੱਤਾ ਦੇ ਪੈਂਦੇ ਛਿੱਟੇ ਤਪਦੇ ਹਿਰਦਿਆਂ ਨੂੰ ਵੀ ਠਾਰ ਦੇਣ।